ਜੋਤਿਸ਼ ਮਾਹਿਰਾਂ ਨੇ ਕੀਤੀ ਭਵਿੱਖਬਾਣੀ, ਮੋਦੀ ਲਈ ਸੌਖਾ ਨਹੀਂ 2019

12/06/2018 3:47:20 PM

ਲੁਧਿਆਣਾ (ਨਰੇਸ਼ ਕੁਮਾਰ) : ਕੁਝ ਦਿਨਾਂ ਬਾਅਦ ਚੜ੍ਹਨ ਵਾਲਾ ਨਵਾਂ ਸਾਲ ਦੇਸ਼ ਲਈ ਬਹੁਤ ਅਹਿਮੀਅਤ ਵਾਲਾ ਹੈ। 2019 'ਚ ਦੇਸ਼ 'ਚ ਲੋਕ ਸਭਾ ਦੀਆਂ ਆਮ ਚੋਣਾਂ ਹੋਣੀਆਂ ਹਨ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼, ਓਡਿਸ਼ਾ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾਵਾਂ ਲਈ ਵੀ ਵੋਟਾਂ ਪੈਣਗੀਆਂ। ਇਹੀ ਕਾਰਨ ਹੈ ਕਿ ਪੂਰਾ ਦੇਸ਼ ਇਹ ਜਾਣਨ ਦਾ ਇੱਛੁਕ ਹੈ ਕਿ ਆਖਿਰ ਇਨ੍ਹਾਂ ਚੋਣਾਂ ਦੇ ਨਤੀਜੇ ਕੀ ਹੋਣਗੇ ਅਤੇ ਆਉਣ ਵਾਲੇ ਨਵੇਂ ਸਾਲ 'ਚ ਕਿਹੜੀਆਂ-ਕਿਹੜੀਆਂ ਸਿਆਸੀ ਸ਼ਖਸੀਅਤਾਂ ਕਿੰਨੀਆਂ ਤਾਕਤਵਰ ਬਣਨਗੀਆਂ। 
ਇਸ ਤੋਂ ਇਲਾਵਾ ਨਵੇਂ ਸਾਲ 'ਚ ਹੋਣ ਵਾਲੀਆਂ ਗ੍ਰਹਿ ਤਬਦੀਲੀਆਂ ਦਾ ਆਮ ਲੋਕਾਂ 'ਤੇ ਕੀ ਅਸਰ ਹੋਵੇਗਾ, ਇਹ ਵੀ ਇਸ ਵਿਸ਼ੇਸ਼ ਸੀਰੀਜ਼ 'ਚ ਜੋਤਿਸ਼ ਦੀ ਨਜ਼ਰ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਅੱਜ ਅਸੀਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁੰਡਲੀ ਦਾ ਵਿਸ਼ਲੇਸ਼ਣ ਕਰਾਂਗੇ। ਲੁਧਿਆਣਾ ਅਤੇ ਜਲੰਧਰ ਦੇ ਜੋਤਸ਼ੀ ਇਹ ਦੱਸਣਗੇ ਕਿ ਆਖਿਰ ਨਰਿੰਦਰ ਮੋਦੀ 2019 'ਚ ਸੱਤਾ 'ਚ ਵਾਪਸੀ ਕਰਨਗੇ ਜਾਂ ਨਹੀਂ। ਜੋਤਸ਼ੀਆਂ ਦੇ ਵਿਸ਼ਲੇਸ਼ਣ ਤੋਂ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਮ ਕੁੰਡਲੀ 'ਚ 2014 ਦੀਆਂ ਚੋਣਾਂ ਵਰਗੀ ਗ੍ਰਹਿ ਸਥਿਤੀ ਨਹੀਂ ਹੈ। 2019 ਦੀਆਂ ਲੋਕ ਸਭਾ ਚੋਣਾਂ 'ਚ ਵੀ ਉਨ੍ਹਾਂ ਦਾ ਰਾਹ ਓਨਾ ਸੌਖਾ ਨਹੀਂ ਹੈ। 

