ਸਿੱਧੂ ਦੇ ਅਹੁਦਾ ਨਾ ਸੰਭਾਲਣ ਨੂੰ ਲੈ ਕੇ ਬੋਲੇ ਤ੍ਰਿਪਤ ਬਾਜਵਾ

Tuesday, Jul 09, 2019 - 06:33 PM (IST)

ਸਿੱਧੂ ਦੇ ਅਹੁਦਾ ਨਾ ਸੰਭਾਲਣ ਨੂੰ ਲੈ ਕੇ ਬੋਲੇ ਤ੍ਰਿਪਤ ਬਾਜਵਾ

ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਲੈ ਕੇ ਸ਼ਸ਼ੋਪੰਜ ਅਜੇ ਵੀ ਬਰਕਰਾਰ ਹੈ। ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਅਪੀਲ ਕੀਤੀ ਹੈ ਕਿ ਸਿੱਧੂ ਨੂੰ ਆਪਣਾ ਵਿਭਾਗ ਸੰਭਾਲ ਲੈਣਾ ਚਾਹੀਦਾ ਹੈ। ਬਾਜਵਾ ਮੁੱਖ ਮੰਤਰੀ ਦੇ ਕਰੀਬੀ ਹਨ। ਪਿਛਲੇ ਹਫਤੇ ਵੀ ਸਥਾਨਕ ਸਰਕਾਰਾ ਮੰਤਰੀ ਬ੍ਰਹਮ ਮਹਿੰਦਰਾ ਸਮੇਤ ਤਿੰਨ ਮੰਤਰੀ ਸਿੱਧੂ ਦੇ ਮਾਮਲੇ ਵਿਚ ਪਾਰਟੀ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੂੰ ਮਿਲੇ ਸਨ। ਵਿਦੇਸ਼ ਤੋਂ ਛੁੱਟੀ ਮਨਾ ਕੇ ਪਰਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਿੱਧੂ ਕੋਲ ਊਰਜਾ ਵਿਭਾਗ 'ਚ ਕੰਮ ਕਰਨ ਲਈ ਬਹੁਤ ਮੌਕੇ ਹਨ, ਇਸ ਲਈ ਸਿੱਧੂ ਨੂੰ ਆਪਣਾ ਵਿਭਾਗ ਸੰਭਾਲ ਲੈਣਾ ਚਾਹੀਦਾ ਹੈ। 

ਇਥੇ ਇਹ ਵੀ ਦੱਸਣਯੋਗ ਹੈ ਕਿ ਬਾਜਵਾ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਅਪੀਲ ਕੀਤੀ ਸੀ ਕਿ ਸਿੱਧੂ ਨੂੰ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਲੈਣੀ ਚਾਹੀਦੀ ਹੈ। ਮਾਨ ਨੇ ਕਿਹਾ ਸੀ ਕਿ ਸਿੱਧੂ ਨੂੰ ਬਿਜਲੀ ਸਸਤੀ ਕਰਨ ਦੀ ਦਿਸ਼ਾ 'ਚ ਕੰਮ ਕਰਨਾ ਚਾਹੀਦਾ ਹੈ। 

ਇਸ ਦਰਮਿਆਨ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਰਾਜਪਾਲ ਨੂੰ ਚਿੱਠੀ ਲਿੱਖ ਕੇ ਸਿੱਧੂ ਮਾਮਲੇ ਵਿਚ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਚੁੱਘ ਨੇ ਲਿਖਿਆ ਸੀ ਕਿ ਸਿੱਧੂ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਗਾਇਬ ਹੈ। ਇਸ ਦੌਰਾਨ ਉਹ ਸਾਰੀਆਂ ਸਰਕਾਰੀ ਸਹੂਲਤਾਂ ਦਾ ਲਾਭ ਉਠਾ ਰਹੇ ਹਨ ਜਦਕਿ ਊਰਜਾ ਵਿਭਾਗ ਦਾ ਕੰਮ ਠੱਪ ਪਿਆ ਹੈ। ਊਰਜਾ ਮੰਤਰੀ ਵਲੋਂ ਜ਼ਿੰਮੇਵਾਰੀ ਨਾ ਸੰਭਾਲਣ ਨਾਲ ਵਿਭਾਗ ਦੇ ਕੰਮਕਾਜ 'ਚ ਵਿਘਨ ਪੈ ਰਿਹਾ ਹੈ ਅੰਤ ਰਾਜਪਾਲ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ। 


author

Gurminder Singh

Content Editor

Related News