ਪੰਜਾਬ ਦੇ ਬਜਟ ਬਾਰੇ ''ਨਵਜੋਤ ਸਿੱਧੂ'' ਦਾ ਸਟੈਂਡ, ਕਰਜ਼ੇ ਨੂੰ ਲੈ ਕੇ ਕਹੀਆਂ ਇਹ ਗੱਲਾਂ
Tuesday, Mar 02, 2021 - 06:09 PM (IST)
ਚੰਡੀਗੜ੍ਹ : ਪੰਜਾਬ ਦਾ ਬਜਟ 5 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਜਟ ਬਾਰੇ ਆਪਣਾ ਸਟੈਂਡ ਰੱਖਿਆ ਗਿਆ ਹੈ। ਉਨ੍ਹਾਂ ਨੇ ਕਰਜ਼ੇ 'ਚ ਡੁੱਬੇ ਸੂਬੇ ਬਾਰੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹੁਕਮਰਾਨਾਂ ਨੇ ਪੰਜਾਬ ਨੂੰ ਗਹਿਣੇ ਰੱਖ ਦਿੱਤਾ ਹੈ ਅਤੇ ਇਹ ਸਿਰਫ ਪੰਜਾਬ ਦਾ ਹੱਕ ਮਾਰ ਕੇ ਆਪਣੇ ਢਿੱਡ ਭਰਨ 'ਚ ਲੱਗੇ ਹੋਏ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਇਸੇ ਕਾਰਨ ਹੀ ਪੰਜਾਬ ਲਗਾਤਾਰ ਕਰਜ਼ਿਆਂ 'ਚ ਡੁੱਬਦਾ ਚਲਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਿਓ ਸਣੇ ਪੂਰੇ ਟੱਬਰ ਨੇ ਨਾਬਾਲਗ ਧੀ ਨਾਲ ਜੋ ਕੀਤਾ, ਸੁਣ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ
ਉਨ੍ਹਾਂ ਕਿਹਾ ਕਿ ਪੈਸਾ ਤਾਂ ਆ ਰਿਹਾ ਹੈ ਪਰ ਕਰਜ਼ਿਆਂ 'ਚ ਚਲਾ ਜਾਂਦਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਪੈਸਾ ਆ ਰਿਹਾ ਹੈ ਤਾਂ ਇਹ ਹਸਪਤਾਲਾਂ, ਸਰਕਾਰੀ ਸਕੂਲਾਂ, ਵੈਟਰਨਰੀ ਡਾਕਟਰਾਂ, ਹੜਤਾਲਾਂ ਕਰ ਰਹੇ ਅਧਿਆਪਕਾਂ ਕੋਲ ਕਿਉਂ ਨਹੀਂ ਜਾਂਦਾ। ਸਿੱਧੂ ਨੇ ਕਿਹਾ ਕਿ ਬਜਟ ਦਾ ਐਸਟੀਮੇਟ 88 ਹਜ਼ਾਰ ਕਰੋੜ ਰੁਪਏ ਦਾ ਹੈ ਪਰ ਇਸ 'ਚੋਂ 67 ਹਜ਼ਾਰ ਕਰੋੜ ਰੁਪਏ ਦੀਆਂ ਦੇਣਦਾਰੀਆਂ ਹੀ ਹਨ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ 'ਨਕਲੀ ਸ਼ਰਾਬ' ਵੇਚਣ ਵਾਲੇ ਹੁਣ ਨਹੀਂ ਬਚਣਗੇ, ਮਿਲ ਸਕਦੀ ਹੈ ਮੌਤ ਦੀ ਸਜ਼ਾ
ਉਨ੍ਹਾਂ ਕਿਹਾ ਕਿ ਸੂਬੇ 'ਚ ਇਹ ਹਾਲਾਤ ਹਨ ਕਿ ਕਰਜ਼ਾ ਮੋੜਨ ਲਈ ਕਰਜ਼ਾ ਲੈਣਾ ਪੈ ਰਿਹਾ ਹੈ ਤਾਂ ਫਿਰ ਅਸੀਂ ਵਿਕਾਸ ਦੀ ਗੱਲ ਕਿਵੇਂ ਸੋਚ ਸਕਦੇ ਹਾਂ। ਇਸ ਦੇ ਨਾਲ ਹੀ ਪੰਜਾਬ ਦੀਆਂ ਸਰਕਾਰਾਂ 'ਤੇ ਤੰਜ ਕੱਸਦਿਆਂ ਸਿੱਧੂ ਨੇ ਕਿਹਾ ਕਿ ਸੂਬੇ ਕੋਲ ਹਰ ਤਰ੍ਹਾਂ ਦੇ ਟੈਕਸ ਇਕੱਠੇ ਕਰਕੇ 33 ਹਜ਼ਾਰ ਕਰੋੜ ਰੁਪਿਆ ਆ ਰਿਹਾ ਹੈ, ਜਦੋਂ ਕਿ ਤਾਮਿਲਨਾਡੂ ਸਿਰਫ ਐਕਸਾਈਜ਼ ਟੈਕਸ ਤੋਂ ਹੀ 32 ਹਜ਼ਾਰ ਕਰੋੜ ਰੁਪਿਆ ਕਮਾ ਰਿਹਾ ਹੈ ਤਾਂ ਫਿਰ ਪੰਜਾਬ ਕਿੱਥੇ ਸਟੈਂਡ ਕਰਦਾ ਹੈ।
ਅਖ਼ੀਰ 'ਚ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਸਗੋਂ ਉਹ ਸਿਸਟਮ ਖ਼ਿਲਾਫ਼ ਲੜ ਰਹੇ ਹਨ।
ਨੋਟ : ਪੰਜਾਬ ਦੇ ਬਜਟ ਸਬੰਧੀ ਨਵਜੋਤ ਸਿੱਧੂ ਦੇ ਸਟੈਂਡ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