ਕੁਰਸੀ ਲਈ ਕਰਨੇ ਪੈਣਗੇ ਜੋੜ-ਤੋੜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ 2019 ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਲਈ ਜਿੱਤ ਹਾਸਲ ਕਰਨਾ ਸੌਖਾ ਕੰਮ ਨਹੀਂ। ਚੋਣਾਂ ਦੌਰਾਨ 3 ਮਹੀਨਿਆਂ 'ਚ ਪ੍ਰਧਾਨ ਮੰਤਰੀ ਦੀ ਕੁੰਡਲੀ 'ਚ ਹੋਣ ਵਾਲਾ ਗ੍ਰਹਿਆਂ ਦਾ ਗੋਚਰ ਨਰਿੰਦਰ ਮੋਦੀ ਲਈ ਚੋਣਾਂ ਦੌਰਾਨ ਭਾਰੀ ਸੰਘਰਸ਼ ਵਲ ਇਸ਼ਾਰਾ ਕਰ ਰਿਹਾ ਹੈ। 6 ਫਰਵਰੀ ਨੂੰ ਮੰਗਲ ਪ੍ਰਧਾਨ ਮੰਤਰੀ ਦੀ ਕੁੰਡਲੀ 'ਚ 6ਵੇਂ ਭਾਵ 'ਚ ਆ ਜਾਏਗਾ। ਮੰਗਲ ਉਨ੍ਹਾਂ ਦੀ ਕੁੰਡਲੀ 'ਚ ਲਗਨ ਦਾ ਮਾਲਕ ਹੈ। ਲਗਨ ਦੇ ਮਾਲਕ ਦਾ ਛੇਵੇਂ ਭਾਵ ਵਿਚ ਹੋਣਾ ਆਪਣੇ-ਆਪ ਵਿਚ ਕਮਜ਼ੋਰੀ ਦਾ ਸੰਕੇਤ ਹੈ। ਇਸ ਦੌਰਾਨ 7 ਮਾਰਚ ਨੂੰ ਰਾਹੂ ਪ੍ਰਧਾਨ ਮੰਤਰੀ ਦੀ ਕੁੰਡਲੀ 'ਚ 8ਵੇਂ ਅਤੇ ਕੇਤੂ 10ਵੇਂ ਭਾਵ 'ਚ ਕੋਚਰ ਕਰੇਗਾ। ਰਾਹੂ-ਕੇਤੂ ਦੀ ਇਹ ਹਾਲਤ ਪੀ. ਐੱਮ. ਦੀ ਭਾਸ਼ਾ ਵਿਗਾੜਨ ਅਤੇ ਕਰੀਬੀਆਂ ਤੋਂ ਧੋਖਾ ਮਿਲਣ ਵਾਲੀ ਬਣ ਜਾਏਗੀ। ਰਾਹੂ 8ਵੇਂ ਭਾਵ 'ਚ ਉਂਝ ਵੀ ਸੱਤਾ ਤੋਂ ਉਤਾਰਨ ਦਾ ਕੰਮ ਕਰਦਾ ਹੈ। ਹਾਲਾਂਕਿ ਗੁਰੂ ਲਗਨ 'ਚ ਹੋਣ ਕਾਰਨ ਇਸ ਦਾ ਕੁਝ ਲਾਭ ਜ਼ਰੂਰ ਹੋਵੇਗਾ ਪਰ ਪੀ. ਐੱਮ. ਲਈ ਮੁੜ ਤੋਂ ਕੁਰਸੀ ਹਾਸਲ ਕਰਨੀ ਇੰਨਾ ਸੌਖਾ ਕੰਮ ਨਹੀਂ ਹੈ। ਭਾਜਪਾ ਨੂੰ ਪਿਛਲੀਆਂ ਚੋਣਾਂ 'ਚ 282 ਸੀਟਾਂ ਮਿਲੀਆਂ ਸਨ ਪਰ ਇਸ ਵਾਰ ਇਹ ਅੰਕੜਾ 200 ਦੇ ਆਸ-ਪਾਸ ਅਟਕ ਸਕਦਾ ਹੈ। ਭਾਜਪਾ ਨੂੰ ਸਰਕਾਰ ਬਣਾਉਣ ਲਈ ਭਾਰੀ ਜੋੜ-ਤੋੜ ਕਰਨੇ ਪੈਣਗੇ। -ਰਾਜਿੰਦਰ ਬਿੱਟੂ, ਮਿੱਠਾ ਬਾਜ਼ਾਰ ਜਲੰਧਰ

