ਲੁਧਿਆਣਾ 'ਚ ਰਾਤ ਦੇ ਹਨ੍ਹੇਰੇ ਦੌਰਾਨ ਵੱਡੀ ਵਾਰਦਾਤ, ਕਾਰੋਬਾਰੀ ਨੂੰ ਸੂਏ ਮਾਰ ਬੇਰਹਿਮੀ ਨਾਲ ਕੀਤਾ ਕਤਲ (ਵੀਡੀਓ)
Tuesday, Apr 11, 2023 - 04:26 PM (IST)
ਲੁਧਿਆਣਾ (ਨਰਿੰਦਰ, ਤਰੁਣ) : ਲੁਧਿਆਣਾ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਬੀਤੀ ਰਾਤ ਕੋਚਰ ਮਾਰਕਿਟ ਇਲਾਕੇ 'ਚ ਐਕਟਿਵਾ ਸਵਾਰ ਨੌਜਵਾਨਾਂ ਨੇ ਇਕ ਕਾਰੋਬਾਰੀ ਨੂੰ ਸੂਏ ਮਾਰ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਦੇ ਤੌਰ 'ਤੇ ਕੀਤੀ ਗਈ ਹੈ। ਫਿਲਹਾਲ ਪੁਲਸ ਨੇ 2 ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਨਜੀਤ ਸਿੰਘ ਦੀ ਮਾਡਲ ਗ੍ਰਾਮ ਇਲਾਕੇ 'ਚ ਮਨੀ ਐਕਸਚੇਂਜ ਦੀ ਦੁਕਾਨ ਹੈ, ਜਦੋਂ ਕਿ ਕਰੀਮਪੁਰਾ ਬਾਜ਼ਾਰ 'ਚ ਉਸ ਦੀ ਜੁੱਤਿਆਂ ਦੀ ਦੁਕਾਨ ਹੈ।
ਬੀਤੀ ਰਾਤ ਉਹ ਕਰੀਬ ਪੌਣੇ 9 ਵਜੇ ਕਰੀਮਪੁਰਾ ਬਾਜ਼ਾਰ ਤੋਂ ਮਾਡਲ ਗ੍ਰਾਮ ਸਥਿਤ ਘਰ ਨੂੰ ਨਿਕਲਿਆ। ਇਸ ਦੌਰਾਨ ਇਕ ਗਲੀ 'ਚ ਐਕਟਿਵਾ ਸਵਾਰ 2 ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਕਰੀਬ 5-6 ਮਿੰਟਾਂ ਤੱਕ ਦੋਹਾਂ ਵਿਚਕਾਰ ਬਹਿਸ ਹੋਈ। ਇਸ ਤੋਂ ਬਾਅਦ ਦੋਸ਼ੀਆਂ ਨੇ ਸੂਏ ਨਾਲ ਉਸ ਦੇ ਢਿੱਡ ਤੇ ਛਾਤੀ 'ਤੇ ਕਈ ਵਾਰ ਕੀਤੇ, ਜਿਸ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਲੁਟੇਰੇ ਮਨਜੀਤ ਸਿੰਘ ਦਾ ਬੈਗ ਵੀ ਲੈ ਕੇ ਫ਼ਰਾਰ ਹੋ ਗਏ, ਜਿਸ 'ਚ ਲੱਖਾਂ ਰੁਪਏ ਦੀ ਨਕਦੀ ਸੀ ਕਿਉਂਕਿ ਮਨਜੀਤ ਸਿੰਘ ਦਾ ਮਨੀ ਐਕਸਚੇਂਜ ਦਾ ਕੰਮ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ 'ਤੇ ਵਿਜੀਲੈਂਸ ਦਾ ਸ਼ਿਕੰਜਾ, ਜਾਰੀ ਕੀਤਾ ਨੋਟਿਸ
ਪੁਲਸ ਮੁਤਾਬਕ ਇਹ ਮਾਮਲਾ ਆਪਸੀ ਰੰਜਿਸ਼ ਦਾ ਲੱਗ ਰਿਹਾ ਹੈ। ਫਿਲਹਾਲ ਪੁਲਸ ਨੇ ਮ੍ਰਿਤਕ ਦੀ ਪਤਨੀ ਜੋਗਿੰਦਰ ਕੌਰ ਦੇ ਬਿਆਨਾਂ 'ਤੇ ਕਤਲ ਦੇ ਦੋਸ਼ 'ਚ ਦੋਹਾਂ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਚੁੱਕੀ ਹੈ। ਮਨਜੀਤ ਸਿੰਘ ਦੇ ਪਰਿਵਾਰ 'ਚ ਪਤਨੀ ਤੋਂ ਇਲਾਵਾ 2 ਧੀਆਂ ਅਤੇ ਇਕ ਪੁੱਤਰ ਹੈ। ਦੋਵੇਂ ਧੀਆਂ ਵਿਆਹੁਤਾ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਦਹਿਸ਼ਤ ਅਤੇ ਗਮ ਦਾ ਮਾਹੌਲ ਹੈ। ਮੰਗਲਵਾਰ ਦੁਪਹਿਰ ਨੂੰ ਇਲਾਕਾ ਪੁਲਸ ਨੇ ਮਨਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