ਕੈਪਟਨ ਦੇ ਫੈਸਲੇ ਤੋਂ ਪਹਿਲਾਂ ਦਿੱਲੀ ਦਰਬਾਰ ਪਹੁੰਚੇ ਸਿੱਧੂ

07/18/2019 7:33:35 PM

ਜਲੰਧਰ (ਬਿਊਰੋ)— ਪੰਜਾਬ ਸਰਕਾਰ ਦੀ ਵਜ਼ਾਰਤ 'ਚੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਯਾਨੀ ਵੀਰਵਾਰ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਦਿੱਲੀ ਦਰਬਾਰ ਪਹੁੰਚ ਗਏ ਹਨ। ਇਕ ਪਾਸੇ ਜਿੱਥੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਦੇ ਅਸਤੀਫੇ 'ਤੇ ਅੱਜ ਕੋਈ ਫੈਸਲਾ ਲੈ ਸਕਦੇ ਹਨ, ਉਥੇ ਹੀ ਸਿੱਧੂ ਦਾ ਦਿੱਲੀ ਦੌਰਾ ਅਹਿਮ ਸਾਬਤ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਵਿਖੇ ਹਾਈਕਮਾਂਡ ਨਾਲ ਮੁਲਾਕਾਤ ਕਰ ਸਕਦੇ ਹਨ। ਜਿੱਥੋਂ ਤੱਕ ਅਸਤੀਫੇ ਦੀ ਗੱਲ ਹੈ, ਉਸ ਨੂੰ ਲੈ ਕੇ ਦੋਵੇਂ ਧਿਰ (ਕੈਪਟਨ ਅਤੇ ਸਿੱਧੂ) ਦਿੱਲੀ ਦਰਬਾਰ ਦੇ ਗੇੜੇ ਲਗਾ ਚੁੱਕੇ ਹਨ ਪਰ ਦੋਹਾਂ ਨੂੰ ਪਾਰਟੀ ਦੇ ਪ੍ਰਮੁੱਖ ਨੇਤਾ ਨਾਲ ਮੁਲਾਕਾਤ ਕਰਨ ਦਾ ਮੌਕਾ ਨਹੀਂ ਮਿਲ ਸਕਿਆ ਹੈ।

ਨਵਜੋਤ ਸਿੱਧੂ ਦੀ ਕਾਂਗਰਸ 'ਚ ਐਂਟਰੀ ਕਰਵਾਉਣ ਵਾਲੇ ਰਾਹੁਲ ਗਾਂਧੀ ਫਿਲਹਾਲ ਖੁਦ ਸਿਆਸੀ ਪਚੜੇ 'ਚ ਫਸੇ ਹੋਏ ਹਨ। ਲੋਕ ਸਭਾ ਚੋਣਾਂ 'ਚ ਹਾਰ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਪਾਰਟੀ ਦੇ ਹਾਲਾਤ ਦੇਖ ਕੇ ਅਸਤੀਫਾ ਦੇ ਚੁੱਕੇ ਹਨ। ਦੇਸ਼ ਭਰ ਦੇ ਕਾਂਗਰਸ ਨੇਤਾ ਜਿੱਥੇ ਉਨ੍ਹਾਂ ਨੂੰ ਮਨਾਉਣ 'ਚ ਲੱਗੇ ਹਨ, ਉਥੇ ਹੀ ਸਿੱਧੂ ਦਾ ਮਾਮਲਾ ਖਟਾਈ 'ਚ ਪੈ ਗਿਆ ਹੈ। ਸਿਆਸਤ ਦੇ ਮਾਹਰਾਂ ਅਨੁਸਾਰ ਸਿੱਧੂ ਨੂੰ ਗਾਂਧੀ ਪਰਿਵਾਰ ਦਾ ਹੀ ਸਹਾਰਾ ਸੀ ਅਤੇ ਹੁਣ ਰਾਹੁਲ ਗਾਂਧੀ ਦੇ ਸਿਆਸੀ ਭਵਿੱਖ ਦੇ ਡਗਮਗਾਉਣ ਨਾਲ ਸਿੱਧੂ ਦੀ ਸਿਆਸੀ ਬਲੀ ਚੜ੍ਹਦੀ ਹੋਈ ਨਜ਼ਰ ਆ ਰਹੀ ਹੈ। 

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬੀਤੇ ਦਿਨੀਂ ਦਿੱਲੀ ਦੇ ਦੌਰੇ 'ਤੇ ਸਨ, ਜਿੱਥੋਂ ਉਹ ਬੁੱਧਵਾਰ ਦੇਰ ਸ਼ਾਮ ਚੰਡੀਗੜ੍ਹ ਵਾਪਸ ਪਰਤੇ ਸਨ। ਦੇਰੀ ਨਾਲ ਪਹੁੰਚਣ ਦੇ ਕਾਰਨ ਸਿੱਧੂ ਦੇ ਅਸਤੀਫੇ 'ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਸੀ ਅਤੇ ਅੱਜ ਕਿਆਸ ਲਗਾਏ ਜਾ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ 'ਤੇ ਮੁੱਖ ਮੰਤਰੀ ਫੈਸਲਾ ਲੈ ਸਕਦੇ ਹਨ। ਦੱਸ ਦੇਈਏ ਕਿ ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ ਸੀ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ਜ਼ਰੀਏ ਦਿੱਤੀ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਆਪਣਾ ਅਸਤੀਫਾ 10 ਜੂਨ ਨੂੰ ਰਾਹੁਲ ਗਾਂਧੀ ਨੂੰ ਦੇ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜ ਦਿੱਤਾ ਸੀ।


shivani attri

Content Editor

Related News