ਸ਼ਨੀ ਮੁੜ ਦਿਵਾਏਗਾ ਪੀ. ਐੱਮ. ਦੀ ਕੁਰਸੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁੰਡਲੀ 'ਚ ਜਦੋਂ ਸ਼ਨੀ ਦੀ ਸਾੜ੍ਹਸਤੀ ਸ਼ੁਰੂ ਹੋਈ ਤਾਂ ਉਸ 'ਚ ਉਨ੍ਹਾਂ ਨੂੰ ਪੀ. ਐੱਮ. ਦੀ ਚੋਣ ਲੜਨ ਦਾ ਮੌਕਾ ਮਿਲਿਆ। ਉਹ ਚੋਣਾਂ 'ਚ ਜਿੱਤ ਹਾਸਲ ਕਰ ਕੇ ਪ੍ਰਧਾਨ ਮੰਤਰੀ ਬਣੇ। ਸ਼ਨੀ ਦੀ ਸਾੜ੍ਹਸਤੀ ਦਾ ਇਸ ਸਮੇਂ ਉਨ੍ਹਾਂ 'ਤੇ ਤੀਜਾ ਪੜਾਅ ਚੱਲ ਰਿਹਾ ਹੈ। ਇਸ ਪੜਾਅ 'ਚ ਉਨ੍ਹਾਂ ਨੂੰ ਇਕ ਵਾਰ ਮੁੜ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲੇਗਾ। ਅਪ੍ਰੈਲ 2019 'ਚ ਜਦੋਂ ਵੋਟਾਂ ਪੈਣਗੀਆਂ ਤਾਂ ਉਨ੍ਹਾਂ 'ਤੇ ਚੰਦਰ 'ਚ ਕੇਤੂ ਦੀ ਦਸ਼ਾ ਚੱਲੇਗੀ। ਕੇਤੂ ਉਨ੍ਹਾਂ ਦੀ ਕੁੰਡਲੀ 'ਚ 11ਵੇਂ ਘਰ 'ਚ ਬਿਰਾਜਮਾਨ ਹੈ। ਉਹ ਸੂਰਜ ਦੇ ਨਾਲ ਬੈਠਾ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਸਮੇਂ ਉਨ੍ਹਾਂ ਦੇ ਨਜ਼ਦੀਕੀ ਲੋਕ ਧੋਖਾ ਦੇਣ ਦੀ ਜ਼ਰੂਰ ਕੋਸ਼ਿਸ਼ ਕਰਨਗੇ ਜਾਂ ਕੋਈ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸਮੇਂ ਨਰਿੰਦਰ ਮੋਦੀ ਦੀ ਕਿਸੇ ਗੱਲ ਨੂੰ ਲੈ ਕੇ ਜਾਂ ਉਨ੍ਹਾਂ ਦੇ ਭਾਸ਼ਣ ਜਾਂ ਧਿਆਨ 'ਚ ਕਿਸੇ ਗੱਲ ਨੂੰ ਫੜ ਕੇ ਕੋਈ ਜ਼ਰੂਰ ਉਨ੍ਹਾਂ ਦੀ ਮਾਣਹਾਨੀ ਕਰ ਸਕਦਾ ਹੈ। ਇਸ ਦਿਸ਼ਾ 'ਚ ਉਨ੍ਹਾਂ ਨੂੰ ਜ਼ਰੂਰ ਕਿਸੇ ਨਾ ਕਿਸੇ ਹੈਲਥ ਇਸ਼ੂ ਜਾਂ ਮੇਜਰ ਬੀਮਾਰੀ ਵਿਚੋਂ ਲੰਘਣਾ ਪੈ ਸਕਦਾ ਹੈ। ਉਨ੍ਹਾਂ ਦੀ ਕੁੰਡਲੀ ਦੇ ਗ੍ਰਹਿ ਯੋਗਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਪਰ 2019 'ਚ ਉਨ੍ਹਾਂ ਦੇ ਦੁਸ਼ਮਣ ਵਧਦੇ ਜਾਣਗੇ। -ਅੰਕੁਸ਼ ਕੱਕੜ, ਬਰਾਊਨ ਰੋਡ ਲੁਧਿਆਣਾ 

