ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਪਹਿਲਾ ਪ੍ਰਕਾਸ਼ ਪੁਰਬ (ਤਸਵੀਰਾਂ)

08/31/2019 1:46:19 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨਾ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਪੁਰਾਤਨ ਚੱਲਦੀ ਆ ਰਹੀ ਰਵਾਇਤ ਅਨੁਸਾਰ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰਬਾਣੀ ਦਾ ਜਾਪ ਕਰਦਿਆਂ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੀ ਆਰੰਭਤਾ ਸਮੇਂ ਭਾਈ ਸੁਲਤਾਨ ਸਿੰਘ ਨੇ ਅਰਦਾਸ ਕੀਤੀ ਅਤੇ ਹੁਕਮਨਾਮੇ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਪਾਲਕੀ ਸਾਹਿਬ ’ਚ ’ਚ ਸੁਸ਼ੋਭਿਤ ਕੀਤਾ। 

PunjabKesariਇਸ ਮੌਕੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਜਿਥੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ, ਉਥੇ ਹੀ ਇਤਿਹਾਸ ’ਚੋਂ ਇਸ ਮਹਾਨ ਨਗਰ ਕੀਰਤਨ ਦੀ ਪਰੰਪਰਾ ਸਬੰਧੀ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ 1604 ਈ. ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਉਪਰੰਤ ਬਾਬਾ ਬੁੱਢਾ ਜੀ ਅਤੇ ਸਿੱਖ ਸੰਗਤਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸ ਅਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਨ ਲਈ ਲਿਜਾਇਆ ਗਿਆ ਸੀ ਅਤੇ ਇਸੇ ਪਰੰਪਰਾ ਤਹਿਤ ਹਰ ਸਾਲ ਪ੍ਰਕਾਸ਼ ਪੁਰਬ ’ਤੇ ਨਗਰ ਕੀਰਤਨ ਸਜਾਇਆ ਜਾਂਦਾ ਹੈ। ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਦਾ ਅੰਮ੍ਰਿਤਮਈ ਉਪਦੇਸ਼ ਜੀਵਨ ’ਚ ਕਮਾਉਣ ਦੀ ਅਪੀਲ ਵੀ ਕੀਤੀ। ਇਸ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪੰਜ ਪਿਆਰੇ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਦਿੱਤਾ। 

PunjabKesariਸੁੰਦਰ ਜਲੌਅ, ਦੀਪਮਾਲਾ ਤੇ ਫੁੱਲਾਂ ਦੀ ਸਜਾਵਟ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਸਜਾਏ ਗਏ ਅਲੌਕਿਕ ਜਲੌਅ ਸੰਗਤ ਲਈ ਖਿੱਚ ਦਾ ਕੇਂਦਰ ਬਣੇ। ਜਲੌਅ ’ਚ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇ ਖਾਨੇ ’ਚ ਸੁਰੱਖਿਅਤ ਬੇਸ਼ਕੀਮਤੀ ਵਸਤੂਆਂ ਦੇ ਸੰਗਤ ਨੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਬੀਤੇ ਦਿਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਥੇ ਸਥਿਤ ਹੋਰ ਅਸਥਾਨਾਂ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸੁੰਦਰ ਦੀਪਮਾਲਾ ਵੀ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਘਰ ਦੇ ਸ਼ਰਧਾਲੂਆਂ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਰੰਗ-ਬਿਰੰਗੇ ਦੇਸੀ ਅਤੇ ਵਿਦੇਸ਼ੀ ਫੁੱਲਾਂ ਦੀ ਸ਼ਾਨਦਾਰ ਸਜਾਵਟ ਦਾ ਵੀ ਸੰਗਤ ਨੇ ਭਰਪੂਰ ਅਨੰਦ ਮਾਣਿਆ।

PunjabKesariਭਾਈ ਲੌਂਗੋਵਾਲ ਵਲੋਂ ਪਹਿਲੇ ਪ੍ਰਕਾਸ਼ ਪੁਰਬ ਦੀ ਸੰਗਤ ਨੂੰ ਵਧਾਈ
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੁੱਚੇ ਵਿਸ਼ਵ ’ਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ। ਆਪਣੇ ਵਧਾਈ ਸੰਦੇਸ਼ ’ਚ ਭਾਈ ਲੌਂਗੋਵਾਲ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਦੇ ਉਹ ਪਾਵਨ ਧਾਰਮਿਕ ਗ੍ਰੰਥ ਹਨ, ਜੋ ਮਨੁੱਖ ਦੀ ਹਰ ਪੱਖ ਤੋਂ ਅਗਵਾਈ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਪਾਵਨ ਗੁਰਬਾਣੀ ’ਚ ਮਨੁੱਖ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਪਾਵਨ ਗੁਰਬਾਣੀ ਦੇ ਮੁੱਲਵਾਨ ਬਚਨਾਂ ਦੇ ਧਾਰਨੀ ਬਣ ਕੇ ਜੀਵਨ ਜਿਊਣ।


 


Baljeet Kaur

Content Editor

Related News