ਸਿੱਧੂ ਵਿਵਾਦ ਦੇ ਨਬੇੜੇ ਲਈ ਦਿੱਲੀ ਦਰਬਾਰ ਪਹੁੰਚੇ ਕੈਪਟਨ, ਜਲਦ ਆ ਸਕਦੈ ਵੱਡਾ ਫੈਸਲਾ

Saturday, Jun 29, 2019 - 07:01 PM (IST)

ਸਿੱਧੂ ਵਿਵਾਦ ਦੇ ਨਬੇੜੇ ਲਈ ਦਿੱਲੀ ਦਰਬਾਰ ਪਹੁੰਚੇ ਕੈਪਟਨ, ਜਲਦ ਆ ਸਕਦੈ ਵੱਡਾ ਫੈਸਲਾ

ਨਵੀਂ ਦਿੱਲੀ/ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੱਧੂ ਨਾਲ ਚੱਲ ਰਹੇ ਵਿਵਾਦ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਦਰਬਾਰ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਨੇ ਇਸ ਮਸਲੇ 'ਤੇ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨਾਲ ਗੱਲਬਾਤ ਵੀ ਕੀਤੀ ਹੈ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਬਹੁਤ ਜਲਦ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦਾ ਵਿਭਾਗ ਬਦਲੇ ਜਾਣ 'ਤੇ ਆਪਣਾ ਪੱਖ ਰੱਖਦੇ ਹੋਏ ਆਪਣੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਪਣੇ ਫੈਸਲੇ 'ਤੇ ਕਾਇਮ ਰਹਿੰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਨਵਾਂ ਮਹਿਕਮਾ ਸੰਭਾਲ ਸਕਦੇ ਹਨ। 

ਹੁਣ ਜਦੋਂ ਮੁੱਖ ਮੰਤਰੀ ਨੇ ਅਹਿਮਦ ਪਟੇਲ ਕੋਲ ਆਪਣਾ ਪੱਖ ਰੱਖ ਦਿੱਤਾ ਹੈ ਤਾਂ ਹੁਣ ਪਟੇਲ ਨਵਜੋਤ ਸਿੱਧੂ ਨਾਲ ਗੱਲਬਾਤ ਕਰਕੇ ਇਸ ਸਾਰੇ ਮਾਮਲੇ ਦੀ ਰਿਪੋਰਟ ਰਾਹੁਲ ਗਾਂਧੀ ਨੂੰ ਸੌਂਪਣਗੇ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਨਵਜੋਤ ਸਿੱਧੂ ਆਪਣਾ ਵਿਭਾਗ ਨਹੀਂ ਸੰਭਾਲਦੇ ਹਨ ਤਾਂ ਉਨ੍ਹਾਂ ਨੂੰ ਮੰਤਰੀ ਪਦ ਛੱਡਣਾ ਵੀ ਪੈ ਸਕਦਾ ਹੈ। 

ਕਾਂਗਰਸ ਹਾਈ ਕਮਾਨ ਵਲੋਂ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਹੇ ਵਿਵਾਦ ਦੇ ਹੱਲ ਲਈ ਬਕਾਇਦਾ ਸੀਨੀਅਰ ਆਗੂ ਅਹਿਮਦ ਪਟੇਲ ਦੀ ਡਿਊਟੀ ਵੀ ਲਗਾਈ ਗਈ ਸੀ। ਹੁਣ ਜਦੋਂ ਮੁੱਖ ਮੰਤਰੀ ਨੇ ਖੁਦ ਅਹਿਮਦ ਪਟੇਲ ਨਾਲ ਮੁਲਾਕਾਤ ਕਰਕੇ ਇਸ ਸਾਰੇ ਮਾਮਲੇ ਤੋਂ ਜਾਣੂੰ ਕਰਵਾਇਆ ਗਿਆ ਤਾਂ ਸੰਭਵ ਹੈ ਕਿ ਬਹੁਤ ਜਲਦੀ ਕਾਂਗਰਸ ਸਿੱਧੂ ਮਾਮਲੇ 'ਤੇ ਕੋਈ ਵੱਡਾ ਫੈਸਲਾ ਲੈ ਸਕਦੀ ਹੈ। 

ਦੱਸਣਯੋਗ ਹੈ ਕਿ ਮਹਿਕਮਾ ਬਦਲੇ ਜਾਣ ਤੋਂ ਬਾਅਦ ਨਾਰਾਜ਼ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਲੈ ਕੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਮਿਲੇ ਸਨ ਅਤੇ ਇਸ ਮੁਲਾਕਾਤ ਤੋਂ ਬਾਅਦ ਸਿੱਧੂ ਲਗਾਤਾਰ ਸਰਗਰਮ ਸਿਆਸਤ ਤੋਂ ਦੂਰ ਹਨ। ਇਸ ਦਰਮਿਆਨ ਸਿੱਧੂ ਮੁੜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦਿੱਲੀ ਪਹੁੰਚੇ ਸਨ ਪਰ ਸੂਤਰਾਂ ਮੁਤਾਬਕ ਰਾਹੁਲ ਵਲੋਂ ਸਮਾਂ ਨਾ ਦਿੱਤੇ ਜਾਣ ਕਾਰਨ ਸਿੱਧੂ ਨੂੰ ਬੇਰੰਗ ਪਰਤਣਾ ਪਿਆ ਸੀ।


author

Gurminder Singh

Content Editor

Related News