PunjabKesari

ਰਾਹ ਸੌਖਾ ਨਹੀਂ, ਮੰਗਲ ਬਣੇਗਾ ਤਾਰਨਹਾਰ
ਚੜ੍ਹਦੇ ਸਾਲ ਅਪ੍ਰੈਲ-ਮਈ ਦੌਰਾਨ ਦੇਸ਼ 'ਚ ਜਦੋਂ ਚੋਣਾਂ ਹੋਣਗੀਆਂ ਤਾਂ ਚੋਣਾਂ ਦੇ ਅੱਧ ਭਾਵ 30 ਅਪ੍ਰੈਲ ਦੇ ਆਸ-ਪਾਸ ਪ੍ਰਧਾਨ ਮੰਤਰੀ ਦੀ ਕੁੰਡਲੀ 'ਚ ਬ੍ਰਹਿਸਪਤੀ ਲਗਨ 'ਚ ਗੋਚਰ ਕਰ ਰਿਹਾ ਹੋਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਦੀ ਕੁੰਡਲੀ 'ਚ ਚੰਦਰਮਾ ਦੀ ਮਹਾਦਸ਼ਾ ਵਿਚ ਕੇਤੂ ਦੀ ਅੰਤਰਦਸ਼ਾ ਸ਼ੁਰੂ ਹੋਵੇਗੀ ਅਤੇ ਅੰਤਰਦਸ਼ਾ ਵਿਚ 11 ਮਾਰਚ ਤੱਕ ਪ੍ਰਤਯੰਤਰ ਵੀ ਕੇਤੂ ਦਾ ਹੀ ਹੋਵੇਗਾ। ਇਸ ਪਿੱਛੋਂ ਪ੍ਰਤਯੰਤਰ 'ਚ ਸ਼ੁੱਕਰ ਦੀ ਦਸ਼ਾ ਸ਼ੁਰੂ ਹੋ ਜਾਏਗੀ। ਅਜਿਹੇ ਹਾਲਾਤ 'ਚ ਪ੍ਰਧਾਨ ਮੰਤਰੀ ਨੂੰ ਮਹਿਲਾ ਵੋਟਰਾਂ ਦਾ ਸਾਥ ਮਿਲ ਸਕਦਾ ਹੈ ਪਰ ਇਸ ਦਰਮਿਆਨ ਸਭ ਤੋਂ ਦਿਲਚਸਪ ਸਥਿਤੀ ਮੰਗਲ ਦੀ ਬਣ ਰਹੀ ਹੈ। ਮੰਗਲ ਪ੍ਰਧਾਨ ਮੰਤਰੀ ਦੀ ਕੁੰਡਲੀ 'ਚ ਲਗਨ ਦਾ ਮਾਲਕ ਹੈ। ਚੰਦਰਮਾ ਨਾਲ ਮਿਲ ਕੇ ਲਗਨ ਵਿਚ ਰੂਚਕ ਯੋਗ ਬਣ ਰਿਹਾ ਹੈ। ਮੰਗਲ 22 ਮਾਰਚ ਨੂੰ ਪ੍ਰਧਾਨ ਮੰਤਰੀ ਦੀ ਕੁੰਡਲੀ 'ਚ ਸੱਤਵੇਂ ਭਾਵ ਤੋਂ ਗੋਚਰ ਕਰਦਾ ਹੋਇਆ ਕੇਂਦਰ ਵਿਚ ਜਾਏਗਾ ਅਤੇ ਲਗਨ 'ਤੇ ਦ੍ਰਿਸ਼ਟੀ ਪਾਏਗਾ। ਜੇ ਚੋਣਾਂ 7 ਮਈ ਤੋਂ ਪਹਿਲਾਂ ਮੁਕੰਮਲ ਹੁੰਦੀਆਂ ਹਨ ਤਾਂ ਮੰਗਲ ਸੱਤਵੇਂ ਘਰ ਵਿਚ ਹੀ ਰਹੇਗਾ। ਇਸ ਦਾ ਪ੍ਰਧਾਨ ਮੰਤਰੀ ਨੂੰ ਲਾਭ ਮਿਲ ਸਕਦਾ ਹੈ। ਪ੍ਰਧਾਨ ਮੰਤਰੀ ਲਈ ਸਿਤਾਰੇ 2014 ਵਰਗੇ ਮਜ਼ਬੂਤ ਨਹੀਂ ਹਨ। ਉਨ੍ਹਾਂ ਨੂੰ ਇਸ ਵਾਰ ਚੋਣਾਂ ਦੌਰਾਨ ਭਾਰੀ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪਏਗਾ। ਇਸ ਦੇ ਬਾਵਜੂਦ ਉਨ੍ਹਾਂ ਦੇ ਸੱਤਾ ਵਿਚ ਵਾਪਸ ਆਉਣ ਦੇ ਯੋਗ ਹਨ।  –ਬਿੰਦੂ ਭਾਟੀਆ, ਕਿਚਲੂ ਨਗਰ, ਲੁਧਿਆਣਾ

