ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ''ਚ ਹੁਨਰ ਕੇਂਦਰ ਸਥਾਪਤ ਕਰਨਗੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ
Monday, Apr 07, 2025 - 07:47 PM (IST)

ਅੰਮ੍ਰਿਤਸਰ : ਨਸ਼ੇ ਦੀ ਲਾਹਨਤ ਨਾਲ ਲੜਨ ਅਤੇ ਪੰਜਾਬ ਵਿੱਚ ਨੌਜਵਾਨਾਂ ਦੇ ਪੁਨਰਵਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਜੋ, ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਅੰਮ੍ਰਿਤਸਰ ਵਿੱਚ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਦਾ ਦੌਰਾ ਕੀਤਾ। ਰਾਜਪਾਲ ਇਸ ਸਮੇਂ 'ਯੁੱਧ ਨਸ਼ਿਆ ਵਿਰੁੱਧ ਪਦ ਯਾਤਰਾ' (ਨਸ਼ਿਆਂ ਵਿਰੁੱਧ ਯੁੱਧ) ਸਿਰਲੇਖ ਵਾਲੀ 8-ਦਿਨਾਂ ਵਾਕਾਥੌਨ ਕਰ ਰਹੇ ਹਨ, ਜਿਸ ਵਿੱਚ ਰਾਜ ਭਰ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕਰਨ ਦੀ ਫੌਰੀ ਲੋੜ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
ਆਪਣੇ ਵਾਕਾਥੌਨ ਦੇ ਆਖ਼ਰੀ ਤੋਂ ਪਹਿਲੇ ਦਿਨ ਉਨ੍ਹਾਂ ਨੇ ਸੰਨ ਫਾਊਂਡੇਸ਼ਨ ਦੁਆਰਾ ਚਲਾਏ ਜਾ ਰਹੇ ਹੁਨਰ ਕੇਂਦਰ ਦਾ ਜਾਇਜ਼ਾ ਲਿਆ ਜੋ ਨਸ਼ਿਆਂ ਤੋ ਮੁਕਤ ਹੋਏ ਨੌਜਵਾਨਾਂ ਲਈ ਕਿੱਤਾਮੁਖੀ ਸਿਖਲਾਈ ਅਤੇ ਨੌਕਰੀਆਂ ਪ੍ਰਦਾਨ ਕਰਦਾ ਹੈ। ਸੰਪੂਰਨ ਪੁਨਰਵਾਸ ਮਾਡਲ ਤੋਂ ਪ੍ਰਭਾਵਿਤ ਹੋ ਕੇ, ਕਟਾਰੀਆ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਨਾ ਕਾਫ਼ੀ ਨਹੀਂ ਹੈ, ਸਗੋਂ ਹੁਨਰ ਵਿਕਾਸ ਅਤੇ ਟਿਕਾਊ ਰੁਜ਼ਗਾਰ ਰਾਹੀਂ ਉਨ੍ਹਾਂ ਦਾ ਪੁਨਰਵਾਸ ਵੀ ਓਨਾ ਹੀ ਮਹੱਤਵਪੂਰਨ ਹੈ। ਸੰਨ ਫਾਊਂਡੇਸ਼ਨ ਦੇ ਨਸ਼ਾ ਛੁਡਾਊ ਕੇਂਦਰ ਨੂੰ ਰੋਜ਼ੀ-ਰੋਟੀ ਦੇ ਮੌਕਿਆਂ ਨਾਲ ਜੋੜਨ ਦਾ ਮਾਡਲ ਇੱਕ ਸ਼ਲਾਘਾਯੋਗ ਅਤੇ ਅਤਿ ਜ਼ਰੂਰੀ ਹੰਭਲਾ ਹੈ।
