ਡਿਵਾਇਡਰ ਨਾਲ ਟਕਰਾਇਆ ਮੋਟਰਸਾਈਕਲ, ਇਕ ਦੀ ਮੌਤ

06/16/2018 8:10:38 PM

ਜਲਾਲਾਬਾਦ (ਨਿਖੰਜ)— ਫਿਰੋਜ਼ਪੁਰ ਮਾਰਗ 'ਤੇ ਬਣੇ ਸਤਸੰਗ ਘਰ ਦੇ ਕੋਲ ਅੱਜ ਬੀਤੀ ਦੇਰ ਸ਼ਾਮ ਨੂੰ ਅਚਾਨਕ ਸੰਤੁਲਨ ਵਿਗੜਨ ਨਾਲ ਮੋਟਰਸਾਈਕਲ ਡਿਵਾਇਡਰ ਨਾਲ ਟਕਰਾਉਣ ਕਾਰਨ 1 ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਟਹਿਲ ਸਿੰਘ ਪੁੱਤਰ ਸੂਰੈਣ ਸਿੰਘ ਵਾਸੀ ਛੋਟਾ ਫਲੀਆ ਸ਼ਹਿਰ ਮਮਦੋਟ ਤੋਂ ਕਿਸੇ ਦਾ ਰਾਜ਼ੀਨਾਮਾ ਕਰਵਾ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਭਤੀਜੇ  ਗੁਰਮੇਜ ਸਿੰਘ ਪੁੱਤਰ ਜੰਗੀਰ ਸਿੰਘ ਅਤੇ ਦੇਸ਼ਾ ਸਿੰਘ ਮੈਂਬਰ ਪੰਚਾਇਤ ਵਾਸੀਆਨ ਛੋਟਾ ਫਲੀਆ ਵਾਲਾ ਨਾਲ ਵਾਪਸ ਆਪਣੇ ਪਿੰਡ ਨੂੰ ਆ ਰਹੇ ਸਨ ਤਾਂ ਜਦੋਂ ਉਹ ਫਾਜ਼ਿਲਕਾ ਫਿਰੋਜ਼ਪੁਰ ਮਾਰਗ 'ਤੇ ਬਣੇ ਨਵੇਂ ਸਤਸੰਗ ਘਰ ਦੇ ਕੋਲ ਪੁੱਜੇ ਤਾਂ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਲੱਗੇ ਡਿਵਾਇਡਰ ਨਾਲ ਜਾ ਟਕਰਾਇਆ ਅਤੇ ਇਸ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਟਹਿਲ ਸਿੰਘ ਪੁੱਤਰ ਸੁਰੈਣ ਸਿੰਘ ਦੀ ਮੌਤ ਹੋ ਗਈ ਅਤੇ ਗੁਰਮੇਜ ਸਿੰਘ ਅਤੇ ਦੇਸ਼ਾ ਸਿੰਘ ਨੂੰ ਗੰਭੀਰ ਹਾਲਤ ਵਿਚ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ, ਜਿਥੇ ਕਿ ਡਾਕਟਰਾਂ ਵੱਲੋਂ ਮੁਢੱਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਕਿਸੇ ਹੋਰ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਸਿਟੀ ਜਲਾਲਾਬਾਦ ਦੇ ਪੁਲਸ ਕਰਮਚਾਰੀ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 174 ਦੀ ਕਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।


Related News