ਬੱਬੂ ਮਾਨ ਦੀਆਂ ਵਧੀਆਂ ਮੁਸ਼ਕਲਾਂ, ਮੀਰ ਆਲਮ ਭਾਈਚਾਰੇ ਨੇ ਦਿੱਤਾ ਮੰਗ ਪੱਤਰ
Friday, Jan 10, 2020 - 09:56 AM (IST)
ਮੁਕਤਸਰ ਸਾਹਿਬ (ਕੁਲਦੀਪ ਰਿੰਨੀ) - ਬੱਬੂ ਮਾਨ ਵਲੋਂ ਮੀਰ ਆਲਮ ਦੀਆਂ ਔਰਤਾਂ ਬਾਰੇ ਮੰਦੇ ਸ਼ਬਦ ਬੋਲੇ ਜਾਣ 'ਤੇ ਮੀਰ ਆਲਮ ਭਾਈਚਾਰੇ ਨਾਲ ਸਬੰਧਤ ਰਿੰਮਪਾ ਖਾਣ ਕਵੀਸ਼ਰ ਆਲਮਜੀਤ ਤੇ ਕੁਝ ਹੋਰ ਲੋਕਾਂ ਨੇ ਇਕ ਮੰਗ ਪੱਤਰ ਦਿੱਤਾ। ਸ਼ਿਕਾਇਤ 'ਚ ਦੱਸਿਆ ਕਿ ਉਹ ਮੀਰ ਆਲਮ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਜਿਸ ਨੂੰ ਸਰਕਾਰ ਨੇ ਪੱਛੜੀਆਂ ਸ਼੍ਰੇਣੀਆਂ 'ਚ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਤੇਜਿੰਦਰ ਸਿੰਘ ਉਰਫ਼ ਬੱਬੂ ਮਾਨ ਅਤੇ ਉਸਦੇ ਸਾਥੀਆਂ ਦੀ ਇਕ ਵੀਡੀਓ ਚੱਲ ਰਹੀ ਹੈ, ਜਿਸ 'ਚ ਮੀਰ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਹੈ। ਬੱਬੂ ਮਾਨ ਉਨ੍ਹਾਂ ਦੀਆਂ ਔਰਤਾਂ ਪ੍ਰਤੀ ਬਹੁਤ ਅਸ਼ਲੀਲ ਤੇ ਭੱਦੀ ਸ਼ਬਦਾਵਲੀ ਵਰਤ ਰਿਹਾ ਹੈ। ਉਸ ਵਲੋਂ ਭਾਈਚਾਰੇ ਦੀ ਔਰਤ ਸਬੰਧੀ ਇਕ ਝੂਠੀ ਅਤੇ ਮਨਘੜਤ ਕਹਾਣੀ ਸੁਣਾਈ ਗਈ ਜਿਸ ਵਿਚ ਭਾਈਚਾਰੇ ਦੀਆਂ ਔਰਤਾਂ ਦੇ ਚਰਿੱਤਰ 'ਤੇ ਉਂਗਲ ਚੁੱਕੀ ਗਈ ਹੈ।
ਸ਼ਿਕਾਇਤ 'ਚ ਉਕਤ ਵਿਅਕਤੀਆਂ ਨੇ ਦੋਸ਼ ਲਾਇਆ ਕਿ ਉਕਤ ਵੀਡੀਓ ਤਿਆਰ ਕਰਨ ਮਗਰੋਂ ਬੱਬੂ ਮਾਨ ਆਪਣੇ ਸਾਥੀਆਂ ਨੂੰ ਉਕਤ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪਾਉਣ ਲਈ ਉਕਸਾ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ਕਾਰਨ ਉਨ੍ਹਾਂ ਸਮੁੱਚੇ ਮਰਾਸੀ ਭਾਈਚਾਰੇ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਵੀਡੀਓ 'ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਆ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਭਾਈਚਾਰੇ ਦੇ ਲੋਕਾਂ ਨੇ ਮੰਗ ਕੀਤੀ ਕਿ ਬੱਬੂ ਮਾਨ ਤੇ ਉਸਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਸਮੁੱਚੇ ਮਰਾਸੀ ਭਾਈਚਾਰੇ ਨੂੰ ਇਨਸਾਫ਼ ਦਿਵਾਇਆ ਜਾਵੇ। ਦੂਜੇ ਪਾਸੇ ਐੱਸ.ਐੱਚ.ਓ. ਤਜਿੰਦਰਪਾਲ ਸਿੰਘ ਨੇ ਇਸ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਹੈ।