''ਬੋਲੇ ਸੋ ਨਿਹਾਲ'' ਦੇ ਜੈਕਾਰਿਆਂ ਨਾਲ ਅਲੌਕਿਕ ਨਗਰ ਕੀਰਤਨ ਦੀ ਆਰੰਭਤਾ

12/25/2018 3:20:27 PM

ਮਾਛੀਵਾੜਾ ਸਾਹਿਬ (ਟੱਕਰ) : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਨਗਰੀ ਮਾਛੀਵਾੜਾ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਉਨ੍ਹਾਂ ਦੀ ਆਮਦ ਦੀ ਯਾਦ 'ਚ ਲੱਗਦਾ ਤਿੰਨ ਦਿਨਾਂ ਸਿੰਘ ਸਭਾ ਦੇ ਅੰਤਿਮ ਦਿਨ ਇੱਕ ਆਲੌਕਿਕ ਨਗਰ ਕੀਰਤਨ ਦੀ ਆਰੰਭਤਾ ਹੋਈ। ਮੰਗਲਵਾਰ ਸਵੇਰੇ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਸ਼ਰਧਾਲੂਆਂ ਨੇ ਹਿੱਸਾ ਲੈ ਕੇ ਆਪਣਾ ਜੀਵਨ ਸਫਲ ਕੀਤਾ।

ਸਵੇਰੇ 11 ਵਜੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਪਾਲਕੀ 'ਚ ਸ਼ੁਸੋਭਿਤ ਕਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਨਗਰ ਕੀਰਤਨ ਨੂੰ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਸਿਰੋਪਾਓ ਭੇਂਟ ਕਰਕੇ ਰਵਾਨਾ ਕੀਤਾ। ਇਹ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਸ਼੍ਰੀ ਗਨੀ ਖਾਂ ਨਬੀ ਖਾਂ ਸਾਹਿਬ, ਗੁਰਦੁਆਰਾ ਚੁਬਾਰਾ ਸਾਹਿਬ ਅਤੇ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਦੇ ਦਰਸ਼ਨ ਕਰਦਾ ਹੋਇਆ ਵਾਪਸ ਗੁ. ਚਰਨ ਕੰਵਲ ਸਾਹਿਬ ਵਿਖੇ ਹੀ ਸਮਾਪਤ ਹੋਇਆ। ਚਰਨ ਕੰਵਲ ਚੌਂਕ ਵਿਖੇ ਸ਼ਰਧਾਲੂਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ  ਉਥੇ, ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨੇ ਇਸ ਇਤਿਹਾਸਕ ਨਗਰੀ ਨੂੰ ਖਾਲਸਾਈ ਰੰਗ ਵਿੱਚ ਰੰਗ ਦਿੱਤਾ। ਇਸ ਨਗਰ ਕੀਰਤਨ ਦੇ ਸਵਾਗਤ ਲਈ ਬਜਾਰ ਵਿੱਚ ਦੁਕਾਨਦਾਰਾਂ ਵੱਲੋਂ ਜਿੱਥੇ ਸਜਾਵਟੀ ਗੇਟ ਲਗਾਏ ਗਏ ਸਨ ਉਥੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ।

ਨਗਰ ਕੀਰਤਨ 'ਚ ਸ਼ਾਮਿਲ ਜੁਝਾਰੂ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਮਾਤਾ ਹਰਦੇਈ ਸਤਿਸੰਗ ਸਭਾ ਦੀਆਂ ਸ਼ਰਧਾਲੂ ਔਰਤਾਂ ਵੱਲੋਂ  ਵੀ ਨਗਰ ਕੀਰਤਨ ਵਿੱਚ ਆਪਣੀ ਵਿਸ਼ੇਸ਼ ਹਾਜ਼ਰੀ ਲਗਵਾਈ ਗਈ। ਇਸ ਤੋਂ ਇਲਾਵਾ ਪੁਲਿਸ ਵਿਭਾਗ ਵਲੋਂ ਵੀ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਪੁਲਿਸ ਜਿਲ੍ਹਾ ਖੰਨਾ ਦੇ ਐਸ.ਐਸ.ਪੀ ਧਰੁਵ ਦਹੀਆ, ਐਸ.ਪੀ ਜਸਵੀਰ ਸਿੰਘ, ਡੀ.ਐਸ.ਪੀ ਹਰਸਿਮਰਤ ਸਿੰਘ ਛੇਤਰਾ, ਡੀ.ਐਸ.ਪੀ ਜਗਵਿੰਦਰ ਸਿੰਘ ਚੀਮਾ, ਡੀ.ਐਸ.ਪੀ ਸੁਖਨਾਜ ਸਿੰਘ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ। 


Babita

Content Editor

Related News