ਸ਼ਰਾਬ ਦੇ ਠੇਕੇਦਾਰ ਅਤੇ ਕਰਿੰਦਿਆਂ ਵੱਲੋਂ ਵਿਅਕਤੀ ਦੀ ਕੁੱਟਮਾਰ, ਮੌਤ

11/29/2017 4:01:56 AM

ਚਾਉਂਕੇ(ਸ਼ਾਮ)-ਇਥੋਂ ਪੰਜ ਕਿਲੋਮੀਟਰ ਦੂਰ ਪਿੰਡ ਬੱਲ੍ਹੋ ਵਿਖੇ ਸ਼ਰਾਬ ਦੇ ਠੇਕੇਦਾਰਾਂ ਅਤੇ ਕਰਿੰਦਿਆਂ ਵੱਲੋਂ ਆਬਕਾਰੀ ਵਿਭਾਗ ਦੇ ਪੁਲਸ ਕਰਮਚਾਰੀਆਂ ਨਾਲ ਮਿਲ ਕੇ ਗੁਡੀਆ ਪੱਤੀ ਸਥਿਤ ਘਰ 'ਚ ਨਾਜਾਇਜ਼ ਸ਼ਰਾਬ ਨੂੰ ਲੈ ਕੇ ਕੀਤੀ ਰੇਡ ਦੌਰਾਨ ਘਰ ਦੇ ਮਾਲਕ ਦੀ ਕਥਿਤ ਤੌਰ 'ਤੇ ਹੋਈ ਕੁੱਟਮਾਰ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਤੋਂ ਪਤਾ ਲੱਗਾ ਹੈ ਕਿ ਅੱਜ ਸ਼ਰਾਬ ਦੇ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਨੇ ਲੱਖਾ ਸਿੰਘ ਪੁੱਤਰ ਪੂਰਨ ਸਿੰਘ ਦੇ ਘਰ ਦਾਖਲ ਹੋ ਕੇ ਧੱਕੇ ਨਾਲ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਕੁੱਟਮਾਰ ਕਰਨ ਲੱਗ ਪਏ ਪਰ ਤਲਾਸ਼ੀ ਦੌਰਾਨ ਘਰੋਂ ਕੁਝ ਵੀ ਨਾ ਮਿਲਣ ਕਾਰਨ ਉਸ ਨੂੰ ਜ਼ਬਰਦਸਤੀ ਆਪਣੀ ਗੱਡੀ 'ਚ ਬਿਠਾਉਣ ਲੱਗੇ ਤਾਂ ਉਸ ਨੇ ਨਾਲ ਜਾਣ ਤੋਂ ਮਨ੍ਹਾ ਕਰਨ 'ਤੇ ਛਾਪਾਮਾਰੀ ਟੀਮ ਨੇ ਉਸ ਦੀ ਕੁੱਟਮਾਰ ਜਾਰੀ ਰੱਖੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਹ ਗੱਲ ਪਿੰਡ 'ਚ ਅੱਗ ਵਾਂਗ ਫੈਲ ਗਈ ਅਤੇ ਪਿੰਡ ਵਾਸੀ ਮ੍ਰਿਤਕ ਦੇ ਘਰ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਦੌਰਾਨ ਪਿੰਡ ਅੰਦਰ ਤਣਾਅਪੂਰਨ ਸਥਿਤੀ ਬਣ ਗਈ ਅਤੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਹੀ ਸਮੁੱਚੀਆਂ ਛਾਪੇਮਾਰੀ ਪਾਰਟੀਆਂ ਭੱਜ ਗਈਆਂ।ਪੁਲਸ ਚਾਉਂਕੇ ਚੌਕੀ ਦੇ ਇੰਚਾਰਜ ਗੁਰਦਰਸ਼ਨ ਸਿੰਘ ਨੇ ਕਿਹਾ ਹੈ ਕਿ ਪੁਲਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੀੜਤ ਪਰਿਵਾਰ ਨੂੰ ਜਾਂਚ ਕਰ ਕੇ ਇਨਸਾਫ ਦਿੱਤਾ ਜਾਵੇਗਾ। 
ਦੋਸ਼ ਬੇਬੁਨਿਆਦ : ਸ਼ਰਾਬ ਠੇਕੇਦਾਰ
ਸ਼ਰਾਬ ਦੇ ਠੇਕੇਦਾਰ ਦਿਨੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਤਾਂ ਫਰੀਦਕੋਟ ਗਏ ਹੋਏ ਹਨ, ਜਦਕਿ ਘਟਨਾ ਵਿਚ ਸ਼ਰਾਬ ਦੇ ਠੇਕੇਦਾਰਾਂ ਦਾ ਕੋਈ ਰੋਲ ਨਹੀਂ ਹੈ। ਭਾਕਿਯੂ ਦੇ ਆਗੂ ਮਿੱਠੂ ਸਿੰਘ ਬੱਲ੍ਹੋ, ਗੁਰਜੰਟ ਸਿੰਘ, ਅਮਰਜੀਤ ਸਿੰਘ, ਨਛੱਤਰ ਸਿੰਘ, ਬਹਾਦਰ ਸਿੰਘ ਪੰਚ, ਮਲਕੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਬੇਵਜ੍ਹਾ ਸ਼ਰਾਬ ਦੇ ਠੇਕੇਦਾਰ ਪਿੰਡ ਅੰਦਰ ਲੋਕਾਂ ਨੂੰ ਨਾਜਾਇਜ਼ ਸ਼ਰਾਬ ਵੇਚਣ ਦੀ ਆੜ ਹੇਠ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ ਜਦਕਿ ਪਿੰਡ ਅੰਦਰ ਨਾਜਾਇਜ਼ ਸ਼ਰਾਬ ਵੇਚਣ ਵਰਗਾ ਕੋਈ ਮੁੱਦਾ ਨਹੀਂ ਹੈ। 
ਕਿਸਾਨ ਯੂਨੀਅਨ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਜੇਕਰ ਪੁਲਸ ਨੇ ਸ਼ਰਾਬ ਦੇ ਠੇਕੇਦਾਰਾਂ ਅਤੇ ਕਰਿੰਦਿਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।


Related News