ਮੋਟਰਸਾਈਕਲ ਸਵਾਰ 2 ਚੇਨ ਸਨੇਚਰ ਕਾਬੂ, 1 ਫਰਾਰ

Thursday, Jun 08, 2017 - 07:46 AM (IST)

ਮੋਟਰਸਾਈਕਲ ਸਵਾਰ 2 ਚੇਨ ਸਨੇਚਰ ਕਾਬੂ, 1 ਫਰਾਰ

ਭੁਲੱਥ, (ਰਜਿੰਦਰ)- ਭੁਲੱਥ ਤੋਂ ਕਰਤਾਰਪੁਰ ਰੋਡ 'ਤੇ ਅੱਜ ਸਵੇਰੇ ਹੋਈ ਚੇਨ ਸਨੇਚਿੰਗ ਦੀ ਵਾਰਦਾਤ ਨੂੰ ਭੁਲੱਥ ਪੁਲਸ ਨੇ ਕੁਝ ਸਮੇਂ ਵਿਚ ਹੀ ਸੁਲਝਾ ਲਿਆ। ਜਿਸ ਦੌਰਾਨ ਪੁਲਸ ਨੇ 2 ਨੌਜਵਾਨਾਂ ਨੂੰ ਕਾਬੂ ਕਰਦਿਆਂ ਉਨ੍ਹਾਂ ਕੋਲੋਂ ਖੋਹੀ ਹੋਈ ਚੇਨ ਬਰਾਮਦ ਕਰ ਲਈ ਹੈ। ਇਹ ਜਾਣਕਾਰੀ ਐੱਸ. ਐੱਚ. ਓ. ਭੁਲੱਥ ਰਸ਼ਮਿੰਦਰ ਸਿੰਘ ਸਿੱਧੂ ਨੇ ਦੇਰ ਸ਼ਾਮ ਗੱਲਬਾਤ ਕਰਦਿਆਂ ਦਿੱਤੀ। 
ਉਨ੍ਹਾਂ ਦੱਸਿਆ ਕਿ ਤਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਲਿੱਟਾਂ, ਜੋ ਰਾਜਪੁਰ ਭੁਲੱਥ ਵਿਖੇ ਅਧਿਆਪਕ ਹੈ ਤੇ ਉਸ ਦੀ ਪਤਨੀ ਪ੍ਰਦੀਪ ਕੌਰ ਪਿੰਡ ਰਾਮਗੜ੍ਹ ਦੇ ਆਦਰਸ਼ ਪਬਲਿਕ ਸਕੂਲ ਵਿਚ ਅਧਿਆਪਕਾ ਹੈ। 
ਅੱਜ ਸਵੇਰੇ ਸਾਢੇ 7 ਵਜੇ ਦੇ ਕਰੀਬ ਤਜਿੰਦਰ ਸਿੰਘ ਐਕਟਿਵਾ 'ਤੇ ਆਪਣੀ ਪਤਨੀ ਪ੍ਰਦੀਪ ਕੌਰ ਨੂੰ ਰਾਮਗੜ੍ਹ ਵਿਖੇ ਛੱਡਣ ਜਾ ਰਿਹਾ ਸੀ ਕਿ ਜਦੋਂ ਇਹ ਰਾਮਗੜ੍ਹ ਦੇ ਪੈਟਰੋਲ ਪੰਪ ਤੋਂ ਪਿੱਛੇ ਸੀ, ਤਾਂ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਨੇ ਪ੍ਰਦੀਪ ਕੌਰ ਦੇ ਗਲ ਵਿਚ ਪਾਈ ਸੋਨੇ ਦੀ ਚੇਨ ਖਿੱਚ ਲਈ ਤੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਇਸ ਉਪਰੰਤ ਤਿੰਨੇ ਨੌਜਵਾਨ ਮੋਟਰਸਾਈਕਲ ਸਮੇਤ ਫਰਾਰ ਹੋ ਗਏ ਸਨ। 
ਉਨ੍ਹਾਂ ਦੱਸਿਆ ਕਿ ਸੋਨੇ ਦੀ ਚੇਨ ਖੋਹਣ ਦੇ ਦੋਸ਼ ਵਿਚ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਸਵਰਨ ਦਾਸ ਵਾਸੀ ਪਿੰਡ ਲਿੱਟਾਂ, ਸਾਹਿਲ ਉਰਫ ਸਿੰਮੀ ਪੁੱਤਰ ਸੰਤੋਖ ਲਾਲ ਵਾਸੀ ਦਿਆਲਪੁਰ ਥਾਣਾ ਕਰਤਾਰਪੁਰ (ਜ਼ਿਲਾ ਜਲੰਧਰ), ਅੰਮ੍ਰਿਤਪਾਲ ਸਿੰਘ ਉਰਫ ਮੰਗਾ ਪੁੱਤਰ ਸ਼ਿੰਦਰ ਸਿੰਘ ਵਾਸੀ ਦਿਆਲਪੁਰ, ਥਾਣਾ ਸੁਭਾਨਪੁਰ (ਜ਼ਿਲਾ ਕਪੂਰਥਲਾ) ਖਿਲਾਫ ਥਾਣਾ ਭੁਲੱਥ ਵਿਖੇ ਕੇਸ ਦਰਜ ਕੀਤਾ ਗਿਆ। 
ਐੱਸ. ਐੱਚ. ਓ. ਸਿੱਧੂ ਨੇ ਦੱਸਿਆ ਕਿ ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਹੀ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਰਾਮਗੜ੍ਹ ਤੋਂ ਮਾਨਾਂ ਤਲਵੰਡੀ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਚੇਨ ਸਨੇਚਿੰਗ ਵਿਚ ਸ਼ਾਮਲ ਦੋ ਨੌਜਵਾਨਾਂ ਸਾਹਿਲ ਤੇ ਅੰਮ੍ਰਿਤਪਾਲ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ, ਬਾਅਦ ਵਿਚ ਇਨ੍ਹਾਂ ਦੋਵਾਂ ਦੀ ਨਿਸ਼ਾਨਦੇਹੀ 'ਤੇ ਖੋਹੀ ਹੋਈ ਸੋਨੇ ਦੀ ਚੇਨ ਬਰਾਮਦ ਕੀਤੀ ਜਾ ਚੁੱਕੀ ਹੈ। ਐੱਸ. ਐੱਚ. ਓ. ਸਿੱਧੂ ਨੇ ਦੱਸਿਆ ਕਿ ਇਸ ਮਾਮਲੇ 'ਚ ਸ਼ਾਮਲ ਤੀਸਰਾ ਨੌਜਵਾਨ ਸੁਖਵਿੰਦਰ ਸਿੰਘ ਉਰਫ ਸੁੱਖਾ ਹਾਲੇ ਫਰਾਰ ਹੈ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। 


Related News