ਵਾਰਡਬੰਦੀ ਨੂੰ ਠੀਕ ਕਰਨ ''ਚ ਛੁੱਟੀ ਵਾਲੇ ਦਿਨ ਵੀ ਜੁਟਿਆ ਰਿਹਾ ਨਿਗਮ ਸਟਾਫ

Sunday, Oct 22, 2017 - 01:24 PM (IST)

ਵਾਰਡਬੰਦੀ ਨੂੰ ਠੀਕ ਕਰਨ ''ਚ ਛੁੱਟੀ ਵਾਲੇ ਦਿਨ ਵੀ ਜੁਟਿਆ ਰਿਹਾ ਨਿਗਮ ਸਟਾਫ

ਜਲੰਧਰ(ਖੁਰਾਣਾ)— ਪਿਛਲੇ 6-7 ਮਹੀਨਿਆਂ ਤੋਂ ਨਗਰ ਨਿਗਮ ਚੋਣਾਂ ਨੂੰ ਲਟਕਾਉਂਦੀ ਆ ਰਹੀ ਕਾਂਗਰਸ ਨੂੰ ਹੁਣ ਨਿਗਮ ਚੋਣਾਂ ਕਰਵਾਉਣ ਦੀ ਜਲਦਬਾਜ਼ੀ ਦਿਸ ਰਹੀ ਹੈ। ਭਾਵੇਂ ਇਹ ਸਰਕਾਰ ਅਜੇ ਤੱਕ ਸੂਬੇ ਵਿਚ ਵਿਕਾਸ ਦੇ ਕੰਮ ਸ਼ੁਰੂ ਨਹੀਂ ਕਰਵਾ ਸਕੀ ਪਰ ਫਿਰ ਵੀ ਦਸੰਬਰ ਵਿਚ ਚੋਣਾਂ ਕਰਵਾਉਣ ਦੀ ਸੋਚ ਰਹੀ ਹੈ। ਇਸੇ ਜਲਦਬਾਜ਼ੀ ਵਿਚ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਨੇ ਦੋ ਦਿਨ ਪਹਿਲਾਂ ਨਵੀਂ ਵਾਰਡਬੰਦੀ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਨਵੇਂ ਵਾਰਡਾਂ ਦੀ ਸੂਚੀ ਨਿਗਮ ਨੂੰ ਭੇਜ ਤਾਂ ਦਿੱਤੀ ਪਰ ਬਣਨ ਜਾ ਰਹੇ 80 ਵਾਰਡਾਂ ਵਿਚੋਂ 40 ਵਾਰਡਾਂ ਦੀ ਵਾਰਡਬੰਦੀ ਅਜੇ ਅਧੂਰੀ ਹੈ, ਜਿਸ ਨੂੰ ਪੂਰਾ ਕਰਨ ਵਿਚ ਨਿਗਮ ਦਾ ਸਟਾਫ ਸ਼ਨੀਵਾਰ ਛੁੱਟੀ ਵਾਲੇ ਦਿਨ ਵੀ ਜੁਟਿਆ ਰਿਹਾ।
ਜ਼ਿਕਰਯੋਗ ਹੈ ਕਿ ਵਾਰਡਬੰਦੀ ਵਿਚ ਰਹਿ ਗਈਆਂ ਕਮੀਆਂ ਨੂੰ ਪੂਰਾ ਕਰਨ ਲਈ ਨਿਗਮ ਦੇ ਹੈੱਡ ਡਰਾਫਟਸਮੈਨ ਅਤੇ ਡਰਾਫਟਮੈਨ ਦੀ ਡਿਊਟੀ ਲਾਈ ਗਈ ਹੈ ਅਤੇ ਹਰੇਕ ਨੂੰ 4-5 ਵਾਰਡ ਸੌਂਪੇ ਗਏ ਹਨ। ਇਸ ਸਟਾਫ ਨੂੰ ਨਵੀਂ ਵਾਰਡਬੰਦੀ ਮੁਤਾਬਕ ਸ਼ਹਿਰ ਵਿਚ ਘੁੰਮ-ਘੁੰਮ ਕੇ ਡਾਟਾ ਇਕੱਠਾ ਕਰਨਾ ਪੈ ਰਿਹਾ ਹੈ, ਜਿਸ ਦੇ ਆਧਾਰ 'ਤੇ ਨਵੀਂ ਵਾਰਡਬੰਦੀ ਦੀਆਂ ਕਮੀਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਅਜੇ ਇਸ ਕੰਮ ਨੂੰ 2-3 ਦਿਨ ਹੋਰ ਲੱਗਣ ਦੀ ਸੰਭਾਵਨਾ ਹੈ।
ਇਸ ਦੌਰਾਨ ਪਤਾ ਲੱਗਾ ਹੈ ਕਿ ਅਗਲੇ ਹਫਤੇ ਸ਼ਹਿਰ ਦੇ ਕੁਝ ਵਿਧਾਇਕ ਆਪਣੇ ਹਿਸਾਬ ਨਾਲ ਵਾਰਡਬੰਦੀ ਨੂੰ ਠੀਕ ਕਰਵਾਉਣਗੇ ਕਿਉਂਕਿ ਅਜੇ ਕਈ ਵਿਧਾਇਕਾਂ ਦੇ ਚਹੇਤਿਆਂ ਦੇ ਵਾਰਡ ਉਨ੍ਹਾਂ ਦੀ ਮਰਜ਼ੀ ਦੇ ਮੁਤਾਬਕ ਨਹੀਂ ਬਣੇ ਹਨ। ਹੁਣ ਦੇਖਣਾ ਹੋਵੇਗਾ ਕਿ ਵਾਰਡਬੰਦੀ ਵਿਚ ਕਿੰਨੀ ਟੁੱਟ-ਭੱਜ ਹੁੰਦੀ ਹੈ।


Related News