ਮਜੀਠੀਆ ਵੱਲੋਂ ਅੰਮ੍ਰਿਤਪਾਲ ਬਾਰੇ ਸਟੈਂਡ ਲੈਣ 'ਤੇ MP ਬਿੱਟੂ ਦਾ ਵੱਡਾ ਬਿਆਨ, ਲੀਡਰਾਂ ਨੂੰ ਦਿੱਤੀ ਇਹ ਨਸੀਹਤ
Monday, Nov 14, 2022 - 08:00 PM (IST)
ਨਵੀਂ ਦਿੱਲੀ (ਕਮਲ ਕਾਂਸਲ) : ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਅੰਮ੍ਰਿਤਪਾਲ ਸਿੰਘ ਵਿਰੁੱਧ ਦਿੱਤੇ ਬਿਆਨਾਂ ਦੀ ਕਾਂਗਰਸੀ ਐੱਮ. ਪੀ. ਰਨਵੀਤ ਸਿੰਘ ਬਿੱਟੂ ਨੇ ਖੁਲ੍ਹ ਕੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਜਦੋਂ ਬਹੁਤ ਔਖੇ ਦੌਰ 'ਚੋਂ ਲੰਘ ਰਿਹਾ ਹੈ, ਉਸ ਵੇਲੇ ਜਦੋਂ ਅਸੀਂ ਹਿੰਦੂ, ਸਿੱਖ, ਮੁਸਲਿਮ, ਇਸਾਈ ਦੇ ਆਪਸੀ ਭਾਈਚਾਰੇ ਦੀ ਗੱਲ ਕਰਾਂਗੇ ਤਾਂ ਇਸ ਦਾ ਬਹੁਤ ਵੱਡਾ ਅਸਰ ਪਵੇਗਾ।
ਮਜੀਠੀਆ ਵੱਲੋਂ ਦਿੱਤੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਵੇਂ ਸਾਡੀ ਕਿੰਨੀ ਵੀ ਸਿਆਸੀ ਲੜਾਈ ਰਹਿੰਦੀ ਹੈ, ਨਿਜੀ ਬਿਆਨਬਾਜ਼ੀ ਚਲਦੀ ਰਹਿੰਦੀ ਹੈ, ਪਰ ਜਦੋਂ ਵੀ ਕੋਈ ਪੰਜਾਬ ਦੇ ਤੇ ਦੇਸ਼ ਦੇ ਮੁੱਦੇ 'ਤੇ ਗੱਲ ਕਰੇਗਾ, ਮੈਂ ਉਨ੍ਹਾਂ ਨੂੰ ਜੀ ਆਇਆਂ ਕਹਾਂਗਾ। ਅੱਜ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਬੋਲ ਰਹੇ ਸਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਅੱਗੇ ਹਿੰਦੂ, ਸਿੱਖ, ਮੁਸਲਮਾਨ, ਇਸਾਈ ਸਾਰੇ ਇਕ ਗੁਲਦਸਤੇ ਵਾਂਗ ਬੈਠੇ ਹਨ। ਇਸ ਨਾਲ ਸਭ ਨੂੰ ਖੁਸ਼ੀ ਮਿਲਦੀ ਹੈ। ਬਿੱਟੂ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਇਸ ਭਾਈਚਾਰੇ ਨੂੰ ਕਾਇਮ ਰੱਖਣ ਲਈ ਸ਼ਹਾਦਤਾਂ ਦਿੱਤੀਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ’ਚ ਦੰਗਿਆਂ ਦੀ ਸਾਜ਼ਿਸ਼ ਰਚ ਰਹੀ ਹੈ ਪਾਕਿਸਤਾਨੀ ISI, ਕਈ ਹਿੰਦੂ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ
