ਕਾਦੀਆਂ ਪਹੁੰਚੇ ਨਵਜੋਤ ਸਿੱਧੂ ਦਾ ਕੇਜਰੀਵਾਲ 'ਤੇ ਨਿਸ਼ਾਨਾ, ਖੜ੍ਹੇ ਕੀਤੇ ਵੱਡੇ ਸਵਾਲ
Thursday, Dec 02, 2021 - 05:20 PM (IST)
ਕਾਦੀਆਂ (ਬਿਊਰੋ)-ਕਾਦੀਆਂ ਵਿਖੇ ਕਾਂਗਰਸ ਦੀ ਰੈਲੀ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕੇਜਰੀਵਾਲ ’ਤੇ ਨਿਸ਼ਾਨੇ ਲਾਏ । ਸਿੱਧੂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਆ ਕੇ ਛੁਰਲੀਆਂ ਛੱਡ ਰਿਹਾ ਹੈ। ਉਹ ਝੂਠ ਦੀ ਬੁਨਿਆਦ ’ਤੇ ਹਵਾ ਬਣਾ ਰਿਹਾ ਹੈ, ਜਦਕਿ ਦਿੱਲੀ ਦੀ ਹਵਾ ਖਰਾਬ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਅਤੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ 'ਚ ਕਾਹਨੂੰਵਾਨ ਦਾਣਾ ਮੰਡੀ 'ਚ ਕੀਤੀ ਜਾ ਰਹੀ ਵਿਸ਼ਾਲ ਰੈਲੀ ’ਚ ਪਹੁੰਚੇ ਸਨ | ਉਨ੍ਹਾਂ ਕੇਜਰੀਵਾਲ ’ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਸਰਕਾਰ ਸਮੇਂ ਦਿੱਲੀ ’ਚ 6 ਹਜ਼ਾਰ ਸੀ. ਐੱਨ. ਜੀ. ਦੀਆਂ ਬੱਸਾਂ ਚੱਲਦੀਆਂ ਸਨ ਤੇ ਅੱਜ 3 ਹਜ਼ਾਰ ਰਹਿ ਗਈਆਂ ਹਨ। 45 ਲੱਖ ਬੱਸਾਂ ਦੀ ਸਵਾਰੀ ਦੀ ਜਗ੍ਹਾ 25 ਲੱਖ ਸਵਾਰੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸ਼ੀਲਾ ਦੀਕਸ਼ਿਤ ਦੀ ਸਰਕਾਰ ਸਮੇਂ ਮੈਟਰੋ ਦੇ ਸਾਢੇ ਤਿੰਨ ਫੇਸ ਕੰਪਲੀਟ ਹੋ ਗਏ ਸਨ ਪਰ ਕੇਜਰੀਵਾਲ ਕੋਲੋਂ 4 ਕੰਪਲੀਟ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਆ ਕੇ ਕੇਜਰੀਵਾਲ ਡਫਲੀਆਂ ਵਜਾਉਂਦਾ ਹੈ।
ਇਹ ਵੀ ਪੜ੍ਹੋ : ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਸਮਰਪਿਤ ‘ਆਪ’ ਵੱਲੋਂ ਪਠਾਨਕੋਟ ’ਚ ਕੱਢੀ ਜਾ ਰਹੀ ਤਿਰੰਗਾ ਯਾਤਰਾ
ਸਿੱਧੂ ਨੇ ਕਿਹਾ ਕਿ ਸਾਢੇ ਚਾਰ ਸਾਲ ਕੇਜਰੀਵਾਲ ਪੰਜਾਬ ਨਹੀਂ ਵੜਿਆ, ਜਦੋਂ ਮੈਂ ਤਸਕਰਾਂ ਤੇ ਰੇਤਾ ਮਾਫੀਆ ਨਾਲ ਲੜ ਰਿਹਾ ਸੀ ਤਾਂ ਕੇਜਰੀਵਾਲ ਤਸਕਰਾਂ ਕੋਲੋਂ ਗੋਡੇ ਟੇਕ ਕੇ ਮੁਆਫੀਆਂ ਮੰਗ ਰਿਹਾ ਸੀ। ਉਨ੍ਹਾਂ ਕੇਜਰੀਵਾਲ ’ਤੇ ਸ਼ਬਦੀ ਹਮਲਾ ਕੀਤਾ ਕਿ ਉਹ ਪੰਜਾਬ ਦੀਆਂ ਧੀਆਂ-ਭੈਣਾਂ ਨੂੰ ਭਿਖਾਰੀ ਸਮਝ ਕੇ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਵਾਅਦੇ ਕਰ ਰਿਹਾ ਹੈ। ਇਕ ਸਵਾਲ ਦਾ ਜਵਾਬ ਦਿਓ ਕਿ ਤੁਹਾਡੀ ਕੈਬਨਿਟ ’ਚ ਕਿੰਨੀਆਂ ਔਰਤਾਂ ਹਨ ਤੇ ਦਿੱਲੀ ’ਚ ਕਿਸੇ ਵੀ ਧੀ-ਭੈਣ ਨੂੰ ਕਦੇ ਹਜ਼ਾਰ ਰੁਪਿਆ ਦਿੱਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਤੇ ਝੂਠ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਚੋਣਾਂ ਅਗਲੀ ਪੀੜ੍ਹੀ ਨੂੰ ਬਚਾਉਣ ਲਈ ਲੜਾਂਗਾ। ਇਸ ਦੌਰਾਨ ਉਨ੍ਹਾਂ ਸੁਖਬੀਰ ਬਾਦਲ ’ਤੇ ਵੀ ਹਮਲਾ ਕੀਤਾ ਕਿ ਕਾਲੇ ਖੇਤੀ ਕਾਨੂੰਨਾਂ ਦੀ ਨੀਂਹ ਇਨ੍ਹਾਂ ਨੇ ਹੀ ਰੱਖੀ ਸੀ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