ਬਸੰਤੀ ਨਰਾਤੇ, ਦੁਰਗਾ ਮਹੱਤਵ, ਨਵਦੁਰਗਾ ਪੂਜਨ ਹੈ ਫਲਦਾਈ
Wednesday, Mar 25, 2020 - 09:25 AM (IST)
ਬਸੰਤੀ ਨਰਾਤੇ (ਨੌਰਾਤੇ) - ਵਰਤ ਅਤੇ ਪੂਜਨ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਏਕਮ ਤੋਂ ਸ਼ੁਰੂ ਹੋ ਕੇ ਨੌਵੀਂ ਤੱਕ ਨੌਂ ਦਿਨ ਚੱਲਦੇ ਹਨ। ਇਨ੍ਹਾਂ ਨੌਂ ਨਰਾਤਿਆਂ ਵਿਚ ਭਗਤੀ ਮਾਂ ਦੁਰਗਾ ਦਾ ਪੂਜਨ ਕੀਤਾ ਜਾਂਦਾ ਹੈ, ਜਿਸ ਦੌਰਾਨ ਦੁਰਗਾ ਸਪਤਸਤੀ ਦਾ ਪਾਠ ਕੀਤਾ ਜਾਂਦਾ ਹੈ। ਇਨ੍ਹਾਂ ਨੌਂ ਦਿਨਾਂ ਦੌਰਾਨ ਹੀ ਵਰਤ ਵੀ ਕੀਤਾ ਜਾਂਦਾ ਹੈ। ਨਰਾਤਿਆਂ ਦੇ ਵਰਤਾਂ ਨੂੰ ਸ਼ਕਤੀਆਂ ਦੇ ਦੂਜੇ ਸਭ ਵਰਤਾਂ ਤੋਂ ਉੱਤਮ ਤੇ ਮਹਾਨ ਕਿਹਾ ਗਿਆ ਹੈ। ਅੱਠਵੇਂ ਦਿਨ ਦੁਰਗਾ ਅਸ਼ਟਮੀ ਮਨਾਈ ਜਾਂਦੀ ਹੈ। ਕਈ ਲੋਕ ਨੌਵੀਂ ਵਾਲੇ ਦਿਨ ਮਾਤਾ ਦੁਰਗਾ ਦਾ ਪੂਜਨ ਕਰਦੇ ਹਨ। ਇਹ ਨਰਾਤੇ ਅੱਸੂ ਮਹੀਨੇ ਸ਼ੁਕਲ ਪੱਖ ਦੇ ਵੀ ਹੁੰਦੇ ਹਨ।
ਪਹਿਲੇ ਨਰਾਤੇ : ਦੁਰਗਾ ਮਾਤਾ ਦੇ ਨੌਂ ਦਿਨਾਂ ਦੌਰਾਨ ਪਹਿਲੇ ਨਰਾਤੇ ਪਰਬਤ ਰਾਜ ਹਿਮਾਲਿਆ ਦੀ ਪੁੱਤਰੀ ਦੇ ਰੂਪ ਵਿਚ ਪੈਦਾ ਹੋਈ ਜਗਦੰਬਾ ਸ਼ੈਲ ਪੁੱਤਰੀ ਦੀ ਅਰਾਧਨਾ ਇਰਾਦੇ ਦੀ ਪ੍ਰਾਪਤੀ ਲਈ, ਇੱਛਾ ਸ਼ਕਤੀ ਲਈ, ਹੰਕਾਰ ਰਹਿਤ ਹੋ ਕੇ ਕੀਤੀ ਜਾਂਦੀ ਹੈ।
ਦੂਜੇ ਨਰਾਤੇ : ਰੁਦਰਾਕਸ਼ ਧਾਰਨੀ ਮਾਤਾ ਬ੍ਰਹਮਚਾਰਨੀ ਦੀ ਉਪਾਸਨਾ ਬ੍ਰਹਮ ਮੰਤਰ ਨਾਲ ਕਰਨ 'ਤੇ ਇਹ ਅਤਿਅੰਤ ਪ੍ਰਸੰਨ ਹੁੰਦੇ ਹਨ ਅਤੇ ਕ੍ਰਿਪਾ ਦ੍ਰਿਸ਼ਟੀ ਨਾਲ ਕਲਿਆਣ ਕਰਦੇ ਹਨ।
ਤੀਸਰੇ ਨਰਾਤੇ : ਚੰਦਰਮਾ ਵਾਂਗ ਸ਼ੀਤਲ ਗਿਆਨ ਦਾ ਪ੍ਰਕਾਸ਼ ਫੈਲਾਉਣ ਵਾਲੀ ਮਾਤਾ ਚੰਦਰ ਘੰਟਾ ਦੀ ਵੰਦਨਾ ਕੀਤੀ ਜਾਂਦੀ ਹੈ। ਮਾਤਾ ਚੰਦਰ ਘੰਟਾ ਭਗਤਾਂ ਨੂੰ ਪੁੱਤਰ ਦੀ ਦ੍ਰਿਸ਼ਟੀ ਨਾਲ ਨਿਹਾਰਦੇ ਹੋਏ ਭਗਤਾਂ ਪ੍ਰਤੀ ਸਦਾ ਬਿਨੈਸ਼ੀਲ ਰਹਿੰਦੇ ਹਨ।
ਚੌਥੇ ਨਰਾਤੇ : ਮਾਤਾ ਕੁਸ਼ਮਾਂਡਾ ਜਿਨ੍ਹਾਂ ਦਾ ਬਸੇਰਾ ਭੀਮਾ ਪਰਬਤ ਉਪਰ ਹੈ, ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ, ਜੋ ਪ੍ਰਾਣੀਆਂ ਨੂੰ ਬੌਧਿਕ, ਵੈਦਿਕ ਅਤੇ ਭੌਤਿਕ ਤਿੰਨਾਂ ਪ੍ਰਕਾਰ ਦੇ ਦੁੱਖਾਂ ਤੋਂ ਸੁਖੀ ਕਰਦੇ ਹਨ।
