ਕੌਮੀ SC ਕਮਿਸ਼ਨ ਦੇ ਚੇਅਰਮੈਨ ਦੀ ਜੱਥੇਦਾਰ ਨੂੰ ਚਿੱਠੀ, 'ਸਿੱਖ ਮਰਿਆਦਾ ਮੁਤਾਬਕ ਪਵੇ ਲਖਬੀਰ ਸਿੰਘ ਦਾ ਭੋਗ'
Tuesday, Oct 19, 2021 - 12:09 PM (IST)
ਚੰਡੀਗੜ੍ਹ (ਸ਼ਰਮਾ) : ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਿੰਘੂ ਬਾਰਡਰ ’ਤੇ ਕਿਸਾਨ ਸੰਗਠਨਾਂ ਦੇ ਅੰਦੋਲਨ ਵਾਲੀ ਥਾਂ ’ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ਲਖਬੀਰ ਸਿੰਘ ਦਾ ਭੋਗ ਸਿੱਖ ਧਰਮ ਮੁਤਾਬਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ‘ਤੁਹਾਨੂੰ ਇਸ ਦੀ ਵੀ ਜਾਣਕਾਰੀ ਹੋਵੇਗੀ ਕਿ ਉਸ ਦੇ ਅੰਤਿਮ ਸੰਸਕਾਰ ’ਤੇ ਕੁੱਝ ਲੋਕਾਂ ਖ਼ਾਸ ਕਰ ਕੇ ਸਤਿਕਾਰ ਕਮੇਟੀ ਨੇ ਇਹ ਕਹਿੰਦੇ ਹੋਏ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਸ ਦੇ ਅੰਤਿਮ ਸੰਸਕਾਰ ’ਤੇ ਸਿੱਖ ਮਰਿਆਦਾ ਮੁਤਾਬਕ ਅਰਦਾਸ ਨਹੀਂ ਕਰਨ ਦਿੱਤੀ ਗਈ।
ਪੱਤਰ ਦੇ ਜ਼ਰੀਏ ਕਮਿਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ ਵਾਇਰਲ ਵੀਡੀਓ ਵਿਚ ਕੁੱਝ ਲੋਕ ਤੜਫਦੇ ਹੋਏ ਲਖਬੀਰ ਸਿੰਘ ਦੇ ਕੋਲ ਖੜ੍ਹੇ ਹੋ ਕੇ ਬੋਲ ਰਹੇ ਹਨ ਕਿ ਇਸ ਨੇ ਬੇਅਦਬੀ ਕੀਤੀ ਹੈ ਪਰ ਸੱਚ ਤਾਂ ਇਹ ਹੈ ਕਿ ਇਸ ਸਬੰਧ ਵਿਚ ਹੁਣ ਤੱਕ ਕੋਈ ਵੀ ਵੀਡੀਓ ਜਾਂ ਫਿਰ ਫੋਟੋ ਸਬੂਤ ਦੇ ਰੂਪ ਵਿਚ ਸਾਹਮਣੇ ਨਹੀਂ ਆਇਆ ਹੈ, ਜਿਸ ਨਾਲ ਇਹ ਸਾਬਿਤ ਹੋ ਸਕੇ ਕਿ ਅਨੁਸੂਚਿਤ ਜਾਤੀ ਦੇ ਸਿੱਖ ਨੇ ਬੇਅਦਬੀ ਕੀਤੀ ਸੀ।
ਜਦੋਂ ਤੱਕ ਪੁਲਸ ਦੀ ਜਾਂਚ ਪੜਤਾਲ ਵਿਚ ਇਹ ਸਾਬਿਤ ਨਹੀਂ ਹੋ ਜਾਂਦਾ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਦੋਂ ਤੱਕ ਉਸ ਨੂੰ ਦੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