ਲੁਧਿਆਣਾ ਪਹੁੰਚੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ-ਸਿਆਸੀ ਏਜੰਡੇ ਲਈ ਲੋਕਾਂ ’ਚ ਫੈਲਾਇਆ ਜਾ ਰਿਹਾ ਡਰ
Thursday, Dec 23, 2021 - 08:08 PM (IST)
ਲੁਧਿਆਣਾ (ਬਿਊਰੋ)-ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ’ਚ ਹੋਏ ਧਮਾਕੇ ’ਚ ਜ਼ਖ਼ਮੀ ਲੋਕਾਂ ਦਾ ਹਾਲ-ਚਾਲ ਜਾਣਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ’ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਇਸ ਮਗਰੋਂ ਸਿੱਧੂ ਨੇ ਕਿਹਾ ਕਿ ਮੈਨੂੰ ਇਸ ਘਟਨਾ ’ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਸਿਆਸੀ ਏਜੰਡੇ ਲਈ ਲੋਕਾਂ ’ਚ ਡਰ ਫੈਲਾਇਆ ਜਾ ਰਿਹਾ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਨਾਕਾਰਾਤਮਕ ਸਿਆਸਤ ਦੀ ਉਦਾਹਰਣ ਹੈ ਕਿ ਬੇਕਸੂਰ ਲੋਕਾਂ ਦੀਆਂ ਜਾਨਾਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੋਟਾਂ ਖਾਤਿਰ ਇਹ ਸਭ ਕੀਤਾ ਜਾ ਰਿਹਾ ਹੈ, ਜਦਕਿ ਪੌਣੇ ਪੰਜ ਸਾਲ ਪੰਜਾਬ ’ਚ ਸਭ ਕੁਝ ਠੀਕ-ਠਾਕ ਰਿਹਾ। ਇਹੋ ਜਿਹੇ ਹਾਲਾਤ ਪੱਛਮੀ ਬੰਗਾਲ ’ਚ ਵੋਟਾਂ ਤੋਂ ਪਹਿਲਾਂ ਬਣਾਏ ਗਏ ਸਨ। ਇਸ ਦੌਰਾਨ ਚੋਣਾਂ ’ਚ ਜਦੋਂ ਇਕ-ਦੋ ਮਹੀਨੇ ਰਹਿ ਗਏ ਹਨ ਤਾਂ ਇਕਦਮ ਲੜੀਵਾਰ ਘਟਨਾਵਾਂ ਵਾਪਰ ਰਹੀਆਂ ਹਨ, ਕਦੇ ਬੇਅਦਬੀ ਦੀਆਂ ਘਟਨਾਵਾਂ ਤੇ ਹੁਣ ਇਹ ਬਹੁਤ ਵੱਡਾ ਅਪਰਾਧ ਵਾਪਰ ਗਿਆ।
ਇਹ ਵੀ ਪੜ੍ਹੋ : ਬੇਅਦਬੀ ਮਾਮਲਿਆਂ 'ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ, ਕਾਰਵਾਈ ਨਾ ਹੋਣ ਦੇ ਰੋਸ ਵਜੋਂ 2 ਜਨਵਰੀ ਨੂੰ ਹੋਵੇਗਾ ਪੰਥਕ ਇਕੱਠ
ਉਨ੍ਹਾਂ ਕਿਹਾ ਕਿ ਇਹ ਕਿਸ ਨਾਲ ਲੜਾਈ ਲੜੀ ਜਾ ਰਹੀ ਹੈ, ਜਿਸ ’ਚ ਬੇਕਸੂਰ ਲੋਕਾਂ ਦੀ ਜਾਨ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਸ ਲੜਾਈ ’ਚ ਰਾਜੇ ਦੀ ਜਾਨ ਨੂੰ ਖਤਰਾ ਨਾ ਹੋਵੇ, ਉਹ ਲੜਾਈ ਨਹੀਂ ਸਗੋਂ ਸਿਆਸਤ ਹੈ। ਅਸੀਂ ਪੰਜਾਬ ਦੇ ਲੋਕ ਗੁਰੂਆਂ ਦੇ ਵਿਰਸੇ ਨੂੰ ਆਪਣਾ ਮੰਨਦੇ ਹਾਂ ਤੇ ਉਹੀ ਸਾਡਾ ਚਾਨਣ-ਮੁਨਾਰਾ ਹੈ। ਉਸ ਵਿਚਾਰਧਾਰਾ ਨਾਲ ਜੁੜ ਕੇ ਕੋਈ ਵੰਡਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਅਖੰਡ ਭਾਰਤ ਹੈ ਤੇ ਇਹ ਅਖੰਡ ਪੰਜਾਬ ਹੈ। ਸਿੱਧੂ ਨੇ ਕਿਹਾ ਕਿ ਕੋਈ ਵੀ ਜਾਤ-ਪਾਤ ਦੇ ਨਾਂ ’ਤੇ ਵੰਡੀਆਂ ਨਹੀਂ ਪਾ ਸਕਦਾ ਤੇ ਵੋਟਾਂ ਦੇ ਨਾਂ ’ਤੇ ਡਰ ਨਹੀਂ ਪੈਦਾ ਕਰ ਸਕਦਾ। ਉਨ੍ਹਾਂ ਕਿਹਾ ਕਿ ਤੁਸੀਂ ਆਪਣੀ ਸੌੜੀ ਸੋਚ ਨਾਲ ਕਿਸੇ ਪੰਜਾਬੀ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਇਸ ਤਰ੍ਹਾਂ ਪਹਿਲਾਂ ਵੀ ਹੁੰਦਾ ਰਿਹਾ ਹੈ ਤੇ ਗੁਰੂਆਂ ਦੀ ਵਿਚਾਰਧਾਰਾ ਨੇ ਲੋਕਾਂ ਦੇ ਮਨਾਂ ’ਚ ਅਲਖ ਜਗਾਈ ਹੈ। ਲੋਕਾਂ ਦੇ ਮਨਾਂ ’ਚ ਉਹ ਲੜਾਈ ਲੜੀ ਗਈ ਹੈ ਤੇ ਪੰਜਾਬ ਨੇ ਸਦਾ ਇਸ ਤਰ੍ਹਾਂ ਦੀ ਕੋਝੀ ਹਰਕਤ ’ਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਉਹ ਜਿੱਤ ਏਕਤਾ ਵਿਚ ਹੈ। ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਬੇਕਸੂਰ ਲੋਕਾਂ ਨਾਲ ਗੰਦੀ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਸਿਆਸਤ ’ਚ ਮਨੁੱਖੀ ਕਦਰਾਂ-ਕੀਮਤਾਂ ਦਾ ਕੋਈ ਮੁੱਲ ਨਾ ਹੋਵੇ, ਉਸ ਨੂੰ ਦਰਿੰਦਗੀ ਕਿਹਾ ਜਾ ਸਕਦਾ ਹੈ। ਸਿੱਧੂ ਨੇ ਕਿਹਾ ਕਿ ਇਹ ਭਾਈਚਾਰਕ ਸਾਂਝ ’ਤੇ ਵੱਡਾ ਹਮਲਾ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਡਰਾ ਕੇ ਵੋਟਾਂ ਲੈਣ ਵਾਲੀਆਂ ਏਜੰਸੀਆਂ ਦਾ ਜਲਦ ਹੋਵੇਗਾ ਖ਼ੁਲਾਸਾ : CM ਚੰਨੀ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