ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਗ੍ਰਹਿ ਮੰਤਰੀ ’ਤੇ ਸਵਾਲ ਚੁੱਕਦਿਆਂ ਕਿਹਾ, ਲੀਗਲ ਟੀਮ ਦੇ ਮੈਂਬਰ ਮਹਿਜ਼ ਪਿਆਦੇ
Friday, Apr 23, 2021 - 06:38 PM (IST)
ਚੰਡੀਗੜ੍ਹ : ਬੇਅਦਬੀ ਗੋਲ਼ੀ ਕਾਂਡ ’ਤੇ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਆਪਣੀ ਹੀ ਸਰਕਾਰ ਖ਼ਿਲਾਫ਼ ਹਮਲਾਵਰ ਰੁਖ਼ ਅਪਨਾਉਣ ਵਾਲੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਗ੍ਰਹਿ ਮੰਤਰੀ ’ਤੇ ਫਿਰ ਵੱਡੇ ਸਵਾਲ ਚੁੱਕੇ ਹਨ। ਸੋਸ਼ਲ ਮੀਡੀਆ ’ਤੇ ਮੁੜ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ ? ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮੜ੍ਹਣੀ ਅਤੇ ਸਿਰਫ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਨਾਉਣ ਦਾ ਮਤਲਬ ਹੈ ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ ’ਚ ਨਹੀਂ ਹੈ। ਫਿਰ ਐਡਵੋਕੇਟ ਜਨਰਲ ਦੀ ਲਗਾਮ ਕਿਸ ਦੇ ਹੱਥ ਹੈ ? ਜ਼ਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ਼ ਪਿਆਦੇ ਹਨ।
ਇਹ ਵੀ ਪੜ੍ਹੋ : ਦੋਸ਼ੀਆਂ ਨਾਲ ਕਿਸ ਦੀ ਘਿਓ-ਖਿੱਚੜੀ, ਨਵਜੋਤ ਸਿੱਧੂ ਨੇ ਫਿਰ ਚੁੱਕੇ ਵੱਡੇ ਸਵਾਲ
ਸੋਸ਼ਲ ਮੀਡੀਆ ’ਤੇ ਲਗਾਤਾਰ ਹਮਲਾਵਰ ਹਨ ਸਿੱਧੂ
ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਤੇ ਗੋਲੀਕਾਂਡ ਮਾਮਲੇ ’ਤੇ ਸੋਸ਼ਲ ਮੀਡੀਆ ’ਤੇ ਆਪਣੇ ਪੁਰਾਣੇ ਬਿਆਨਾਂ ਦੀ ਇਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਨਾਕਾਮੀ ਕਿਸੇ ਸਰਕਾਰ ਜਾਂ ਪਾਰਟੀ ਦੀ ਨਾਕਾਮੀ ਨਹੀਂ ਹੈ ਸਗੋਂ ਇਕ ਆਦਮੀ ਦੀ ਹੈ, ਜਿਸ ਦੇ ਹੱਥ ਮੁਲਜ਼ਮਾਂ ਨਾਲ ਮਿਲੇ ਹੋਏ ਹਨ। ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਸਿੱਧੂ ਨੇ ਲਿਖਿਆ ਕਿ ਹਮ ਤੋ ਡੂਬੇਂਗੇ ਸਨਮ, ਤੁਮਹੇਂ ਭੀ ਲੇ ਡੂਬੇਂਗੇ।
ਇਹ ਵੀ ਪੜ੍ਹੋ : ਲੁਧਿਆਣਾ ’ਚ ਕੋਰੋਨਾ ਨੇ ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਪੰਜ ਦਿਨਾਂ ’ਚ ਮਾਂ-ਪੁੱਤ ਦੀ ਮੌਤ
ਸਿੱਧੂ ਦਾ ਇਹ ਟਵੀਟ ਉਨ੍ਹਾਂ ਦੇ ਹਾਲ ਹੀ ਵਿਚ ਜਾਰੀ ਬਿਆਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਬੇਅਦਬੀ ਤੇ ਗੋਲੀਕਾਂਡ ਦੀ ਗੱਲ ਚੁੱਕਣ ’ਤੇ ਉਨ੍ਹਾਂ ਦਾ ਮੰਤਰਾਲਾ ਬਦਲਣ ਤੋਂ ਲੈ ਕੇ ਅਸਤੀਫ਼ੇ ਤੱਕ ਦੀ ਗੱਲ ਰੱਖੀ ਸੀ ਅਤੇ ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਿਆ ਸੀ। ਸਿੱਧੂ ਨੇ ਕਿਹਾ ਸੀ ਕਿ ਬੇਅਦਬੀ-ਗੋਲੀਕਾਂਡ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕਰਨਾ, ਜਾਂਚ ਕਰਨਾ, ਗ੍ਰਿਫ਼ਤਾਰੀ ਕਰਨਾ ਆਦਿ ਸਿਰਫ ਸੂਬੇ ਦੇ ਗ੍ਰਹਿ ਮੰਤਰੀ ਦੇ ਹੱਥ ਵਿਚ ਹੈ। ਸੰਵਿਧਾਨ ਮੁਤਾਬਕ ਸੂਬੇ ਦੀ ਕਾਰਜਕਾਰੀ ਸ਼ਕਤੀ ਮਤਲਬ ਗ੍ਰਹਿ ਮੰਤਰੀ ਹੀ ਇਹ ਤਾਕਤ ਰੱਖਦਾ ਹੈ ਕਿ ਉਹ ਐੱਫ. ਆਈ. ਆਰ. ਅਤੇ ਗ੍ਰਿਫ਼ਤਾਰੀ ਸਬੰਧੀ ਰਾਜਨੀਤਕ ਹੁਕਮ ਦੇ ਸਕੇ। ਇਸ ਲਈ ਸੂਬੇ ਦੀ ਕਾਰਜਕਾਰੀ ਸ਼ਕਤੀ ਖਾਸ ਤੌਰ ’ਤੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਹਲੂਣਿਆ ਜਾਵੇ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਚ ਸਿੱਧੂ ਤੋਂ ਬਾਅਦ ਬਾਜਵਾ ਨੇ ਵੀ ਚੁੱਕੇ ਸਵਾਲ, ਏ. ਜੀ. ’ਤੇ ਲਗਾਏ ਵੱਡੇ ਦੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?