ਮੋਹਾਲੀ 'ਚ ਵੱਡੀ ਵਾਰਦਾਤ, ਚੰਡੀਗੜ੍ਹ ਪੁਲਸ ਦੇ ਸੇਵਾਮੁਕਤ ਸਬ ਇੰਸਪੈਕਟਰ ਨੇ ਬੇਰਹਿਮੀ ਨਾਲ ਕਤਲ ਕੀਤੀ ਪਤਨੀ

Tuesday, Sep 07, 2021 - 03:27 PM (IST)

ਮੋਹਾਲੀ (ਨਿਆਮੀਆਂ, ਸੰਦੀਪ) : ਮੋਹਾਲੀ ਦੇ ਫੇਜ਼-11 ਵਿਖੇ ਰਹਿ ਰਹੇ ਚੰਡੀਗੜ੍ਹ ਪੁਲਸ ਦੇ ਇਕ ਸੇਵਾਮੁਕਤ ਸਬ ਇੰਸਪੈਕਟਰ ਨੇ ਮਾਮੂਲੀ ਝਗੜੇ ਤੋਂ ਬਾਅਦ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਰਤਾਰ ਸਿੰਘ ਨਾਂ ਦਾ ਇਹ ਵਿਅਕਤੀ ਚੰਡੀਗੜ੍ਹ ਪੁਲਸ ਵਿੱਚੋਂ ਸਬ ਇੰਸਪੈਕਟਰ ਦੇ ਤੌਰ 'ਤੇ ਸੇਵਾਮੁਕਤ ਹੋਇਆ ਹੈ ਅਤੇ ਆਪਣੀ ਪਤਨੀ ਨਾਲ ਇੱਥੇ ਇੱਕ ਮਕਾਨ ਵਿੱਚ ਰਹਿ ਰਿਹਾ ਸੀ। ਉਸਨੇ ਆਪਣੀ ਪਤਨੀ ਦਾ ਸਿਰ ਕਈ ਵਾਰ ਫਰਸ਼ 'ਤੇ ਪਟਕਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਦਰਵਾਜ਼ਾ ਬੰਦ ਕਰਕੇ ਆਪਣੀ ਪਤਨੀ ਦੀ ਲਾਸ਼ ਦੇ ਕੋਲ ਹੀ ਬੈਠਾ ਰਿਹਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਆਪ' ਦੇ ਸੀਨੀਅਰ ਆਗੂ 'ਸੰਜੇ ਸਿੰਘ' ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

ਸੂਚਨਾ ਮਿਲਣ ਤੋਂ ਬਾਅਦ ਲਗਭਗ 2 ਘੰਟਿਆਂ ਮਗਰੋਂ ਪੁਲਸ ਮੌਕੇ 'ਤੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਕਰਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮ੍ਰਿਤਕਾ ਦੀ ਪਛਾਣ 60 ਸਾਲਾ ਕੁਲਦੀਪ ਕੌਰ ਵਜੋਂ ਹੋਈ ਹੈ। ਪੁਲਸ ਨੇ ਕਰਤਾਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਐਸ. ਪੀ. ਸਿਟੀ ਮੋਹਾਲੀ ਹਰਵਿੰਦਰ ਸਿੰਘ ਵਿਰਕ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਕਰਤਾਰ ਸਿੰਘ ਦੇ ਦੋ ਪੁੱਤਰ ਹਨ। ਵੱਡਾ ਬੇਟਾ ਆਸਟ੍ਰੇਲੀਆ ਵਿੱਚ ਹੈ, ਜਦੋਂ ਕਿ ਛੋਟਾ ਬੇਟਾ ਐਸ. ਐਸ. ਪੀ. ਦਫ਼ਤਰ ਮੋਹਾਲੀ ਵਿੱਚ ਤਾਇਨਾਤ ਹੈ। ਸਵੇਰੇ ਜਦੋਂ ਕਰਤਾਰ ਸਿੰਘ ਦਾ ਛੋਟਾ ਬੇਟਾ ਦਫ਼ਤਰ ਗਿਆ ਤਾਂ ਕਰਤਾਰ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਵਿਚਕਾਰ ਲੜਾਈ ਹੋ ਗਈ। ਝਗੜਾ ਇਸ ਹੱਦ ਤੱਕ ਵਧ ਗਿਆ ਕਿ ਕਰਤਾਰ ਸਿੰਘ ਨੇ ਆਪਣੀ ਪਤਨੀ ਦਾ ਫਰਸ਼ ‘ਤੇ ਸਿਰ ਮਾਰ ਕੇ ਕਤਲ ਕਰ ਦਿੱਤਾ। ਸਾਰੇ ਕਮਰੇ ਵਿੱਚ ਖੂਨ ਵਗਿਆ ਹੋਇਆ ਸੀ।

ਇਹ ਵੀ ਪੜ੍ਹੋ : ਮਾਹਿਲਪੁਰ 'ਚ ਮਕਾਨ ਦੀ ਮੁਰੰਮਤ ਦੌਰਾਨ ਕੰਧ 'ਚੋਂ ਮਿਲਿਆ 'ਜ਼ਿੰਦਾ ਬੰਬ', ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਗੁਆਂਢੀਆਂ ਦਾ ਕਹਿਣਾ ਹੈ ਕਿ ਜਦੋਂ ਕਰਤਾਰ ਸਿੰਘ ਆਪਣੀ ਪਤਨੀ ਦੀ ਮਾਰ-ਕੁਟਾਈ ਕਰ ਰਿਹਾ ਸੀ ਤਾਂ ਉਸ ਦੀਆਂ ਚੀਕਾਂ ਘਰ ਦੇ ਬਾਹਰ ਸੁਣਾਈ ਦੇ ਰਹੀਆਂ ਸਨ। ਗੁਆਂਢੀਆਂ ਨੇ ਹੀ ਐੱਸ. ਐੱਸ. ਪੀ. ਦਫ਼ਤਰ ਵਿਚ ਨੌਕਰੀ ਕਰਦੇ ਕਰਤਾਰ ਸਿੰਘ ਦੇ ਪੁੱਤਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਨੂੰ ਤੁਰੰਤ ਘਰ ਪਹੁੰਚਣ ਲਈ ਵੀ ਕਿਹਾ। ਉਸ ਦੇ ਬੇਟੇ ਨੇ ਆਪਣੇ ਕਿਸੇ ਦੋਸਤ ਨੂੰ ਤੁਰੰਤ ਘਰ ਪਹੁੰਚਣ ਲਈ ਕਿਹਾ ਤਾਂ ਜੋ ਸਾਰੀ ਸਥਿਤੀ ਬਾਰੇ ਪਤਾ ਲਗਾਇਆ ਜਾ ਸਕੇ। ਜਦੋਂ ਉਸ ਦਾ ਦੋਸਤ ਉੱਥੇ ਪਹੁੰਚਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਦੋਸਤ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਾ ਆਇਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਖ਼ੌਫ਼ਨਾਕ ਵਾਰਦਾਤ, ਮੋਬਾਇਲ ਖੋਹ ਰਹੇ ਬਦਮਾਸ਼ਾਂ ਨੇ ਨਾਬਾਲਗ ਮੁੰਡੇ ਦੇ ਢਿੱਡ 'ਚ ਮਾਰਿਆ ਚਾਕੂ

ਇਸੇ ਦੌਰਾਨ ਪੁਲਸ ਨੇ ਆ ਕੇ ਦਰਵਾਜ਼ਾ ਤੋੜਿਆ ਤਾਂ ਵੇਖਿਆ ਕਿ ਅੰਦਰ ਸਾਰੇ ਫਰਸ਼ ਤੇ ਖੂਨ ਡੁੱਲ੍ਹਿਆ ਹੋਇਆ ਸੀ ਅਤੇ ਕੁਲਦੀਪ ਕੌਰ ਦੀ ਲਾਸ਼ ਫਰਸ਼ 'ਤੇ ਪਈ ਸੀ। ਉਸ ਦੇ ਨੇੜੇ ਹੀ ਕਰਤਾਰ ਸਿੰਘ ਸਿਰ ਸੁੱਟੀ ਬੈਠਾ ਸੀ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹੈਰਾਨੀ ਦੀ ਗੱਲ ਇਹ ਸੀ ਕਿ ਕਰਤਾਰ ਸਿੰਘ ਨੇ ਆਪਣੇ ਕੀਤੇ 'ਤੇ ਕਿਸੇ ਤਰ੍ਹਾਂ ਦਾ ਵੀ ਪਛਤਾਵਾ ਕਰਨ ਦੀ ਥਾਂ ਆਪਣੇ ਬੇਟੇ ਦੇ ਦੋਸਤ ਨੂੰ ਕਿਹਾ ਕਿ ਕੁਲਦੀਪ ਕੌਰ ਦੀ ਲਾਸ਼ ਆ ਪਈ ਹੈ, ਇਸ ਨੂੰ ਲੈ ਜਾਓ। ਇੱਥੇ ਇਹ ਗੱਲ ਵੀ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਕਰਤਾਰ ਸਿੰਘ ਨੇ ਸਾਲ 2017 ਵਿਚ ਵੀ ਆਪਣੇ ਸਾਲੇ 'ਤੇ ਗੋਲੀ ਚਲਾ ਦਿੱਤੀ ਸੀ। ਉਸ ਦਾ ਸਾਲਾ ਸੋਹਾਣਾ ਵਿਖੇ ਇੱਕ ਪੰਜਾਬੀ ਢਾਬਾ ਚਲਾਉਂਦਾ ਹੈ, ਜਿਸ ਦੀ ਛਾਤੀ ਅਤੇ ਪੱਟ ਵਿੱਚ ਗੋਲੀ ਲੱਗੀ ਸੀ। ਕਰਤਾਰ ਸਿੰਘ 4 ਸਾਲਾਂ ਤੋਂ ਜੇਲ੍ਹ ਵਿੱਚ ਸੀ ਅਤੇ ਸਿਰਫ 8 ਮਹੀਨੇ ਪਹਿਲਾਂ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News