ਨਿਗਮ ਚੋਣਾਂ 27 ਨੂੰ ਤੈਅ ਹੋਵੇਗੀ ਨਵੇਂ ਸਿਰੇ ਤੋਂ ਵਾਰਡਬੰਦੀ ਦੀ ਰੂਪ-ਰੇਖਾ

09/24/2017 4:01:40 AM

ਲੁਧਿਆਣਾ(ਹਿਤੇਸ਼, ਕਮਲਜੀਤ)-ਸਰਕਾਰ ਨੇ ਚਾਹੇ ਤੈਅ ਸਮੇਂ 'ਤੇ ਨਗਰ ਨਿਗਮ ਚੋਣਾਂ ਨਹੀਂ ਕਰਵਾਈਆਂ ਪਰ ਨਵੇਂ ਸਿਰੇ ਤੋਂ ਵਾਰਡਬੰਦੀ ਕਰਵਾਉਣ ਦੀ ਪ੍ਰਕਿਰਿਆ ਜਨਰਲ ਹਾਊਸ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਤੇਜ਼ ਹੋ ਗਈ ਸੀ, ਜਿਸ ਦੇ ਤਹਿਤ ਰੂਪ-ਰੇਖਾ ਤੈਅ ਕਰਨ ਦੇ ਲਈ ਡਾਇਰੈਕਟਰ ਲੋਕਲ ਬਾਡੀਜ਼ ਨੇ 27 ਸਤੰਬਰ ਨੂੰ ਵਿਧਾਇਕਾਂ ਦੀ ਬੈਠਕ ਵੀ ਬੁਲਾ ਲਈ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਨਿਗਮ ਦੇ ਮੌਜੂਦਾ 75 ਵਾਰਡਾਂ ਦੀ ਗਿਣਤੀ ਵਧਾ ਕੇ 90 ਕਰਨ ਦਾ ਫੈਸਲਾ ਕਾਫੀ ਪਹਿਲਾਂ ਤੋਂ ਲਿਆ ਹੋਇਆ ਹੈ, ਜਿਸ ਦੇ ਤਹਿਤ ਵੋਟਰਾਂ ਦਾ ਡੋਰ-ਟੂ-ਡੋਰ ਸਰਵੇਖਣ ਵੀ ਪੂਰਾ ਹੋ ਚੁੱਕਾ ਹੈ। ਹੁਣ ਉਨ੍ਹਾਂ ਵੋਟਾਂ ਨੂੰ ਇਕ ਅਨੁਪਾਤ ਦੇ ਹਿਸਾਬ ਨਾਲ ਵੰਡ ਕੇ ਨਵੇਂ ਵਾਰਡ ਬਣਾਏ ਜਾਣੇ ਹਨ, ਜਿਸ ਕਾਰਨ ਵਾਰਡਾਂ ਦੀ ਗਿਣਤੀ 95 ਤੱਕ ਵੀ ਪੁੱਜ ਸਕਦੀ ਹੈ। ਇਸ ਪ੍ਰਕਿਰਿਆ ਦੇ ਤਹਿਤ ਕਾਂਗਰਸੀ ਵਿਧਾਇਕਾਂ ਵੱਲੋਂ ਪਹਿਲਾਂ ਨਵੇਂ ਬਣਨ ਵਾਲੇ ਵਾਰਡਾਂ ਦੀ ਬਾਊਂਡਰੀ ਤੈਅ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿਚ ਅਕਾਲੀ-ਭਾਜਪਾ ਦੇ ਧੁਰੰਤਰਾਂ ਦੇ ਪ੍ਰਭਾਵ ਵਾਲੇ ਇਲਾਕੇ ਨੂੰ ਉਨ੍ਹਾਂ ਦੇ ਪੁਰਾਣੇ ਵਾਰਡਾਂ ਤੋਂ ਵੱਖ ਕਰਨ 'ਤੇ ਜ਼ੋਰ ਦਿੱਤਾ ਗਿਆ। ਇਸੇ ਤਰ੍ਹਾਂ ਵਿਰੋਧੀਆਂ ਦੇ ਪਰ ਕੁਤਰਨ ਦੇ ਲਈ ਵਾਰਡਾਂ ਨੂੰ ਰਾਖਵਾਂਕਰਨ ਦੀ ਰਣਨੀਤੀ ਵੀ ਤੈਅ ਕੀਤੀ ਜਾ ਚੁੱਕੀ ਹੈ। ਇਸੇ ਦੌਰਾਨ ਡਾਇਰੈਕਟਰ ਨੇ 27 ਸਤੰਬਰ ਨੂੰ ਜੋ ਮੀਟਿੰਗ ਬੁਲਾਈ ਹੈ, ਉਸ ਵਿਚ ਵਿਧਾਇਕਾਂ ਨੂੰ ਵਾਰਡਬੰਦੀ ਲਈ ਬਣਾਏ ਨਿਯਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ, ਜਿਸ ਵਿਚ ਨਵੇਂ ਬਣਨ ਵਾਲੇ ਵਾਰਡਾਂ ਵਿਚ ਆਬਾਦੀ ਦੇ ਅਨੁਪਾਤ ਕਰਨ ਤੋਂ ਇਲਾਵਾ ਉਨ੍ਹਾਂ ਦੀ ਕਲੀਅਰ ਬਾਊਂਡਰੀ ਰੱਖਣ ਅਤੇ ਰਾਖਵਾਂਕਰਨ ਨੂੰ ਲੈ ਕੇ ਜਾਰੀ ਗਾਈਡਲਾਈਨਜ਼ ਤੋਂ ਵੀ ਜਾਣੂ ਕਰਵਾਇਆ ਜਾਵੇਗਾ।   ਨਿਗਮ ਅਫਸਰਾਂ ਨੇ ਇਸ ਮੀਟਿੰਗ ਵਿਚ ਹਿੱਸਾ ਲੈਣ ਲਈ ਵਿਧਾਇਕਾਂ ਨੂੰ ਸੂਚਿਤ ਕਰ ਦਿੱਤਾ ਹੈ, ਜਿਥੇ ਉਨ੍ਹਾਂ ਨੂੰ ਵਾਰਡਬੰਦੀ ਨੂੰ ਲੈ ਕੇ ਸੁਝਾਅ ਦੇਣ ਲਈ ਕਿਹਾ ਗਿਆ ਹੈ ਕਿਉਂਕਿ ਇਸ ਵਾਰ ਇਕ ਮੁਹੱਲਾ ਦੋ ਵਾਰਡਾਂ ਵਿਚ ਨਹੀਂ ਹੋਵੇਗਾ ਤੇ ਮੇਨ ਰੋਡ ਰਾਹੀਂ ਵਾਰਡ ਦੀ ਬਾਊਂਡਰੀ ਤੈਅ ਹੋਵੇਗੀ, ਜਿਸ ਤੋਂ ਵਧ ਕੇ ਦਿੱਕਤ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਮਿਲਣ ਕਾਰਨ ਆਵੇਗੀ।
ਨਵੇਂ ਬਣਨ ਵਾਲੇ ਵਾਰਡਾਂ ਦੀ ਵੰਡ ਨੂੰ ਲੈ ਕੇ ਅਕਾਲੀ-ਭਾਜਪਾ ਵਿਚ ਫਸੇਗਾ ਪੇਚ
ਨਵੇਂ ਸਿਰੇ ਤੋਂ ਹੋਣ ਵਾਲੀ ਵਾਰਡਬੰਦੀ ਵਿਚ ਕਾਂਗਰਸੀਆਂ ਦੀ ਮਰਜ਼ੀ ਚੱਲਣ ਨਾਲ ਅਕਾਲੀ-ਭਾਜਪਾ ਨੂੰ ਜਿੱਥੇ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਸੰਨ੍ਹ ਲੱਗਣ ਦਾ ਡਰ ਸਤਾ ਰਿਹਾ ਹੈ, ਉਥੇ ਵਾਰਡਾਂ ਦੀ ਗਿਣਤੀ ਵਧਣ ਨਾਲ ਵੰਡ ਨੂੰ ਲੈ ਕੇ ਅਕਾਲੀ ਭਾਜਪਾ ਵਿਚ ਪੇਚ ਵੀ ਫਸੇਗਾ ਕਿਉਂਕਿ ਦੋਵੇਂ ਪਾਰਟੀਆਂ ਆਪਣੇ ਕੋਟੇ ਦੇ ਪੁਰਾਣੇ ਵਾਰਡ 'ਚੋਂ ਨਵੇਂ ਬਣਨ ਵਾਲੇ ਵਾਰਡ 'ਤੇ ਹੱਕ ਜਤਾਉਣਗੀਆਂ। ਜਦੋਂਕਿ ਅਕਾਲੀ ਦਲ ਦੇ ਕੋਲ ਇਸ ਸਮੇਂ ਜ਼ਿਆਦਾ ਵਾਰਡ ਹਨ ਅਤੇ ਭਾਜਪਾ ਕਾਫੀ ਦੇਰ ਤੋਂ ਮੰਗ ਕਰ ਰਹੀ ਹੈ ਕਿ ਸ਼ਹਿਰੀ ਆਬਾਦੀ ਵਾਲੇ ਵਾਰਡਾਂ 'ਚ ਉਨ੍ਹਾਂ ਦਾ ਕੋਟਾ ਵਧਾਇਆ ਜਾਵੇ ਜਿਸ ਨੂੰ ਲੈ ਕੇ ਅੰਦਰਖਾਤੇ ਹੁਣ ਤੋਂ ਵਿਚਾਰ-ਚਰਚਾ ਸ਼ੁਰੂ ਵੀ ਹੋ ਗਈ ਹੈ।


Related News