ਦੇਸ਼ ਭਗਤੀ ਦੇ ਮੁੱਦੇ 'ਤੇ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਨੇ ਘੇਰਿਆ 'ਕੈਪਟਨ', ਦਿੱਤੀ ਇਹ ਚਿਤਾਵਨੀ
Saturday, Sep 25, 2021 - 06:14 PM (IST)
ਚੰਡੀਗੜ੍ਹ (ਬਿਊਰੋ) - ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਅਤੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਉਣ ਮਗਰੋਂ ਪੰਜਾਬ ਕਾਂਗਰਸ ਵਿੱਚ ਕਈ ਤਰ੍ਹਾਂ ਦੇ ਮਤਭੇਦ ਵੇਖਣ ਨੂੰ ਮਿਲ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਦੂਰੀਆਂ ਪਹਿਲਾਂ ਨਾਲੋਂ ਵੀ ਵੱਧ ਗਈਆਂ ਹਨ। ਕੈਪਟਨ, ਸਿੱਧੂ ’ਤੇ ਕਈ ਤਰ੍ਹਾਂ ਦੇ ਸ਼ਬਦੀ ਵਾਰ ਕਰ ਰਹੇ ਹਨ, ਜਿਸਦੇ ਜੁਆਬ ਵਿੱਚ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰਦੇ ਹੋਏ ਸਾਬਕਾ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਿਆ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ
ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕੈਪਟਨ ਨੂੰ ਲੈ ਕੇ ਟਵੀਟ ਸਾਂਝਾ ਕਰਦੇ ਹੋਏ ਕਿਹਾ ਕਿ ‘ਤੁਹਾਡਾ ਰਾਸ਼ਟਰਵਾਦ ਕਿਹੋ ਜਿਹਾ ਹੈ, ਤੁਸੀਂ ਇੱਕ ਦੇਸ਼ ਭਗਤ ਪਰਿਵਾਰ ਦੇ ਬੇਟੇ ਨੂੰ ਪਾਕਿਸਤਾਨ ਨਾਲ ਜੋੜ ਰਹੇ ਹੋ, ਜਦੋਂ ਕਿ ਤੁਹਾਡੇ ਪਾਕਿਸਤਾਨੀ ਦੋਸਤ ਸਾਡੀ ਸਰਕਾਰੀ ਰਿਹਾਇਸ਼ਾਂ ਵਿੱਚ ਸ਼ਾਨਦਾਰ ਤਰੀਕੇ ਨਾਲ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ‘ਅਜਿਹਾ ਨਹੀਂ ਹੋਣਾ ਚਾਹੀਦਾ ਕਿ ਲੋਕ ਤੁਹਾਡੀ ਦੇਸ਼ ਭਗਤੀ ‘ਤੇ ਹੀ ਸਵਾਲ ਉਠਾਉਣ ਲੱਗ ਪੈਣ।’ ਟਵੀਟ ’ਚ ਉਨ੍ਹਾਂ ਨੇ ਕਿਹਾ ਕਿ ‘ ਯਾਦ ਰੱਖੋ ਕਿ ਅਸੀਂ ਵੀ ਸੈਨਿਕਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਤੋਂ ਆਉਂਦੇ ਹਾਂ। ਭਾਰਤ ਮਾਤਾ ਦੀ ਜੈ ਹੋ।’
ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ‘ਤੇ ਪਾਕਿਸਤਾਨ ਨਾਲ ਗਠਜੋੜ ਕਰਨ ਦਾ ਦੋਸ਼ ਲਾਇਆ ਗਿਆ ਸੀ। ਕੈਪਟਨ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ ਤਾਂ ਉਹ ਇਸ ਦਾ ਵਿਰੋਧ ਕਰਨਗੇ। ਕੈਪਟਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਉਹ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਦੇ ਵਿਰੁੱਧ ਇੱਕ ਮਜ਼ਬੂਤ ਵਿਅਕਤੀ ਨੂੰ ਮੈਦਾਨ ਵਿੱਚ ਉਤਾਰਨਗੇ। ਕੈਪਟਨ ਦੇ ਇਸ ਬਿਆਨ ਤੋਂ ਬਾਅਦ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ। ਸ਼ੱਕ ਹੈ ਕਿ ਉਨ੍ਹਾਂ ਨੇ ਸਿੱਧੂ ਦੇ ਖ਼ਿਲਾਫ਼ ਮਜ਼ਬੂਤ ਉਮੀਦਵਾਰ ਖੜ੍ਹੇ ਕਰਨ ਦੀ ਗੱਲ ਕਹੀ ਹੈ। ਕੈਪਟਨ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਉਨ੍ਹਾਂ ਦੇ ਬੱਚਿਆਂ ਵਰਗੇ ਹਨ, ਉਨ੍ਹਾਂ ਨੂੰ ਮੇਰੇ ਨਾਲ ਅਜਿਹਾ ਸਲੂਕ ਨਹੀਂ ਕਰਨਾ ਚਾਹੀਦਾ ਸੀ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਇਸ ਹਰਕਤ ਨਾਲ ਉਨ੍ਹਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ ਬੱਚਿਆਂ ਨੂੰ ਜ਼ਿਆਦਾ ਤਜ਼ਰਬਾ ਨਹੀਂ ਹੈ ਅਤੇ ਉਨ੍ਹਾਂ ਦੇ ਸਲਾਹਕਾਰ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