ਰਾਜਪਾਲ ਨੇ ਪਲੰਬਿੰਗ, ਕਮਿਸ ਸ਼ੈੱਫ, ਇਲੈਕਟ੍ਰੀਸ਼ੀਅਨ ਅਤੇ ਕੰਪਿਊਟਰ ਸਿਖਲਾਈ ਲੈਬਾਂ ਸਮੇਤ ਵੱਖ-ਵੱਖ ਕਿੱਤਾਮੁਖੀ ਪ੍ਰਯੋਗਸ਼ਾਲਾਵਾਂ ਦਾ ਵੀ ਦੌਰਾ ਕੀਤਾ ਅਤੇ ਸਫਲਤਾਪੂਰਵਕ ਮੁੜ ਵਸੇਬਾ ਹੋਏ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ ਜੋ ਹੁਣ ਸਮਾਜ ਵਿੱਚ ਅਰਥਪੂਰਨ ਯੋਗਦਾਨ ਪਾ ਰਹੇ ਹਨ। ਰਾਜਪਾਲ ਵੱਲੋਂ ਪੰਜਾਬ ਦੀ ਸਰਹੱਦੀ ਪੱਟੀ ਵਿੱਚ ਅਜਿਹੇ ਯਤਨਾਂ ਨੂੰ ਵਧਾਉਣ ਦੀ ਅਪੀਲ ਦਾ ਹੁੰਗਾਰਾ ਦਿੰਦੇ ਹੋਏ, ਸੰਸਦ ਮੈਂਬਰ, ਰਾਜ ਸਭਾ ਡਾ. ਵਿਕਰਮਜੀਤ ਸਿੰਘ ਸਾਹਨੀ, ਜੋ ਕਿ ਸੰਨ ਫਾਊਂਡੇਸ਼ਨ ਦੇ ਚੇਅਰਮੈਨ ਹਨ, ਨੇ ਇਸ ਖੇਤਰ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਲਈ ਕਈ ਹੁਨਰ ਕੇਂਦਰਾਂ ਦੀ ਸਥਾਪਨਾ ਦਾ ਐਲਾਨ ਕੀਤਾ।
ਡਾ. ਸਾਹਨੀ ਨੇ ਕਿਹਾ ਕਿ ਸਰਹੱਦੀ ਜ਼ਿਲ੍ਹੇ ਨਸ਼ਿਆਂ ਦੀ ਘੁਸਪੈਠ ਅਤੇ ਨੌਜਵਾਨਾਂ 'ਤੇ ਇਸ ਦੇ ਮਾੜੇ ਪ੍ਰਭਾਵਾਂ ਲਈ ਖਾਸ ਤੌਰ 'ਤੇ ਪ੍ਰਭਾਵੀ ਖੇਤਰ ਹਨ। ਇਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਯੋਗ ਹੁਨਰ ਅਤੇ ਸਨਮਾਨਜਨਕ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ ਲੰਬੇ ਸਮੇਂ ਦੇ ਸਮਾਜਿਕ ਸੁਧਾਰ ਦੀ ਕੁੰਜੀ ਹੈ। ਡਾ. ਸਾਹਨੀ ਨੇ ਨਸ਼ਿਆਂ ਵਿਰੁੱਧ ਲੜਾਈ ਪ੍ਰਤੀ ਰਾਜਪਾਲ ਦੀ ਅਟੁੱਟ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ ਅਤੇ ਸੰਨ ਫਾਊਂਡੇਸ਼ਨ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਨਵੇਂ ਹੁਨਰ ਕੇਂਦਰ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਇੱਕ ਹਫ਼ਤੇ ਦੇ ਅੰਦਰ ਢੁਕਵੇਂ ਪਿੰਡਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ, "ਅਸੀਂ ਪੰਜਾਬ ਦੀ ਸਰਹੱਦੀ ਪੱਟੀ ਨੂੰ ਹੁਨਰਮੰਦ, ਸਵੈ-ਨਿਰਭਰ ਨੌਜਵਾਨਾਂ ਦੇ ਕੇਂਦਰ ਵਿੱਚ ਬਦਲਣ ਲਈ ਦ੍ਰਿੜ ਹਾਂ ਤਾ ਜੋ ਇਹ ਇੱਕ ਮਿਸਾਲ ਬਣ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8