ਕਿਹਾ, ਸਿੱਖੀ ਦਾ ਘੇਰਾ ਛੋਟਾ ਕਰਨ ਦੀ ਕੋਸ਼ਿਸ਼ ਕਰ ਰਹੇ ਖ਼ਾਲਿਸਤਾਨ ਸਮਰਥਕ
ਬਿੱਟੂ ਨੇ ਕਿਹਾ ਕਿ ਮਜੀਠੀਆ ਨੇ ਵੀ ਆਪਣੀ ਸੰਬੋਧਨ ਵਿਚ ਕਿਹਾ ਤੇ ਸਾਰੇ ਹੀ ਇਹ ਗੱਲ ਕਹਿੰਦੇ ਹਨ ਕਿ ਖ਼ਾਲਿਸਤਾਨ ਦੀ ਮੰਗ ਤਾਂ ਜਰਨੈਲ ਸਿੰਘ ਭਿੰਡਰਾਵਾਲਾ ਨੇ ਵੀ ਨਹੀਂ ਕੀਤੀ ਸੀ, ਤਾਂ ਇਹ ਅੰਮ੍ਰਿਤਪਾਲ ਸਿੰਘ ਜਾਂ ਪੰਨੂ ਜਿਹੇ ਲੋਕ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 5 ਪਿਆਰੇ ਸਾਜੇ ਤਾਂ ਉਨ੍ਹਾਂ ਵਿਚੋਂ ਕੋਈ ਵੀ ਪੰਜਾਬ ਤੋਂ ਨਹੀਂ ਸੀ, ਗੁਰੂ ਸਾਹਿਬ ਦਾ ਜਨਮ ਹੀ ਪਟਨਾ ਸਾਹਿਬ ਵਿਖੇ ਹੋਇਆ, ਉਨ੍ਹਾਂ ਨੇ ਆਪਣਾ ਆਖਰੀ ਸਮਾਂ ਮਹਾਰਾਸ਼ਟਰਾ ਵਿਖੇ ਬਤੀਤ ਕੀਤਾ। ਇਸ ਲਈ ਸਾਰਾ ਦੇਸ਼ ਹੀ ਸਾਡਾ ਆਪਣਾ ਹੈ। ਗੁਰੂ ਨਾਨਕ ਦੇਵ ਜੀ ਉਦਾਸੀਆਂ ਕਰ ਕਰ ਕੇ ਕਈ ਮੁਲਕਾਂ ਵਿਚ ਲੋਕਾਈ ਨੂੰ ਸੇਧ ਦੇ ਕੇ ਆਏ ਪਰ ਅੱਜ ਇਹ ਲੋਕ ਇਸ ਦਾ ਦਾਇਰਾ ਛੋਟਾ ਕਰਨ ਦੀ ਗੱਲ ਕਰ ਰਹੇ ਹਨ। ਇਹ ਖ਼ਾਲਿਸਤਾਨ ਬਣਾ ਕੇ ਸਿੱਖੀ ਦੀ ਗੱਲ ਸਿਰਫ਼ 200 ਕਿਲੋਮੀਟਰ ਦੇ ਘੇਰੇ ਤਕ ਸੀਮਤ ਕਰਨ ਦੀ ਸੋਚ ਰਹੇ ਹਨ।
ਲੀਡਰਾਂ ਨੂੰ ਦਿੱਤੀ ਖੁਲ੍ਹ ਕੇ ਸਾਹਮਣੇ ਆਉਣ ਦੀ ਨਸੀਹਤ
ਸੰਸਦ ਮੈਂਬਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਬਹੁਤ ਪੁਰਾਣੀ ਪਾਰਟੀ ਹੈ, ਇਸ ਲਈ ਇਹ ਬਿਆਨ ਬਹੁਤ ਜ਼ਰੂਰੀ ਸੀ। ਭਾਵੇਂ ਇਹ ਬਿਆਨ ਬਹੁਤ ਦੇਰ ਬਾਅਦ ਆਇਆ ਹੈ, ਪਰ ਜਦੋਂ ਉੱਠੋ ਉਦੋਂ ਹੀ ਸਵੇਰਾ। ਲੋਕਾਂ ਨੇ ਅਕਾਲੀ ਦਲ ਨੂੰ ਇਹ ਬਿਆਨ ਦੇਣ ਲਈ ਮਜਬੂਰ ਕੀਤਾ ਹੈ। ਲੋਕ ਪੁੱਛ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਬਾਰੇ ਸਿਆਸੀ ਪਾਰਟੀਆਂ ਸਖ਼ਤ ਸਟੈਂਡ ਕਿਉਂ ਨਹੀਂ ਲੈ ਰਹੀਆਂ। ਸਿਆਸੀ ਲੀਡਰ ਅੰਮ੍ਰਿਤਪਾਲ ਦੇ ਨਾਂ 'ਤੇ ਬੋਲਣ ਲੱਗਿਆਂ ਡਰਦੇ ਹਨ। ਉਹ ਸਿਰਫ਼ ਇਸ ਡਰ ਤੋਂ ਮੂਹਰੇ ਨਹੀਂ ਆ ਰਹੇ ਕਿ ਕੁੱਝ ਲੋਕ ਸਾਡੇ ਖ਼ਿਲਾਫ਼ ਬੋਲਣਗੇ, ਸਾਡੇ ਘਰ ਫ਼ੋਨ ਆਉਣਗੇ, ਸਾਡੇ ਘਰ ਗੋਲੀਆਂ ਚੱਲ ਜਾਣਗੀਆਂ। ਪਰ ਜੇ ਲੋਕ ਮਰ ਰਹੇ ਹੋਣ ਤਾਂ ਲੀਡਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਖੁੱਲ੍ਹ ਕੇ ਅੱਗੇ ਆਉਣ ਤੇ ਲੋਕਾਂ ਨੂੰ ਸੇਧ ਦੇਣ, ਉਹ ਮਾਹੌਲ ਖ਼ਰਾਬ ਹੋਣ ਤੋਂ ਪਹਿਲਾਂ ਸਥਿਤੀ ਨੂੰ ਸੰਭਾਲਣ। ਲੀਡਰ ਹਮੇਸ਼ਾ ਲੋਕਾਂ ਲਈ ਹੁੰਦੇ ਹਨ ਤੇ ਜੇ ਲੋਕਾਂ 'ਤੇ ਭੀੜ ਪੈ ਗਈ ਤਾਂ ਸਾਡਾ ਘਰਾਂ ਵਿਚ ਡਰ ਕੇ ਬਹਿਣਾ ਗ਼ਲਤ ਹੈ। ਰਾਜਾ ਵੜਿੰਗ ਨੇ ਵੀ ਉਸ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਸਲੇ 'ਤੇ ਖੁੱਲ੍ਹ ਕੇ ਅੱਗੇ ਆਉਣ।
ਇਹ ਖ਼ਬਰ ਵੀ ਪੜ੍ਹੋ - ਗੰਨ ਕਲਚਰ ’ਤੇ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ, ਕਾਂਗਰਸ ਤੇ ਅਕਾਲੀਆਂ ਸਿਰ ਭੰਨਿਆ ਠੀਕਰਾ
ਸੰਸਦ ਮੈਂਬਰ ਨੇ 'ਆਪ' ਸਰਕਾਰ 'ਤੇ ਵੀ ਵਿੰਨ੍ਹੇ ਨਿਸ਼ਾਨੇ
ਪੰਜਾਬ ਦੀ 'ਆਪ' ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਜਿਸ ਦਿਨ ਦਾ ਪੰਜਾਬ ਵਿਚ ਇਹ ਖੂਨ ਖਰਾਬਾ ਸ਼ੁਰੂ ਹੋਇਆ, ਇਸ 'ਤੇ ਮੁੱਖ ਮੰਤਰੀ ਤਾਂ ਦੂਰ ਦੀ ਗੱਲ ਹੈ ਕਿਸੇ ਕੈਬਨਿਟ ਮੰਤਰੀ ਨੇ ਵੀ ਆ ਕੇ ਪ੍ਰੈੱਸ ਕਾਨਫਰੰਸ ਤਕ ਨਹੀਂ ਕੀਤੀ ਕਿ ਸਾਡੀ ਸਰਕਾਰ ਵਿਚ ਅਜਿਹੀਆਂ ਸਰਗਰਮੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਹ ਸਾਰੇ ਟੋਪੀ ਪਾ ਕੇ ਗੁਜਰਾਤ ਵਿਚ ਪੈਂਫਲੇਟ ਵੰਡ ਰਹੇ ਹਨ, ਪਹਿਲਾਂ ਇਹ ਹਿਮਾਚਲ ਵਿਚ ਰੁਝੇ ਰਹੇ ਤੇ ਹੁਣ ਉੱਥੋਂ ਗੁਜਰਾਤ ਵੱਲ ਨੂੰ ਚਲੇ ਗਏ। ਸੂਬਾ ਸਰਕਾਰ ਵੱਲੋਂ ਗੰਨ ਕਲਚਰ ਬਾਰੇ ਲਏ ਗਏ ਫੈਸਲਿਆਂ 'ਤੇ ਬਿੱਟੂ ਨੇ ਕਿਹਾ ਕਿ ਇਹ ਸਾਰੇ ਨਿਯਮ ਸੂਬੇ ਵਿਚ ਪਹਿਲਾਂ ਹੀ ਲਾਗੂ ਹਨ। ਮਾਨ ਸਰਕਾਰ ਸਿਰਫ਼ ਬਦਲੀਆਂ ਕਰਨ ਵਿਚ ਲੱਗੀ ਹੋਈ ਹੈ, ਇਸ ਨਾਲ ਕੁੱਝ ਨਹੀਂ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।