ਮਾਮਲਾ ਨਗਰ ਕੌਂਸਲ ਪ੍ਰਧਾਨ ਗੋਇਲ ਦੇ ਘਰ ਦੇਰ ਰਾਤ ਹੋਏ ਹਮਲੇ ਦਾ

Friday, Mar 02, 2018 - 09:41 AM (IST)

ਮਾਮਲਾ ਨਗਰ ਕੌਂਸਲ ਪ੍ਰਧਾਨ ਗੋਇਲ ਦੇ ਘਰ ਦੇਰ ਰਾਤ ਹੋਏ ਹਮਲੇ ਦਾ

ਫਿਲੌਰ (ਭਾਖੜੀ)-ਬੀਤੀ ਦੇਰ ਰਾਤ ਨਗਰ ਕੌਂਸਲ ਦੇ ਪ੍ਰਧਾਨ 'ਤੇ ਹਮਲਾ ਕਰਨ ਸਬੰਧੀ ਜਦੋਂ ਪੁਲਸ ਨੇ ਹਮਲਾਵਰਾਂ ਵਿਰੁੱਧ ਸਵੇਰ ਤਕ ਕੋਈ ਕਾਰਵਾਈ ਨਾ ਕੀਤੀ ਤਾਂ ਨਗਰ ਕੌਂਸਲ ਦੇ ਸਮੂਹ ਕੌਂਸਲਰਾਂ ਨੇ ਇਕੱਠੇ ਹੋ ਕੇ ਪੁਲਸ ਥਾਣੇ ਦੇ ਮੁੱਖ ਗੇਟ ਨੂੰ ਤਾਲਾ ਜੜ ਕੇ ਧਰਨਾ ਦੇ ਦਿੱਤਾ।
ਧਰਨੇ ਵਾਲੀ ਜਗ੍ਹਾ 'ਤੇ ਬੈਠੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਗੋਇਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਸਾਢੇ 9 ਵਜੇ ਦੇ ਕਰੀਬ ਉਨ੍ਹਾਂ ਦੇ ਘਰ 'ਤੇ ਰਾਕੇਸ਼ ਗੋਇਲ, ਚਤਿੰਦਰ ਸੀਟਾ ਤੇ ਵਿਨੇ ਬਾਂਸਲ ਨੇ ਹਮਲਾ ਕਰ ਦਿੱਤਾ, ਜਦੋਂ ਉਨ੍ਹਾਂ ਨੇ ਆਪਣੇ ਘਰ ਦਾ ਮੁੱਖ ਦਰਵਾਜ਼ਾ ਨਾ ਖੋਲ੍ਹਿਆ ਤਾਂ ਹਮਲਾਵਰਾਂ ਨੇ ਥੱਲਿਓਂ ਪੱਥਰ ਮਾਰਦੇ ਹੋਏ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਧਾਨ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੇ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਜਿਸ ਫਿਲੌਰ ਪੁਲਸ  ਨੂੰ ਫੋਨ 'ਤੇ ਸੂਚਨਾ ਦਿੱਤੀ, ਹਮਲਾਵਰ ਜੋ ਅਕਾਲੀ ਦਲ ਪਾਰਟੀ ਨਾਲ ਸਬੰਧਤ ਹਨ, ਉਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਨੇ ਪੁਲਸ ਦੀ ਮੌਜੂਦਗੀ 'ਚ ਸ਼ਰੇਆਮ ਗੁੰਡਾਗਰਦੀ ਜਾਰੀ ਰੱਖੀ ਤੇ ਪੁਲਸ ਕੋਲ ਖੜ੍ਹੀ ਮੂਕਦਰਸ਼ਕ ਬਣੀ ਤਮਾਸ਼ਾ ਦੇਖਦੀ ਰਹੀ। ਪ੍ਰਧਾਨ ਨੇ ਦੱਸਿਆ ਕਿ ਪੂਰੇ ਘਟਨਾਕ੍ਰਮ ਦੀ ਉਨ੍ਹਾਂ ਦੇ ਘਰ ਦੇ ਉੱਪਰ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਹੋਈ ਰਿਕਾਰਡਿੰਗ ਵੀ ਉਨ੍ਹਾਂ ਕੋਲ ਹੈ। ਸਵੇਰ ਪ੍ਰਧਾਨ ਗੋਇਲ ਦੀ ਹਮਾਇਤ 'ਚ ਸਾਰੇ ਕੌਂਸਲਰਾਂ ਨੇ ਇਕਜੁਟ ਹੋ ਕੇ ਪਹਿਲਾਂ ਘਟਨਾ ਦੀ ਜਾਣਕਾਰੀ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੂੰ ਦਿੱਤੀ। ਉਸ ਦੇ ਬਾਵਜੂਦ ਜਦੋਂ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਸਾਰੇ ਕੌਂਸਲਰ ਪ੍ਰਧਾਨ ਗੋਇਲ ਨਾਲ ਪੁਲਸ ਥਾਣੇ ਪੁੱਜ ਗਏ। ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਉਨ੍ਹਾਂ ਨੇ ਪੁਲਸ ਥਾਣੇ 'ਚ ਹਮਲਾਵਰਾਂ ਨੂੰ ਘੁੰਮਦੇ ਹੋਏ ਦੇਖਿਆ ਤਾਂ ਸਾਰੇ ਕੌਂਸਲਰਾਂ ਨੇ ਤੁਰੰਤ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਗੋਇਲ ਨੇ ਦੱਸਿਆ ਕਿ ਸਥਾਨਕ ਪੁਲਸ ਦੀ ਹਮਲਾਵਰਾਂ ਨਾਲ ਮਿਲੀਭੁਗਤ ਦਾ ਨਤੀਜਾ ਉਸ ਸਮੇਂ ਮਿਲ ਗਿਆ ਜਦੋਂ ਥਾਣਾ ਮੁਖੀ ਉਨ੍ਹਾਂ ਨੂੰ ਬਿਆਨ ਦਰਜ ਕਰਵਾਉਣ ਲਈ ਸਾਥੀਆਂ ਸਮੇਤ ਅੰਦਰ ਲੈ ਗਏ ਤੇ ਪਿਛਲੇ ਪਾਸਿਓਂ ਪੁਲਸ ਨੇ ਹਮਲਾਵਰਾਂ ਨੂੰ ਥਾਣੇ ਤੋਂ ਭਜਾ ਦਿੱਤਾ। ਪੁਲਸ ਦੇ ਇਸ ਰਵੱਈਏ ਤੋਂ ਨਾਖੁਸ਼ ਸਾਰੇ ਕੌਂਸਲਰਾਂ ਨੇ ਦੁਪਹਿਰ 1 ਵਜੇ ਹਮਲਾਵਰਾਂ ਵਿਰੁੱਧ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦੇ ਦਿੱਤਾ। ਜਦੋਂ ਧਰਨੇ ਦੇ ਬਾਵਜੂਦ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਕੌਂਸਲਰਾਂ ਨੇ ਪੁਲਸ ਥਾਣੇ ਨੂੰ ਤਾਲਾ ਜੜ ਦਿੱਤਾ ਤੇ ਉਸ ਦੇ ਬਾਹਰ ਧਰਨਾ ਦੇ ਦਿੱਤਾ। ਧਰਨਾ ਦੇਰ ਸ਼ਾਮ 5 ਵਜੇ ਤਕ ਜਾਰੀ ਰਿਹਾ, ਜਿਸ ਤੋਂ ਬਾਅਦ ਜਾ ਕੇ ਪੁਲਸ ਨੇ ਉਕਤ ਹਮਲਾਵਰਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਇਕ ਦੋਸ਼ੀ ਵਿਨੇ ਪੁੱਤਰ ਅਸ਼ੋਕ ਬਾਂਸਲ ਨੂੰ ਗ੍ਰਿਫਤਾਰ ਕਰ ਲਿਆ। ਧਰਨੇ ਵਾਲੀ ਜਗ੍ਹਾ 'ਤੇ ਡੀ. ਐੱਸ. ਪੀ. ਨੇ ਪ੍ਰਧਾਨ ਸਮੇਤ ਸਾਰੇ ਕੌਂਸਲਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਰਾਕੇਸ਼ ਗੋਇਲ ਤੇ ਉਸ ਦੇ ਰਿਸ਼ਤੇਦਾਰ ਚਤਿੰਦਰ ਸੀਟਾ ਨੂੰ ਵੀ ਜਲਦ ਗ੍ਰਿਫਤਾਰ ਕਰ ਲੈਣਗੇ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਘਰ ਤੇ ਦਫਤਰ 'ਤੇ ਛਾਪੇਮਾਰੀ ਕੀਤੀ ਹੈ। ਉਹ ਘਰੋਂ ਫਰਾਰ ਦੱਸੇ ਜਾ ਰਹੇ ਹਨ। ਕੌਂਸਲਰ ਪਰਮਜੀਤ ਭਾਰਤੀ, ਰਾਜ ਕੁਮਾਰ ਸੰਧੂ ਨੇ ਡੀ. ਐੱਸ. ਪੀ. ਸਾਹਮਣੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ 'ਚ ਉਨ੍ਹਾਂ ਦੇ ਪ੍ਰਧਾਨ ਨਾਲ ਜਿਸ ਤਰ੍ਹਾਂ ਗੁੰਡਾਗਰਦੀ ਹੋਈ ਤੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਨਿਆਂ ਲੈਣ ਲਈ ਉਨ੍ਹਾਂ ਨੂੰ ਆਪ ਧਰਨਾ ਦੇਣਾ ਪਿਆ ਹੈ ਤਾਂ ਆਮ ਵਿਅਕਤੀ ਨੂੰ ਪੁਲਸ ਕਿੱਥੋਂ ਨਿਆਂ ਦੁਆਏਗੀ। ਅੱਜ ਦੇ ਇਸ ਧਰਨੇ 'ਚ ਕੌਂਸਲਰ ਯਸ਼ਪਾਲ ਗਿੰਡਾ, ਰਾਏਵਰਿੰਦਰ, ਸ਼ੰਕਰ ਸੰਧੂ, ਰਾਜ ਕੁਮਾਰ ਹੰਸ, ਕਾਮਰੇਡ ਜਰਨੈਲ, ਵੈਭਵ ਸ਼ਰਮਾ, ਲਾਲ ਕਾਸ਼ੀ ਰਾਮ, ਗੋਗੀ ਪ੍ਰਧਾਨ, ਡਿੰਪਲ ਤਲਵਾੜ, ਡਿੰਪਲ ਪੰਮਾ, ਬੌਬੀ ਗੋਇਲ, ਮਤਵਿੰਦਰ ਸਚਦੇਵਾ ਬੰਟੀ, ਪ੍ਰਦੀਪ ਦੁਸਾਂਝ, ਮਹੇਸ਼ ਟੋਨੀ ਵੀ ਮੌਜੂਦ ਸਨ।
ਡੀ.ਐੱਸ.ਪੀ. ਤੇ ਐੱਸ.ਐੱਚ.ਓ. ਦੀ ਬਦਲੀ ਦਾ ਕੌਂਸਲ 'ਚ ਪਾਇਆ ਜਾਵੇਗਾ ਮਤਾ : ਗੋਇਲ
ਪ੍ਰਧਾਨ ਨਰਿੰਦਰ ਗੋਇਲ ਨੇ ਦੱਸਿਆ ਕਿ 2 ਮਾਰਚ ਨੂੰ ਨਗਰ ਕੌਂਸਲ 'ਚ ਸਵੇਰ 10 ਵਜੇ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ ਹੈ ਜਿਸ 'ਚ ਸਾਰੇ ਕੌਂਸਲਰਾਂ ਦੀ ਮੌਜੂਦਗੀ 'ਚ ਇਕ ਮਤਾ ਪਾ ਕੇ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ। ਉਨ੍ਹਾਂ ਨਾਲ ਜੋ ਹਾਦਸਾ ਵਾਪਰਿਆ ਹੈ, ਉਸ 'ਚ ਨਿਆਂ ਲੈਣ ਲਈ ਸਾਰੇ ਕੌਂਸਲਰਾਂ ਨੂੰ ਜੋ ਸੰਘਰਸ਼ ਕਰਨਾ ਪਿਆ, ਉਸ ਦੇ ਅਸਲੀ ਜ਼ਿੰਮੇਵਾਰ ਥਾਣਾ ਮੁਖੀ ਫਿਲੌਰ ਜਸਵਿੰਦਰ ਸਿੰਘ ਤੇ ਡੀ. ਐੱਸ. ਪੀ. ਅਮਰੀਕ ਸਿੰਘ ਹਨ, ਜਿਨ੍ਹਾਂ ਨੇ ਹਮਲਾਵਰਾਂ ਨੂੰ ਪਹਿਲਾਂ ਥਾਣੇ ਤੋਂ ਭਜਾਇਆ ਤੇ ਬਾਅਦ 'ਚ ਨਿਆਂ ਲੈਣ ਲਈ ਉਨ੍ਹਾਂ ਨੂੰ ਸਾਥੀ ਕੌਂਸਲਰਾਂ ਨਾਲ 6 ਵਜੇ ਤਕ ਧਰਨਾ ਦੇਣਾ ਪਿਆ, ਜਿਸ ਤੋਂ ਬਾਅਦ ਜਾ ਕੇ ਪੁਲਸ ਨੇ ਪਰਚਾ ਦਰਜ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਅਧਿਕਾਰੀਆਂ ਨੂੰ ਨਾ ਬਦਲਿਆ ਤਾਂ ਉਹ ਆਪਣੇ ਸਾਥੀ ਕੌਂਸਲਰਾਂ ਨਾਲ ਮਿਲ ਕੇ ਅੱਗੇ ਦੀ ਰਣਨੀਤੀ ਤਿਆਰ ਕਰਨਗੇ।


Related News