ਜਗਰਾਓਂ ''ਚ ਵੱਡੀ ਵਾਰਦਾਤ, ਸ਼ੱਕੀ ਹਾਲਾਤ ''ਚ ਵਿਅਕਤੀ ਦਾ ਕਤਲ
Sunday, Aug 04, 2019 - 06:55 PM (IST)

ਜਗਰਾਓਂ (ਸੁੱਖ ਜਗਰਾਓਂ) : ਇਥੋਂ ਦੇ ਪਿੰਡ ਕੋਠੇ ਸ਼ੇਰਜੰਗ 'ਚ ਬੀਤੀ ਰਾਤ ਸ਼ੱਕੀ ਹਾਲਾਤ ਵਿਚ ਇਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਸਬੀਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਕੋਠੇ ਸ਼ੇਰਜੰਗ ਵਜੋਂ ਹੋਈ ਹੈ। ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਮ੍ਰਿਤਕ ਦੇ ਅੱਠ ਸਾਲਾ ਬੱਚੇ ਅਰਮਾਨ ਨੇ ਅੰਦਰੋਂ ਲੱਗਾ ਘਰ ਦਾ ਦਰਵਾਜ਼ਾ ਖੋਲ੍ਹ ਕੇ ਗੁਆਂਢੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਵਾਰਦਾਤ ਵਿਚ ਮ੍ਰਿਤਕ ਦੀ ਪਤਨੀ ਦਲਜੀਤ ਕੌਰ ਵੀ ਗੰਭੀਰ ਜ਼ਖਮੀ ਹੋਈ ਹੈ।
ਹਸਪਤਾਲ ਵਿਚ ਜੇਰੇ ਇਲਾਜ ਦਲਜੀਤ ਕੌਰ ਨੇ ਦੱਸਿਆ ਕਿ ਉਹ ਅਤੇ ਉਸ ਦੇ ਪਤੀ ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਹਨ, ਇਸ ਲਈ ਉਹ ਜ਼ਿਆਦਾ ਹੋਸ਼ ਵਿਚ ਨਹੀਂ ਸਨ। ਉਕਤ ਨੇ ਦੱਸਿਆ ਕਿ ਅੱਧੀ ਰਾਤ ਨੂੰ ਉਸ ਦੇ ਘਰ 3-4 ਨਾਕਾਬਪੋਸ਼ ਵਿਅਕਤੀ ਦਾਖਲ ਹੋਏ ਅਤੇ ਉਸ ਨੂੰ ਕਿਹਾ ਕਿ ਜੋ ਕੁਝ ਵੀ ਹੈ ਕੱਢਣ ਨੂੰ ਕਿਹਾ। ਦਲਬੀਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਨਾਕਾਬਪੋਸ਼ਾਂ ਨੇ ਉਸ ਦੇ ਸਿਰ ਵਿਚ ਕੁਝ ਮਾਰ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ।
ਉਧਰ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਜੀ. ਐੱਸ. ਗੋਸਲ ਨੇ ਦੱਸਿਆ ਕਿ ਜਸਬੀਰ ਸਿੰਘ ਦਾ ਕਤਲ ਚਾਕੂਆਂ ਨਾਲ ਕੀਤਾ ਗਿਆ ਹੈ ਅਤੇ ਮਾਮਲਾ ਸ਼ੱਕੀ ਹੈ ਅਤੇ ਪੁਲਸ ਇਸ ਕੇਸ ਵਿਚ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਕਾ ਵਾਰਦਾਤ 'ਤੇ ਫਿੰਗਰ ਪ੍ਰਿੰਟ ਟੀਮਾਂ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।