ਜਲਦ ਖਤਮ ਹੋਵੇਗਾ 'ਸਿੱਧੂ ਵਿਵਾਦ', ਕੈਪਟਨ ਕਰਨਗੇ ਰਾਹੁਲ ਨਾਲ ਮੁਲਾਕਾਤ
Monday, Jun 24, 2019 - 11:14 AM (IST)

ਚੰਡੀਗੜ੍ਹ : ਆਪਣਾ ਵਿਭਾਗ ਬਦਲੇ ਜਾਣ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਦੇ ਐਪੀਸੋਡ ਜਲਦ ਹੀ ਖਤਮ ਹੋ ਜਾਵੇਗਾ ਕਿਉਂਕਿ ਇਸ ਹਫਤੇ ਕੈਪਟਨ ਵਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਕੈਪਟਨ ਨੇ ਇਸ ਹਫਤੇ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਕ ਕੇਂਦਰੀ ਮੰਤਰੀ ਨਾਲ ਵੀ ਮੁਲਾਕਾਤ ਕਰਨੀ ਹੈ, ਜਿਸ ਦੇ ਲਈ ਮੰਗਲਵਾਰ ਜਾਂ ਬੁੱਧਵਾਰ ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਕੋਲੋਂ ਸਮਾਂ ਮੰਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਕੈਪਟਨ ਦੇ ਸਾਹਮਣੇ ਸਿੱਧੂ ਦਾ ਪ੍ਰਸਤਾਵ ਰੱਖੇਗਾ। ਜੇਕਰ ਕੈਪਟਨ ਨੇ ਸਹਿਮਤੀ ਜਤਾਈ ਤਾਂ ਰਾਹੁਲ ਨਾਲ ਮੀਟਿੰਗ ਦੌਰਾਨ ਹੀ ਮੰਤਰੀ ਮੰਡਲ 'ਚ ਫੇਰਬਦਲ 'ਤੇ ਮੋਹਰ ਲੱਗ ਸਕਦੀ ਹੈ। ਕੈਪਟਨ ਖੁਦ ਹੁਣ ਇਸ ਵਿਵਾਦ ਦਾ ਖਾਤਮਾ ਚਾਹੁੰਦੇ ਹਨ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਦਿੱਲੀ 'ਚ ਹੀ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕੈਪਟਨ ਨੇ ਸਿੱਧੂ ਤੋਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਲੈ ਕੇ ਉਨ੍ਹਾਂ ਨੂੰ ਬਿਜਲੀ ਵਿਭਾਗ ਦੇ ਦਿੱਤਾ ਸੀ ਅਤੇ ਅਜੇ ਤੱਕ ਨਵਜੋਤ ਸਿੱਧੂ ਵਲੋਂ ਆਪਣਾ ਨਵਾਂ ਅਹੁਦਾ ਨਹੀਂ ਸੰਭਾਲਿਆ ਗਿਆ ਹੈ। ਕੈਪਟਨ ਦਾ ਕਹਿਣਾ ਹੈ ਕਿ ਸਿੱਧੂ ਦੇ ਵਿਭਾਗ ਵਲੋਂ ਕੰਮ ਨਾ ਕੀਤੇ ਜਾਣ ਕਾਰਨ ਸ਼ਹਿਰਾਂ 'ਚ ਪਾਰਟੀ ਦੀ ਹਾਰ ਹੋਈ ਹੈ।