ਪੰਜਵੇਂ ਨਰਾਤੇ : ਸਕੰਧ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮਾਤਾ ਸਮਾਜ ਤੋਂ ਤ੍ਰਿਸਕਾਰੇ ਵਿਵੇਕਹੀਣ ਮਨੁੱਖਾਂ ਨੂੰ ਚਰਨਾਂ ਵਿਚ ਸਿਰ ਰੱਖ ਕੇ ਪੂਜਨ ਕਰਨ 'ਤੇ ਦੈਵੀ ਗਿਆਨ ਦੀ ਜੋਤੀ ਪ੍ਰਦਾਨ ਕਰਦੇ ਹਨ।
ਛੇਵੇਂ ਨਰਾਤੇ : ਕਾਤਯਾਨੀ ਦੇਵੀ ਜੋ ਵੈਦ ਨਾਥ ਸਥਾਨ 'ਤੇ ਪ੍ਰਗਟ ਹੋ ਕੇ ਆਪਣੇ ਕ੍ਰਿਪਾ ਰੂਪੀ ਪ੍ਰਸ਼ਾਦ ਨਾਲ ਸੰਸਾਰ ਦੇ ਸਾਰੇ ਪ੍ਰਾਣੀਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ, ਦੀ ਪੂਜਾ ਕੀਤੀ ਜਾਂਦੀ ਹੈ।
ਸੱਤਵੇਂ ਨਰਾਤੇ : ਸੰਸਾਰ ਦੇ ਅੰਧਕਾਰ ਨੂੰ ਦੂਰ ਕਰ ਕੇ ਗਿਆਨ ਰੂਪੀ ਪ੍ਰਕਾਸ਼ ਨੂੰ ਫੈਲਾਉਣ ਵਾਲੇ ਮਾਤਾ ਕਾਲਰਾਤਰੀ ਦੀ ਪੂਜਾ ਕੀਤੀ ਜਾਂਦੀ ਹੈ, ਜਿਨ੍ਹਾਂ ਦਾ ਸਥਾਨ ਕੋਲਕਾਤਾ ਵਿਚ ਹੈ, ਇਨ੍ਹਾਂ ਦੀ ਅਰਾਧਨਾ ਨਾਲ ਗਿਆਨ ਦਾ ਪ੍ਰਕਾਸ਼ ਮਿਲਦਾ ਹੈ।
ਅੱਠਵੇਂ ਨਰਾਤੇ : ਮਹਾਂ ਗੌਰੀ ਜਿਨ੍ਹਾਂ ਦਾ ਸਥਾਨ ਹਰਿਦੁਆਰ ਲਾਗੇ ਕਨਖਲ ਵਿਖੇ ਹੈ ਜਿੱਥੇ ਇਹ ਨਾਰੀ ਸ਼ਕਤੀ ਦੇ ਰੂਪ ਵਿਚ ਮਹਾਂਦੇਵੀ ਗੌਰੀ ਦੇ ਰੂਪ ਵਿਚ ਸਥਾਪਿਤ ਹਨ, ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦੀ ਪੂਜਾ ਨਾਲ ਮਨੁੱਖ ਨੂੰ ਦੁਨੀਆਵੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ।
ਨੌਵੇਂ ਨਰਾਤੇ : ਮਾਤਾ ਸਿੱਧੀ ਦਾਤਰੀ ਜੋ ਹਿਮਾਚਲ ਦੇ ਨੰਦਾ ਪਰਬਤ 'ਤੇ ਬਿਰਾਜਮਾਨ ਹਨ, ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦੀ ਪੂਜਾ ਤੇ ਕ੍ਰਿਪਾ ਨਾਲ ਸੰਸਾਰ ਦੀਆਂ ਸਭ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ।
ਇਨ੍ਹਾਂ ਬਸੰਤੀ ਨਰਾਤਿਆਂ ਵਿਚ ਦੁਰਗਾ ਮਾਤਾ ਪੂਜਾ ਦਾ ਇਸ ਤਰ੍ਹਾਂ ਨਾਲ ਬੜਾ ਮਹੱਤਵ ਹੈ ਅਤੇ ਫਲ ਮਿਲਦਾ ਹੈ, ਬੜੇ ਫਲਦਾਈ ਮੰਨੇ ਜਾਂਦੇ ਹਨ ਇਹ ਬਸੰਤੀ ਨਰਾਤੇ।
ਸੱਤ ਪ੍ਰਕਾਸ਼ ਸਿੰਗਲਾ