ਬਾਦਲ ਸਰਕਾਰ ਦੇ ਕਾਰਜਕਾਲ ''ਚ ਪੰਜਾਬ ਨੂੰ 40 ਹਜ਼ਾਰ ਕਰੋੜ ਦੀਆਂ ਨੈਸ਼ਨਲ ਹਾਈਵੇ ਸੜਕਾਂ ਮਿਲੀਆਂ : ਚੰਦੂਮਾਜਰਾ
Tuesday, Nov 14, 2017 - 07:46 AM (IST)

ਪਟਿਆਲਾ (ਜੋਸਨ) - ਅਕਾਲੀ ਦਲ ਦੇ ਜਨਰਲ ਸਕੱਤਰ, ਬੁਲਾਰੇ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਲੰਘੀ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ 40 ਹਜ਼ਾਰ ਕਰੋੜ ਰੁਪਏ ਦੀਆਂ ਨੈਸ਼ਨਲ ਹਾਈਵੇ ਸੜਕਾਂ ਪੰਜਾਬ ਨੂੰ ਮਿਲੀਆਂ ਹਨ। ਇਹ ਬਾਦਲ ਸਰਕਾਰ ਦੀ ਇਕ ਵੱਡੀ ਤੇ ਅਹਿਮ ਪ੍ਰਾਪਤੀ ਹੈ। ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਇਕੱਲੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ 12 ਹਜ਼ਾਰ ਕਰੋੜ ਰੁਪਏ ਦੀਆਂ ਸੜਕਾਂ ਹਾਈਵੇ ਅਧੀਨ ਬਣੀਆਂ। ਇਸ ਤੋਂ ਬਿਨਾਂ ਵਿਧਾਨ ਸਭਾ ਚੋਣਾਂ ਦੌਰਾਨ ਪਟਿਆਲਾ-ਦੇਵੀਗੜ੍ਹ, ਪਿਹੋਵਾ, ਕੁਰੂਕਸ਼ੇਤਰ ਅਤੇ ਯਮੁਨਾ ਨਗਰ ਹਾਈਵੇ ਬਣਾ ਕੇ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਗਈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਸਰਕਾਰ ਕੁਝ ਸਮੇਂ ਵਿਚ ਹੀ ਬੁਰੀ ਤਰ੍ਹਾਂ ਫਲਾਪ ਸਿੱਧ ਹੋਈ ਹੈ। ਇਕ ਵੀ ਵਾਅਦਾ ਪੰਜਾਬ ਦੇ ਲੋਕਾਂ ਨਾਲ ਪੂਰਾ ਨਹੀਂ ਕਰ ਸਕੀ ਹੈ। ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਐੈਸ਼ੋ-ਆਰਾਮ ਦੀ ਜ਼ਿੰਦਗੀ ਵਿਚ ਮਸਤ ਹੈ। ਉਸ ਨੂੰ ਪੰਜਾਬ ਦੇ ਲੋਕਾਂ ਦਾ ਕੋਈ ਖਿਆਲ ਨਹੀਂ ਹੈ। ਪੰਜਾਬ ਦਾ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਬੇਹੱਦ ਦੁਖੀ ਹੈ। ਕਾਂਗਰਸ ਸਰਕਾਰ ਕੁਝ ਸਮੇਂ 'ਚ ਹੀ ਬੁਰੀ ਤਰ੍ਹਾਂ ਫਲਾਪ ਹੋਈ ਹੈ। ਜੇਕਰ ਅੱਜ ਵੀ ਪੰਜਾਬ ਵਿਚ ਇਲੈਕਸ਼ਨ ਹੋ ਜਾਵੇ ਤਾਂ ਕਾਂਗਰਸ ਨੂੰ 10 ਸੀਟਾਂ ਵੀ ਨਹੀਂ ਮਿਲਣਗੀਆਂ। ਇਸ ਮੌਕੇ ਚੇਅਰਮੈਨ ਵਿਧਾਇਕ ਹਰਿਦੰਰਪਾਲ ਸਿੰਘ ਚੰਦੂਮਾਜਰਾ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਵਾਈਸ ਚੇਅਰਮੈਨ ਹਰਫੂਲ ਸਿੰਘ ਬੋਸਰ ਕਲਾਂ, ਸੀਨੀਅਰ ਮੀਤ ਪ੍ਰਧਾਨ ਮੋਹਣੀ ਭਾਂਖਰ, ਜਗਜੀਤ ਸਿੰਘ ਕੋਹਲੀ ਓ. ਐੈੱਸ. ਡੀ., ਜਸਵੀਰ ਸਿੰਘ ਬਘੌਰਾ ਮੀਤ ਪ੍ਰਧਾਨ, ਇੰਦਰ ਸਿੰਘ ਛਿੰਦੀ ਪ੍ਰਧਾਨ ਸਨੌਰ ਅਤੇ ਹੋਰ ਵੀ ਨੇਤਾ ਹਾਜ਼ਰ ਸਨ।