ਕਾਂਗਰਸ ਪ੍ਰਧਾਨ ਖੜਗੇ ਦੇ ਪ੍ਰੋਗਰਾਮ ’ਚ ਨਹੀਂ ਪਹੁੰਚੇ ਨਵਜੋਤ ਸਿੱਧੂ
Sunday, Feb 11, 2024 - 06:39 PM (IST)
ਸਮਰਾਲਾ : ਨਵਜੋਤ ਸਿੰਘ ਸਿੱਧੂ ਅੱਜ ਸਮਰਾਲਾ ’ਚ ਹੋਈ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ ਦੀ ਰੈਲੀ ਵਿਚ ਵੀ ਸ਼ਾਮਲ ਨਹੀਂ ਹੋਏ। ਨਵਜੋਤ ਸਿੱਧੂ ਨੂੰ ਛੱਡ ਕੇ ਕਾਂਗਰਸ ਪ੍ਰਧਾਨ ਦੀ ਰੈਲੀ ਵਿਚ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਹਾਲਾਂਕਿ ਸਿੱਧੂ ਨੇ ਰੈਲੀ ਤੋਂ ਪਹਿਲਾਂ ਨਰਮ ਰੁਖ ਅਖ਼ਤਿਆਰ ਕਰਦਿਆਂ ਇਕ ਵੀਡੀਓ ਜ਼ਰੂਰ ਸਾਂਝੀ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ‘ਦੋਸਤ ਅਹਿਬਾਬ ਨੇ ਹਰ ਸਲੂਕ ਮੇਰੀ ਉਮੀਦ ਕੇ ਖ਼ਿਲਾਫ਼ ਕੀਯਾ, ਅਬ ਮੈਂ ਇੰਤਕਾਮ ਲੇਤਾ ਹੂੰ, ਜਾਓ ਤੁਮਹੇ ਮੁਆਫ਼ ਕੀਯਾ।’ਇਸ ਤੋਂ ਪਹਿਲਾਂ ਸਿੱਧੂ ਨੇ ਇਹ ਵੀ ਆਖਿਆ ਸੀ ਕਿ ਜੇਕਰ ਉਨ੍ਹਾਂ ਨੂੰ ਸੱਦਾ ਆਉਂਦਾ ਹੈ ਤਾਂ ਉਹ ਰੈਲੀ ਵਿਚ ਜ਼ਰੂਰ ਜਾਣਗੇ। ਇਸ ਤੋਂ ਪਹਿਲਾਂ ਵੀ ਸਿੱਧੂ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਦੀ ਪ੍ਰਧਾਨਗੀ ਹੇਠ ਹੋਈਆਂ ਮੀਟਿੰਗਾਂ ਵਿਚ ਵੀ ਨਾਦਾਰਦ ਰਹੇ ਸਨ। ਇਸ ਦੇ ਉਲਟ ਕਿਆਸ ਲਗਾਏ ਜਾ ਰਹੇ ਸਨ ਕਿ ਕੌਮੀ ਪ੍ਰਧਾਨ ਦੀ ਇਸ ਪਹਿਲੀ ਵਰਕਿੰਗ ਮੀਟਿੰਗ ਵਿਚ ਸਿੱਧੂ ਜ਼ਰੂਰ ਪਹੁੰਚਣਗੇ, ਜਿਸ ਲਈ ਬਕਾਇਦਾ ਉਨ੍ਹਾਂ ਦੇ ਨਾਂ ਵਾਲੀ ਕੁਰਸੀ ਵੀ ਸਟੇਜ ’ਤੇ ਲਗਾਈ ਗਈ ਪਰ ਜਦੋਂ ਸਿੱਧੂ ਇਸ ਰੈਲੀ ਵਿਚ ਨਹੀਂ ਪਹੁੰਚੇ ਤਾਂ ਉਥੇ ਕੋਈ ਹੋਰ ਆਗੂ ਬੈਠ ਗਿਆ।
ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਪੰਜਾਬੀਆਂ ਨੂੰ ਇਕ ਹੋਰ ਸੌਗਾਤ, ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਹੋਇਆ ਸ਼ੁਰੂ
ਲਗਾਤਾਰ ਤਲਖ ਟਿੱਪਣੀਆਂ ਕਰ ਰਹੇ ਸੀ ਸਿੱਧੂ
ਇਸ ਤੋਂ ਪਹਿਲਾਂ ਨਵਜੋਤ ਸਿੱਧੂ ਲਗਾਤਾਰ ਸਖ਼ਤ ਰੁਖ ਅਪਣਾਈ ਬੈਠੇ ਸਨ। ਜਗ ਬਾਣੀ ਨਾਲ ਕੀਤੇ ਇੰਟਰਵਿਊ ਵਿਚ ਸਿੱਧੂ ਨੇ ਇਥੋਂ ਤਕ ਆਖ ਦਿੱਤਾ ਸੀ ਕਿ ਕਿਸੇ ਟੁੱਚੂ ਬੰਦੇ ਦੇ ਕਹਿਣ ’ਤੇ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਬਾਹਰ ਨਹੀਂ ਕੱਢ ਸਕਦੀ ਹੈ। ਉਨ੍ਹਾਂ ਪਾਰਟੀ ਪ੍ਰਧਾਨ ਦਾ ਨਾਂ ਲਏ ਬਿਨਾਂ ਕਈ ਨਿਸ਼ਾਨੇ ਸਾਧੇ। ਸਿੱਧੂ ਨੇ ਕਿਹਾ ਕਿ ਇਹ ਡਰਾ ਕਿਸ ਨੂੰ ਰਹੇ ਹਨ, ਮੇਰਾ ਗੁਨਾਹ ਕੀ ਹੈ। ਮੈਂ ਕਿੱਥੇ ਅਨੁਸ਼ਾਸਨ ਭੰਗ ਕੀਤਾ ਹੈ। ਉਨ੍ਹਾਂ ਸਵਾਲ ਖੜ੍ਹਾ ਕੀਤਾ ਸੀ ਕਿ ਇਕੱਠ ਕਰਨ ਵਾਲਿਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ ਕੀ ਇਹ ਅਨੁਸ਼ਾਸਨਹੀਣਤਾ ਨਹੀਂ ਹੈ? ਕਿਸੇ ਵੱਲੋਂ ਆਪਣਾ ਗਰੁੱਪ ਬਣਾਉਣਾ ਕੀ ਇਹ ਅਨੁਸ਼ਾਸਨਹੀਣਤਾ ਨਹੀਂ? ਮੈਂ ਅੱਜ ਤੱਕ ਕਿਸੇ ਵਰਕਰ ਖ਼ਿਲਾਫ਼ ਨਹੀਂ ਬੋਲਿਆ। ਜੇ ਮੈਂ ਨਹੀਂ ਬੋਲਿਆ ਤਾਂ ਜਿਹੜੇ ਪਹਿਲ ਕਰਦੇ ਹਨ, ਉਹ ਵੇਖਣ। ਅਨੁਸ਼ਾਸਨ ਜਿਹੜੇ ਭੰਗ ਕਰਦੇ ਹਨ, ਕੀ ਉਨ੍ਹਾਂ ਲਈ ਅਨੁਸ਼ਾਸਨ ਠੀਕ ਹੈ ? ਜਦੋਂ ਮੈਂ ਪ੍ਰਧਾਨ ਸੀ ਤਾਂ ਮੈਂ ਕਿਸੇ ਨੂੰ ਵੀ ਪਾਰਟੀ ਵਿਚੋਂ ਬਾਹਰ ਨਹੀਂ ਸੀ ਕੱਢਿਆ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਤਿਆਰੀ ’ਚ ਭਾਜਪਾ, ਅਕਾਲੀ ਦਲ ਨਾਲ ਗੱਠਜੋੜ ਨੂੰ ਲੈ ਕੇ ਵੱਡੀ ਖ਼ਬਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8