ਪੀ. ਐੱਮ. ਦੀ ਕੁੰਡਲੀ 'ਚ 6 ਵੱਡੇ ਯੋਗ
ਰਾਜਯੋਗ : ਕੇਂਦਰ ਵਿਚ ਚੰਦਰ ਅਤੇ ਮੰਗਲ ਦੇ ਸੁਮੇਲ ਨਾਲ ਬਣਦਾ ਹੈ।
ਗਜ ਕੇਸਰੀ ਯੋਗ : ਬ੍ਰਹਿਸਪਤੀ ਦੇ ਚੰਦਰਮਾ ਤੋਂ ਚੌਥੇ ਘਰ ਵਿਚ ਹੋਣ ਨਾਲ ਬਣਦਾ ਹੈ।
ਰੂਚਕ ਮਹਾਪੁਰਸ਼ ਯੋਗ :  ਮੰਗਲ ਦੇ ਕੇਂਦਰ ਵਿਚ ਆਪਣੀ ਰਾਸ਼ੀ ਵਿਚ ਹੋਣ ਨਾਲ ਬਣਦਾ ਹੈ।
ਪਰਵਤ ਯੋਗ : ਮੰਗਲ ਦੇ ਕੇਂਦਰ ਵਿਚ ਅਤੇ 6ਵੇਂ ਤੇ 8ਵੇਂ ਭਾਵ ਵਿਚ ਕੋਈ ਗ੍ਰਹਿ ਨਾ ਹੋਣ ਕਾਰਨ ਬਣਦਾ ਹੈ। 
ਨੀਚ ਭੰਗ ਰਾਜਯੋਗ :  ਨੀਚ ਦੇ ਚੰਦਰਮਾ ਦੇ  ਆਪਣੀ ਰਾਸ਼ੀ ਦੇ ਮੰਗਲ ਨਾਲ ਕੇਂਦਰ ਵਿਚ ਹੋਣ ਨਾਲ ਬਣਦਾ ਹੈ।
ਕਰਮਜੀਵਾ ਯੋਗ : ਬੁੱਧ ਦੇ ਦਸਵੇਂ ਭਾਵ ਦੇ ਮਾਲਕ ਨਾਲ ਹੋਣ ਕਾਰਨ ਬਣਦਾ ਹੈ।


Anuradha

Content Editor

Related News