ਨਗਰ ਕੀਰਤਨ ਝਾਂਸਾ ਮਾਮਲੇ ''ਚ ਬਾਦਲ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ

10/11/2019 10:27:11 AM

ਜਲੰਧਰ (ਚਾਵਲਾ) - ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਕੱਢਣ ਦਾ ਝਾਂਸਾ ਦੇ ਕੇ ਸੰਗਤਾਂ ਦੀ ਦਸਵੰਧ ਰੂਪੀ ਮਾਇਆ ਤੇ ਗਹਿਣਿਆਂ ਨੂੰ ਧਾਰਮਿਕ ਸ਼ਰਧਾ ਦੇ ਨਾਂ 'ਤੇ ਹੜੱਪਣ ਦੇ ਦੋਸ਼ੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦਾ ਵਿਰੋਧ ਹੁਣ ਸੜਕਾਂ 'ਤੇ ਹੋਵੇਗਾ। ਇਸ ਦਾ ਐਲਾਨ ਨਵੀਂ ਬਣੀ ਧਾਰਮਿਕ ਪਾਰਟੀ ਜਾਗੋ-ਜਗ ਆਸਰਾ ਗੁਰੂ ਓਟ ਦੇ ਵਲੋਂ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ 'ਚ 14 ਅਕਤੂਬਰ ਨੂੰ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦਿੱਲੀ ਦੇ ਸਫਦਰਜੰਗ ਰੋਡ 'ਤੇ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਦੀ ਸੰਗਤ ਨੂੰ ਮੂਰਖ ਸਮਝਦੇ ਹੋਏ ਨਗਰ ਕੀਰਤਨ ਦੇ ਨਾਂ 'ਤੇ ਕੌਮ ਨੂੰ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਗੁੰਮਰਾਹ ਕੀਤਾ ਹੈ। ਪਰਮਿੰਦਰ ਨੇ ਕਿਹਾ ਕਿ ਇਨ੍ਹਾਂ ਦਾ ਗੁੰਮਰਾਹਪੂਰਨ ਪ੍ਰਚਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੱਲ ਸ਼ਾਮ ਨੂੰ ਨਗਰ ਕੀਰਤਨ 'ਤੇ ਰੋਕ ਲਾਉਣ ਦੇ ਆਦੇਸ਼ ਦੇਣ ਤੋਂ 3 ਘੰਟੇ ਪਹਿਲਾਂ ਤੱਕ ਲਗਾਤਾਰ ਜਾਰੀ ਰਿਹਾ। ਇਨ੍ਹਾਂ ਨੇ ਗ੍ਰੰਥੀ ਸਿੰਘਾਂ ਨੂੰ ਵੀ ਆਪਣੇ ਭਰਮ ਜਾਲ ਦਾ ਪਾਤਰ ਬਣਾ ਕੇ ਸਿੱਖ ਮਾਨਤਾਵਾਂ ਅਤੇ ਪ੍ਰੰਪਰਾਵਾਂ ਦੀ ਅਣਦੇਖੀ ਕੀਤੀ ਹੈ, ਜਿਸ ਦੇ ਲਈ ਸਿੱਧੇ ਤੌਰ 'ਤੇ ਅਕਾਲੀ ਦਲ ਦੇ ਪ੍ਰਧਾਨ ਆਪਣੀ ਜ਼ਿੰਮੇਦਾਰੀ ਤੋਂ ਬਚ ਨਹੀਂ ਸਕਦੇ।

ਸਾਡੇ ਮੁਜ਼ਾਹਰੇ ਦੀ ਮੁੱਖ ਮੰਗ  “ਨਗਰ ਕੀਰਤਨ ਬਨਾਮ ਗੈਰ-ਜ਼ਰੂਰੀ ਵਸੂਲੀ'' ਦੇ ਸਾਜ਼ਿਸ਼ਕਰਤਾ ਅਤੇ ਦੋਸ਼ੀਆਂ ਨੂੰ ਪੰਥਕ ਸੇਵਾ ਤੋਂ ਬਾਹਰ ਕਰਨਾ ਹੈ। ਨਾਲ ਹੀ ਸੋਨੇ ਦੀ ਪਾਲਕੀ ਦੇ ਨਾਂ 'ਤੇ ਆਏ ਕਰੋੜਾਂ ਰੁਪਏ ਤੇ ਕਈ ਕਿਲੋ ਸੋਨੇ ਦੇ ਗਹਿਣਿਆਂ ਦਾ ਇਸਤੇਮਾਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਬਿਹਤਰੀ, ਸਟਾਫ ਨੂੰ ਤਨਖਾਹ ਦੇਣ ਅਤੇ ਜ਼ਰੂਰਤਮੰਦ ਬੱਚਿਆਂ ਦੀ ਫੀਸ ਮੁਆਫੀ ਜਿਵੇਂ ਮਦਾਂ 'ਤੇ ਖਰਚ ਕਰਨ ਲਈ ਹੋਏ, ਇਹ ਸਾਡੀ ਮੰਗ 'ਚ ਸ਼ਾਮਲ ਹੈ। ਪਰਮਿੰਦਰ ਨੇ ਸਾਫ਼ ਕੀਤਾ ਕਿ ਸਾਡਾ ਵਿਰੋਧ ਦਿੱਲੀ ਕਮੇਟੀ ਦੇ ਖਿਲਾਫ ਨਹੀਂ ਹੈ, ਕਿਉਂਕਿ ਕਮੇਟੀ ਕੌਮ ਨੂੰ ਕੁਰਬਾਨੀਆਂ ਦੇ ਬਾਅਦ ਪ੍ਰਾਪਤ ਹੋਈ ਸਨਮਾਨਿਤ ਸੰਸਥਾ ਹੈ ਪਰ ਸਾਡਾ ਵਿਰੋਧ ਕਮੇਟੀ ਉੱਤੇ ਕਾਬਜ਼ ਮਾਫੀਆ ਸੰਸਕ੍ਰਿਤੀ ਖਿਲਾਫ ਹੈ, ਜੋ ਕਿ ਲਗਾਤਾਰ ਕੌਮ ਦੀਆਂ ਭਾਵਨਾਵਾਂ ਦੇ ਸ਼ੋਸ਼ਣ ਦਾ ਪ੍ਰਤੀਕ ਬਣ ਰਹੀ ਹੈ।


rajwinder kaur

Content Editor

Related News