ਨਕੋਦਰ : ਕਰਫਿਊ ਦੌਰਾਨ ਪੁਲਸ ਨੇ ਮਨਾਇਆ ਇਕ ਸਾਲ ਦੇ ਬੱਚੇ ਦਾ ਜਨਮ ਦਿਨ

Friday, Apr 24, 2020 - 01:07 AM (IST)

ਨਕੋਦਰ : ਕਰਫਿਊ ਦੌਰਾਨ ਪੁਲਸ ਨੇ ਮਨਾਇਆ ਇਕ ਸਾਲ ਦੇ ਬੱਚੇ ਦਾ ਜਨਮ ਦਿਨ

ਨਕੋਦਰ,( ਪਾਲੀ) -ਜਿੱਥੇ ਅੱਜ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਪੁਲਸ ਦਿਨ ਰਾਤ ਲੋਕਾਂ ਦੀ ਸੁਰੱਖਿਆ 'ਚ ਲੱਗੀ ਹੋਈ ਹੈ, ਉੱਥੇ ਹੀ ਨਕੋਦਰ ਪੁਲਸ ਵੀ ਆਪਣੇ ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਡਿਊਟੀ ਬਾਖੁਬੀ ਨਿਭਾ ਰਹੀ ਹੈ। ਥਾਣਾ ਸਿਟੀ ਨਕੋਦਰ ਦੇ ਐਸ. ਐਚ. ਓ.ਅਮਨ ਸੈਣੀ ਹਰ ਸਮੇਂ ਲੋਕਾਂ ਦੀ ਸੁਰੱਖਿਆ ਲਈ ਸ਼ਹਿਰ 'ਚ ਪੈਟਰੋਲਿੰਗ ਕਰ ਰਹੇ ਹਨ ਅਤੇ ਹਰ ਗਲੀ ਮੁਹੱਲੇ, ਸੜਕਾਂ ਤੇ ਗਸ਼ਤ ਕਰ ਲੋਕਾਂ ਨੂੰ ਘਰਾਂ 'ਚ ਸੁਰੱਖਿਅਤ ਰਹਿਣ ਲਈ ਅਪੀਲ ਕਰ ਰਹੇ ਹਨ। ਉੱਥੇ ਹੀ ਅੱਜ ਐਸ. ਐਚ. ਓ. ਅਮਨ ਸੈਣੀ ਨੂੰ ਨਕੋਦਰ ਦੇ ਮੁੱਹਲਾ ਸੁੰਦਰ ਨਗਰ ਵਾਸੀ ਰਾਜਾ ਸ਼ਰਮਾ ਦਾ ਫੋਨ ਆਇਆ ਕਿ ਅੱਜ ਸਾਡੇ ਬੱਚੇ ਨਵੀਸ਼ ਦਾ ਪਹਿਲਾਂ ਜਨਮ ਦਿਨ ਹੈ ਪਰ ਕਰਫਿਊ ਕਾਰਨ ਅਸੀਂ ਉਸ ਦਾ ਜਨਮ ਦਿਨ ਨਹੀਂ ਮਨਾ ਸਕਦੇ ਤਾਂ ਐਸ. ਐਚ. ਓ. ਅਮਨ ਸੈਣੀ ਨੇ ਪੁਲਸ ਟੀਮ ਨਾਲ ਉਨ੍ਹਾਂ ਦੇ ਘਰ ਪਹੁੰਚ ਕੇ ਬੱਚੇ ਨੂੰ ਕੇਕ, ਗੁਬਾਰੇ ਅਤੇ ਹੋਰ ਸਮਾਨ ਪਹੁੰਚਾਇਆ ਅਤੇ ਉਹਨਾਂ ਦੇ ਘਰ ਦੇ ਬਾਹਰ ਹੀ ਕੇਕ ਕੱਟ ਕੇ ਜਨਮ ਦਿਨ ਮਨਾਇਆ। ਜਿਸ ਨੂੰ ਦੇਖ ਕੇ ਬੱਚੇ ਦੇ ਮਾਤਾ ਅਰਚਨਾਂ ਸ਼ਰਮਾ, ਪਿਤਾ ਰਾਜਾ ਸ਼ਰਮਾ ਅਤੇ ਹੋਰ ਪਰਿਵਾਰਿਕ ਮੈਂਬਰ ਅਤੇ ਮੁਹੱਲੇ ਦੇ ਲੋਕ ਬਹੁਤ ਖੁਸ਼ ਹੋਏ। ਇਸ ਦੌਰਾਨ ਐਸ. ਐਚ. ਓ.ਅਮਨ ਸੈਣੀ ਅਤੇ ਸਿਟੀ ਪੁਲਸ ਦੇ ਇਸ ਉਪਰਾਲੇ ਦੀ ਲੋਕਾਂ ਨੇ ਸ਼ਲਾਘਾ ਕੀਤੀ।


 


author

Deepak Kumar

Content Editor

Related News