ਦਿੱਲੀ ਕਤਲੇਆਮ ਅਤੇ ਗੁਜਰਾਤ ਦੰਗਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ : ਗੁਜਰਾਲ

05/13/2019 2:01:14 PM

ਜਲੰਧਰ (ਜ.ਬ.) : ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ 1984 ਦੇ ਦਿੱਲੀ ਸਿੱਖ ਕਤਲੇਆਮ ਅਤੇ 2002 ਦੇ ਗੁਜਰਾਤ ਦੰਗਿਆਂ 'ਚ ਬਹੁਤ ਫਰਕ ਹੈ, ਇਸ ਲਈ ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਲਾ ਕੇ ਆਪਣਾ ਪਿੱਛਾ ਨਹੀਂ ਛੁਡਾ ਸਕਦੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਗੁਜਰਾਤ 'ਚ ਪੁਲਸ ਨੇ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਦੰਗਿਆਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਅਤੇ ਪੁਲਸ ਫਾਇਰਿੰਗ 'ਚ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਪਰ ਦਿੱਲੀ 'ਚ ਇਕ ਵੀ ਫਾਇਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਜਰਾਤ 'ਚ ਮ੍ਰਿਤਕਾਂ 'ਚ 790 ਮੁਸਲਮਾਨ ਸਨ ਜਦਕਿ ਦਿੱਲੀ 'ਚ 254 ਹਿੰਦੂ ਦੰਗਾਕਾਰੀ ਸਨ, ਜਿਸ ਨਾਲ ਦੋਵਾਂ ਤਰਾਸਦੀਆਂ ਦੇ ਦਰਮਿਆਨ ਦਾ ਫਰਕ ਪਤਾ ਲੱਗਦਾ ਹੈ। ਗੁਜਰਾਲ ਨੇ ਕਿਹਾ ਕਿ ਦਿੱਲੀ ਸਿੱਖ ਕਤਲੇਆਮ ਵਿਚ ਇਕ ਵੀ ਦੰਗਾਕਾਰੀ ਜ਼ਖ਼ਮੀ ਤੱਕ ਨਹੀਂ ਹੋਇਆ ਅਤੇ ਪੁਲਸ ਨੇ ਸਥਿਤੀ 'ਤੇ ਕਾਬੂ ਪਾਉਣ ਲਈ ਇਕ ਵੀ ਗੋਲੀ ਨਹੀਂ ਚਲਾਈ।

ਉਨ੍ਹਾਂ ਕਿਹਾ ਕਿ ਜੇਕਰ ਮੋਦੀ ਨੂੰ ਇਸ ਲਈ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਕਿਉਂਕਿ ਉਹ ਉਥੋਂ ਦੇ ਮੁੱਖ ਮੰਤਰੀ ਸਨ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਤਾਂ ਦਿੱਲੀ ਸਿੱਖ ਕਤਲੇਆਮ ਦੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਅਕਾਲੀ ਆਗੂ ਨੇ ਕਿਹਾ ਕਿ ਗੁਜਰਾਤ ਵਿਚ ਤਾਂ ਦੰਗੇ ਹੋਏ ਸਨ ਜਦਕਿ ਕਾਂਗਰਸ ਪਾਰਟੀ ਨੇ ਤਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਸਿੱਖਾਂ ਦੀ ਹੋ ਰਹੀ ਕਤਲੋਗਾਰਤ ਦੇ ਬਾਵਜੂਦ ਵੀ ਰਾਜੀਵ ਗਾਂਧੀ ਦੀ ਸਰਕਾਰ ਨੇ ਫੌਜ ਨੂੰ ਤਿੰਨ ਦਿਨ ਤੱਕ ਨਹੀਂ ਬੁਲਾਇਆ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਵ. ਪਿਤਾ ਆਈ. ਕੇ. ਗੁਜਰਾਲ, ਜਨਰਲ ਜਸਪ੍ਰੀਤ ਸਿੰਘ ਅਰੋੜਾ ਅਤੇ ਏਅਰਮਾਰਸ਼ਲ ਅਰਜੁਨ ਸਿੰਘ ਵਾਰ-ਵਾਰ ਉਸ ਸਮੇਂ ਫੌਜ ਨੂੰ ਬੁਲਾਉਣ ਅਤੇ ਸਿੱਖ ਕਤਲੇਆਮ ਨੂੰ ਰੋਕਣ ਦੀ ਬੇਨਤੀ ਕਰਨ ਲਈ ਵਾਰ ਵਾਰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਕੋਲ ਗਏ ਸਨ ਤੇ ਉਨ੍ਹਾਂ ਨੇ ਸਾਫ ਲਾਚਾਰੀ ਜਤਾਈ ਸੀ ਕਿ ਫੌਜ ਨੂੰ ਨਾ ਬੁਲਾਉਣ ਲਈ ਪ੍ਰਧਾਨ ਮੰਤਰੀ ਦੇ ਸਪੱਸ਼ਟ ਹੁਕਮ ਹਨ। ਉਨ੍ਹਾਂ ਕਿਹਾ ਕਿ ਤਰਾਸਦੀ ਇਹ ਸੀ ਕਿ ਰਾਸ਼ਟਰਪਤੀ, ਜਿਸ ਨੇ ਸਵ. ਪ੍ਰਧਾਨ ਮੰਤਰੀ ਤੋਂ ਇਕ ਦਿਨ ਪਹਿਲਾਂ ਸਹੁੰ ਚੁੱਕੀ ਸੀ, ਨੇ ਉਨ੍ਹਾਂ ਦੇ ਪਿਤਾ ਅਤੇ ਜਨਰਲ ਅਰੋੜਾ ਦੀ ਸ਼ਿਕਾਇਤ ਕੀਤੀ ਸੀ ਕਿ ਪ੍ਰਧਾਨ ਮੰਤਰੀ ਉਸ ਦੀ ਕਾਲ ਦਾ ਜਵਾਬ ਨਹੀਂ ਦੇ ਰਹੇ ਹਨ। ਜ਼ੈਲ ਸਿੰਘ ਦੀ ਸਪੁੱਤਰੀ ਨੇ ਵੀ ਇਸ ਬਾਰੇ ਵਿਚ ਲਿਖਿਆ ਹੈ।


Anuradha

Content Editor

Related News