ਪੰਜਾਬ ''ਚ ਕਾਂਗਰਸ ਦੀ ਜਿੱਤ ''ਤੇ ਖਾਮੋਸ਼ ''ਨਵਜੋਤ ਸਿੱਧੂ'', ਸਿਆਸੀ ਗਲਿਆਰਿਆਂ ''ਚ ਛਿੜੀ ਚਰਚਾ
Friday, Feb 19, 2021 - 08:56 AM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ ’ਤੇ ਚਹੁੰ ਤਰਫ਼ਾ ਚਰਚਾ ਹੋ ਰਹੀ ਹੈ ਪਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਚੁੱਪ ਹਨ। ਆਮ ਤੌਰ ’ਤੇ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਸਿੱਧੂ ਨੇ ਆਪਣੇ ਕਿਸੇ ਸੋਸ਼ਲ ਮੀਡੀਆ ਹੈਂਡਲ ’ਤੇ ਨਗਰ ਨਿਗਮ ਚੋਣਾਂ ਦੀ ਜਿੱਤ ’ਤੇ ਪ੍ਰਤੀਕਿਰਿਆ ਤੱਕ ਨਹੀਂ ਦਿੱਤੀ ਹੈ। ਹਾਲਾਂਕਿ ਕਿਸਾਨ ਅੰਦੋਲਨ ਦੇ ਸਮਰਥਨ 'ਚ ਉਨ੍ਹਾਂ ਦੀ ਸੋਸ਼ਲ ਮੀਡੀਆ ’ਤੇ ਸਰਗਰਮੀ ਲਗਾਤਾਰ ਬਰਕਰਾਰ ਹੈ। 17 ਫਰਵਰੀ ਨੂੰ ਚੋਣ ਨਤੀਜਿਆਂ ਦੇ ਦਿਨ ਉਨ੍ਹਾਂ ਕਿਸਾਨਾਂ ਦੇ ਸਮਰਥਨ 'ਚ ਟਵੀਟ ਕਰਦਿਆਂ ਸ਼ਾਇਰਾਨਾ ਅੰਦਾਜ਼ 'ਚ ਲਿਖਿਆ ਕਿ ਲਹਿਰਾਂ ਨੂੰ ਖ਼ਾਮੋਸ਼ ਦੇਖ ਕੇ ਇਹ ਨਾ ਸਮਝਣਾ ਕਿ ਸਮੁੰਦਰ 'ਚ ਰਵਾਨੀ ਨਹੀਂ, ਅਸੀਂ ਜਦੋਂ ਵੀ ਉੱਠਾਂਗੇ, ਤੂਫਾਨ ਬਣ ਕੇ ਉੱਠਾਂਗੇ, ਬੱਸ ਉੱਠਣ ਦੀ ਅਜੇ ਠਾਣੀ ਨਹੀਂ।
ਇਹ ਵੀ ਪੜ੍ਹੋ : ਮੋਹਾਲੀ 'ਚ 'ਕਾਂਗਰਸ' ਨੂੰ ਮਿਲੀ ਹੂੰਝਾਫੇਰ ਜਿੱਤ, ਅਕਾਲੀ-ਭਾਜਪਾ ਦਾ ਨਹੀਂ ਖੁੱਲ੍ਹਿਆ ਖਾਤਾ
ਇਸ ਕੜੀ 'ਚ ਵੀਰਵਾਰ ਨੂੰ ਵੀ ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਕਾਲੇ ਕਾਨੂੰਨ ਵਾਲੇ ਕਿਸਾਨਾਂ ਦੀ ਇਸ ਊਫ਼ਾਨੀ ਨਦੀ ਨੂੰ ਨਾ ਰੋਕਣ। ਇਹ ਨਦੀ ਆਪਣੇ ਖ਼ਤਰੇ ਦੇ ਆਖ਼ਰੀ ਨਿਸ਼ਾਨ ’ਤੇ ਹੁਣ ਹੈ। ਸ਼ਾਹੀ ਫ਼ਰਮਾਨ ’ਤੇ ਕਿਸਾਨ ਭਲਾ ਕਿਵੇਂ ਨਾ ਕੁੱਝ ਬੋਲਣ, ਜਿਸ ਦਾ ਸ਼ਿਕੰਜਾ ਹੀ ਕਿਸਾਨਾਂ ਦੇ ਗਿਰੇਬਾਨ ’ਤੇ ਹੁਣ ਹੈ। ਇਹ ਆਲਮ ਉਦੋਂ ਹੈ, ਜਦੋਂ ਪੰਜਾਬ 'ਚ ਮਿਲੀ ਜਿੱਤ ’ਤੇ ਰਾਜ ਪੱਧਰ ਤੱਕ ਹੀ ਨਹੀਂ ਸਗੋਂ ਰਾਸ਼ਟਰੀ ਪੱਧਰ ਤੱਕ ਦੇ ਆਗੂਆਂ ਅਤੇ ਸਮਰਥਕਾਂ ਨੇ ਵਧਾਈ ਦੇਣ 'ਚ ਕੋਈ ਕਸਰ ਨਹੀਂ ਛੱਡੀ ਹੈ। ਪੰਜਾਬ ਸਥਾਨਕ ਸਰਕਾਰਾਂ ਚੋਣਾਂ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ ਟਵਿੱਟਰ ’ਤੇ ਟਾਪ ਟ੍ਰੈਂਡ 'ਚ ਰਹੀ। ਕਈ ਫ਼ਿਲਮੀ ਜਗਤ ਦੇ ਸਿਤਾਰਿਆਂ ਤੱਕ ਨੇ ਕਾਂਗਰਸ ਦੀ ਜਿੱਤ ’ਤੇ ਟਵੀਟ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਤੱਕ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਪੰਜਾਬ ਦੀ ਭਾਵਨਾ ਦੇ ਸਮਾਨ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਦੇ ਅਧਿਆਪਕ ਬਣਨ ਲਈ ਇਹ ਟੈਸਟ ਪਾਸ ਕਰਨਾ ਹੋਵੇਗਾ ਲਾਜ਼ਮੀ
ਜਾਖੜ ਤਾਂ ਕੈਪਟਨ ਨੂੰ 2022 ਦੇ ਚੋਣਾਵੀ ਜਹਾਜ਼ ਦਾ ਕਪਤਾਨ ਘੋਸ਼ਿਤ ਕਰ ਚੁੱਕੇ ਹਨ। ਬਾਵਜੂਦ ਇਸ ਦੇ ਸਿੱਧੂ ਕਿਸਾਨਾਂ ਦੇ ਸਮਰਥਨ 'ਚ ਟਵੀਟ ਤੱਕ ਹੀ ਸੀਮਤ ਰਹੇ। ਸਿੱਧੂ ਦੀ ਇਸ ਚੁੱਪ ਨੂੰ ਸਿਆਸੀ ਮਾਹਰ ਕਈ ਮਾਇਨਿਆਂ ਤੋਂ ਦੇਖ ਰਹੇ ਹਨ। ਕੁੱਝ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਤੀਜਿਆਂ ਨੇ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਦੀ ਭੂਮਿਕਾ ਨੂੰ ਤੈਅ ਕਰ ਦਿੱਤਾ ਹੈ। ਸਿੱਧੂ ਲਗਾਤਾਰ ਹਾਈਕਮਾਨ ਦੇ ਸਾਹਮਣੇ ਪੰਜਾਬ 'ਚ ਆਪਣੀ ਭੂਮਿਕਾ ਨੂੰ ਲੈ ਕੇ ਸਵਾਲ ਉਠਾਉਂਦੇ ਰਹੇ ਹਨ। ਕਿਹਾ ਤਾਂ ਇੱਥੇ ਤੱਕ ਜਾ ਰਿਹਾ ਸੀ ਕਿ ਸਿੱਧੂ, ਕੈਪਟਨ ਅਮਰਿੰਦਰ ਸਿੰਘ ਰਾਹੀਂ ਨਹੀਂ, ਸਗੋਂ ਕਾਂਗਰਸ ਹਾਈਕਮਾਨ ਰਾਹੀਂ ਪੰਜਾਬ 'ਚ ਕੋਈ ਅਹਿਮ ਜ਼ਿੰਮੇਵਾਰੀ ਸੰਭਾਲਣ ਦੀ ਕੋਸ਼ਿਸ਼ 'ਚ ਹਨ। ਇਸ ਸਿਲਸਿਲੇ 'ਚ ਉਨ੍ਹਾਂ ਪਿਛਲੇ ਦਿਨੀਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਵੀ ਕੀਤੀ ਸੀ।
