ਐੱਨ. ਓ. ਸੀ. ਨਾ ਮਿਲਣ ਦੇ ਬਾਵਜੂਦ ਹਰਸਿਮਰਤ ਬਾਦਲ ਨੇ ਏਮਜ਼ ਦੀ ਪਹਿਲੀ ਇੱਟ ਲਾਈ

Saturday, Aug 25, 2018 - 07:20 AM (IST)

ਬਠਿੰਡਾ, (ਬਲਵਿੰਦਰ)- ਅੱਜ ਇਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚਾਰੇ ਧਰਮਾਂ ਦੀ ਅਰਦਾਸ ਕਰਵਾਉਣ ਉਪਰੰਤ ਪੰਜਾਬ ਦੇ ਅਹਿਮ ਪ੍ਰਾਜੈਕਟ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, (ਏਮਜ਼) ਬਠਿੰਡਾ ਦੇ ਨਿਰਮਾਣ ਦੀ ਪਹਿਲੀ ਇੱਟ ਲਾਈ, ਜਦਕਿ ਪੰਜਾਬ ਸਰਕਾਰ ਵਲੋਂ ਇਸ ਵਾਸਤੇ ਲੋੜੀਂਦੀਆਂ ਮਨਜ਼ੂਰੀਆਂ ਵੀ ਨਹੀਂ ਦਿੱਤੀਆਂ ਗਈਆਂ।  ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਅੰਦਰ 10 ਏਮਜ਼ ਹਸਪਤਾਲ ਤੇ ਮੈਡੀਕਲ ਕਾਲਜ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਤਹਿਤ ਇਕ ਪੰਜਾਬ ਵਿਚ ਵੀ ਬਣਨਾ ਸੀ, ਜਿਸ ਦਾ ਨੀਂਹ ਪੱਥਰ ਸਭ ਤੋਂ ਪਹਿਲਾਂ ਰੱਖਿਆ ਗਿਆ ਹੈ। ਪਹਿਲਾਂ ਪੰਜਾਬ ਦਾ ਏਮਜ਼ ਅੰਮ੍ਰਿਤਸਰ ਵਿਚ ਬਣਨਾ ਸੀ ਪਰ ਹਰਸਿਮਰਤ ਬਾਦਲ ਏਮਜ਼ ਨੂੰ ਆਪਣੇ ਹਲਕੇ ਬਠਿੰਡਾ ਵਿਚ ਲਿਆਉਣ ਲਈ ਕਾਮਯਾਬ ਰਹੇ। 
ਬੀਬਾ ਬਾਦਲ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਯਤਨਸ਼ੀਲ ਹਨ ਕਿ ਏਮਜ਼ ਦਾ ਨਿਰਮਾਣ ਜਲਦੀ ਸ਼ੁਰੂ ਹੋ ਸਕੇ। ਕੇਂਦਰ ਸਰਕਾਰ ਵੱਲੋਂ ਹੋਣ ਵਾਲੇ ਕਾਰਜ ਮੁਕੰਮਲ ਕਰ ਕੇ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਕਿ ਲੋੜੀਂਦੇ ਐੱਨ. ਓ. ਸੀ. ਜਾਰੀ ਕੀਤੇ ਜਾਣ ਤਾਂ ਕਿ ਨਿਰਮਾਣ ਸ਼ੁਰੂ ਹੋ ਸਕੇ ਪਰ ਕੈਪਟਨ ਸਰਕਾਰ ਨੇ ਇਸ ਪਾਸੇ ਉੱਕਾ ਹੀ ਧਿਆਨ ਨਹੀਂ ਦਿੱਤਾ। ਬੀਬਾ ਬਾਦਲ ਨੇ ਕਿਹਾ ਕਿ ਇਹ ਪ੍ਰਾਜੈਕਟ ਜੂਨ 2018 ਵਿਚ ਸ਼ੁਰੂ ਹੋਣਾ ਸੀ ਤੇ ਫਰਵਰੀ 2019 ਤੱਕ ਓ. ਪੀ. ਡੀ. ਸ਼ੁਰੂ ਕਰਨੀ ਸੀ ਪਰ ਕੈਪਟਨ ਸਰਕਾਰ ਇਸ ਵਿਚ ਜਾਣ-ਬੁੱਝ ਕੇ ਦੇਰੀ ਕਰਵਾ ਰਹੀ ਹੈ। ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਇਹ ਪ੍ਰਾਜੈਕਟ ਸ਼ੁਰੂ ਕਰਵਾਇਆ ਤੇ ਫਰਵਰੀ 2019 ਤੱਕ ਹੀ ਓ. ਪੀ. ਡੀ. ਸ਼ੁਰੂ ਕੀਤੀ ਜਾਵੇਗੀ।
ਇਸ ਮੌਕੇ ਜ਼ਿਲਾ ਪ੍ਰਧਾਨ ਅਕਾਲੀ ਦਲ ਜਗਦੀਪ ਸਿੰਘ ਨਕਈ, ਸਾਬਕਾ ਵਿਧਾਇਕ ਸਰੂਪ ਸਿੰਗਲਾ, ਜੀਤਮਹਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਕੋਟਫੱਤਾ, ਅਮਿਤ ਰਤਨ ਇੰਚਾਰਜ ਹਲਕਾ ਬਠਿੰਡਾ ਦਿਹਾਤੀ, ਮੇਅਰ ਬਲਵੰਤ ਰਾਏ ਨਾਥ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਤੇਜਿੰਦਰ ਸਿੰਘ ਮਿੱਢੂਖੇੜਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਨੀਲ ਸਿੰਗਲਾ, ਜ਼ਿਲਾ ਪ੍ਰਧਾਨ ਵਿਨੋਦ ਬਿੱਟਾ, ਤਰਸੇਮ ਗੋਇਲ, ਗੁਰਿੰਦਰਪਾਲ ਕੌਰ ਮਾਂਗਟ ਆਦਿ ਮੌਜੂਦ ਸਨ।
ਮੈਂ ਕਿਸੇ ਨਾਲ ਠੱਗੀ ਨਹੀਂ ਮਾਰੀ, ਜੋ ਹਲਕਾ ਬਦਲਣਾ ਪਊ : ਹਰਸਿਮਰਤ
ਕੀ ਬੀਬਾ ਬਾਦਲ ਇਸ ਵਾਰ ਲੋਕ ਸਭਾ ਚੋਣਾਂ 'ਚ ਬਠਿੰਡਾ ਹਲਕਾ ਛੱਡ ਕੇ ਕਿਸੇ ਹਲਕੇ ਤੋਂ ਚੋਣ ਲੜਨਗੇ, ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੈਂ ਕਿਸੇ ਨਾਲ ਠੱਗੀ ਨਹੀਂ ਮਾਰੀ ਤੇ ਨਾ ਹੀ ਕਿਸੇ ਤੋਂ ਫੰਡ ਲਏ ਹਨ, ਕਿਸੇ 'ਤੇ ਵੀ ਗੁੰਡਾ ਟੈਕਸ ਨਹੀਂ ਲਾਇਆ ਤੇ ਨਾ ਹੀ ਕਿਸੇ ਲੋਕ ਹਿੱਤ ਕੰਮਾਂ 'ਚ ਅੜਿੱਕਾ ਬਣੀ ਹਾਂ। ਸਗੋਂ ਅਨੇਕਾਂ ਲੋਕ ਹਿੱਤ ਕੰਮ ਕੀਤੇ ਹਨ। ਫਿਰ ਮੈਨੂੰ ਹਲਕਾ ਬਦਲਣ ਦੀ ਕਿਉਂ ਲੋੜ ਪਊ। ਮੇਰਾ ਹਲਕਾ ਬਠਿੰਡਾ ਸੀ ਬਠਿੰਡਾ ਹੀ ਰਹੇਗਾ। ਕਾਂਗਰਸੀ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਪਰ ਲੋਕ ਹੁਣ ਇਨ੍ਹਾਂ ਦੀਆਂ ਚਾਲਾਂ ਤੋਂ ਵਾਕਿਫ ਹੋ ਚੁੱਕੇ ਹਨ।'


Related News