ਇਹ ਵੀ ਪੜ੍ਹੋ : ਕਾਂਗਰਸ ਦੀ ਹੂੰਝਾਫੇਰ ਜਿੱਤ ਨੇ ਸਾਬਿਤ ਕੀਤਾ, ਕੈਪਟਨ ਹੀ ਪੰਜਾਬ ਦੇ 'ਅਸਲ ਕਪਤਾਨ' : ਰੰਧਾਵਾ
ਹਾਈਕਮਾਨ ਨੇ ਉਨ੍ਹਾਂ ਦੀ ਗੱਲ ਸੁਣੀ ਸੀ, ਪਰ ਪੰਜਾਬ ਨਗਰ ਨਿਗਮ ਚੋਣਾਂ ਦੇ ਚੱਲਦੇ ਸਿੱਧੂ ’ਤੇ ਕੋਈ ਫ਼ੈਸਲਾ ਨਹੀਂ ਹੋ ਸਕਿਆ। ਕਿਹਾ ਜਾ ਰਿਹਾ ਹੈ ਕਿ ਹਾਈਕਮਾਨ ਵੀ ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਿਹਾ ਸੀ। ਹੁਣ ਜਦੋਂ ਕਿ ਨਤੀਜੇ ਕਾਂਗਰਸ ਦੇ ਪੱਖ 'ਚ ਸ਼ਾਨਦਾਰ ਤਰੀਕੇ ਨਾਲ ਆਏ ਹਨ ਤਾਂ ਕੈਪਟਨ ਇਕ ਵਾਰ ਫਿਰ ਖ਼ੁਦ ਨੂੰ ਸਾਬਿਤ ਕਰਨ 'ਚ ਸਫ਼ਲ ਹੋ ਗਏ ਹਨ। ਅਜਿਹੇ 'ਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ’ਤੇ ਇਕ ਵਾਰ ਫਿਰ ਸ਼ੰਕਾ ਦੇ ਬੱਦਲ ਮੰਡਰਾਉਣ ਲੱਗੇ ਹਨ। ਇਹੀ ਵਜ੍ਹਾ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਜਿੱਤ ’ਤੇ ਵਧਾਈ ਤੱਕ ਦੇਣ ਤੋਂ ਕਤਰਾ ਰਹੇ ਹਨ। ਹਾਲਾਂਕਿ ਕੁੱਝ ਸਿਆਸੀ ਮਾਹਰ ਮੰਨਦੇ ਹਨ ਕਿ ਇਨ੍ਹਾਂ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਦੀ ਕੋਈ ਭੂਮਿਕਾ ਹੀ ਨਹੀਂ ਸੀ, ਇਸ ਲਈ ਉਹ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੇ ਹਨ। ਸਿੱਧੂ ਉਦੋਂ ਪ੍ਰਤੀਕਿਰਿਆ ਦੇਣ ਜਾਂ ਜ਼ਿੰਮੇਵਾਰੀ ਨਿਭਾਉਣ ਦੀ ਮੁਦਰਾ 'ਚ ਆਉਂਦੇ ਹਨ, ਜਦੋਂ ਉਨ੍ਹਾਂ ਨੂੰ ਕੰਮ ਸੌਂਪਿਆ ਜਾਂਦਾ ਹੈ।
ਨੋਟ : ਪੰਜਾਬ 'ਚ ਕਾਂਗਰਸ ਦੀ ਜਿੱਤ 'ਤੇ ਨਵਜੋਤ ਸਿੱਧੂ ਵੱਲੋਂ ਧਾਰੀ ਚੁੱਪੀ ਬਾਰੇ ਦਿਓ ਆਪਣੀ ਰਾਏ