ਮਲੇਸ਼ੀਆ 'ਚ 5 ਸਾਲਾਂ ਤੋਂ ਬੰਧਕ ਬੇਟੀ ਨੂੰ ਮਾਂ ਨੇ ਪੁਲਸ ਦੀ ਸਹਾਇਤਾ ਨਾਲ ਛੁਡਵਾਇਆ
Sunday, Oct 06, 2019 - 09:01 PM (IST)
ਮੋਗਾ, (ਆਜ਼ਾਦ)— ਮੋਗਾ ਨਿਵਾਸੀ ਔਰਤ ਦੀ ਕੰਮ ਕਰਨ ਲਈ ਮਲੇਸ਼ੀਆ ਗਈ ਬੇਟੀ, ਜਿਸ ਨੂੰ ਪੰਜ ਸਾਲਾਂ ਤੋਂ ਮਲੇਸ਼ੀਆ ਦੀ ਹੀ ਇਕ ਔਰਤ, ਜਿਸ ਕੋਲ ਉਹ ਕੰਮ ਕਰਦੀ ਸੀ, ਵਲੋਂ ਬੰਧਕ ਬਣਾ ਕੇ ਆਪਣੇ ਘਰ 'ਚ ਰੱਖਿਆ ਹੋਇਆ ਸੀ। ਮਾਂ ਵਲੋਂ ਆਪਣੀ ਮਮਤਾ ਦਿਖਾਉਂਦੇ ਹੋਏ ਬੇਟੀ ਨੂੰ ਸਮਾਜ-ਸੇਵੀ ਸੰਸਥਾਵਾਂ ਦੀ ਸਹਾਇਤਾ ਨਾਲ ਮਲੇਸ਼ੀਆ ਪਹੁੰਚ ਕੇ ਪੁਲਸ ਦੀ ਮਦਦ ਨਾਲ ਉਸ ਦੀ ਚੁੰਗਲ 'ਚੋਂ ਛੁਡਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਮਨਜੀਤ ਕੌਰ ਨਿਵਾਸੀ ਮੋਗਾ ਨੇ ਕਿਹਾ ਕਿ ਉਸ ਦੇ ਆਪਣੇ ਘਰ ਦੇ ਨੇੜੇ ਰਹਿੰਦੀ ਮੁਲਜ਼ਮ ਔਰਤ ਕੁਲਦੀਪ ਕੌਰ ਦੀ ਭੈਣ ਕਰਮਜੀਤ ਕੌਰ ਮਲੇਸ਼ੀਆ ਗਈ ਹੋਈ ਸੀ। ਉਸ ਨੇ ਮੈਨੂੰ ਆਪਣੀ ਬੇਟੀ ਸੁਖਵਿੰਦਰ ਕੌਰ ਉਰਫ ਜੋਤੀ ਨੂੰ ਮਲੇਸ਼ੀਆ ਭੇਜਣ ਦੀ ਗੱਲ ਕਹੀ, ਜਿਸ 'ਤੇ ਮੈਂ ਹਾਂ ਕਰ ਦਿੱਤੀ ਅਤੇ ਉਸ ਨੇ ਮੈਨੂੰ ਆਪਣੇ ਭਰਾ ਕਥਿਤ ਦੋਸ਼ੀ ਰੇਸ਼ਮ ਸਿੰਘ ਨਿਵਾਸੀ ਪਿੰਡ ਰਣੀਆਂ ਨਾਲ ਮਿਲਵਾਇਆ, ਜਿਨ੍ਹਾਂ ਨੇ ਸਾਡੀ ਗੱਲਬਾਤ ਜਲੰਧਰ ਦੇ ਇਕ ਟਰੈਵਲ ਏਜੰਟ ਕੁਲਦੀਪ ਸਿੰਘ ਨਾਲ ਕਰਵਾਈ, ਜਿਸ ਨੇ ਕਰਮਜੀਤ ਕੌਰ ਨੂੰ ਮਲੇਸ਼ੀਆ ਭੇਜਿਆ ਸੀ। ਉਕਤ ਟਰੈਵਲ ਏਜੰਟ ਦੇ ਕਹਿਣ 'ਤੇ ਅਸੀਂ ਉਸ ਨੂੰ 60 ਹਜ਼ਾਰ ਰੁਪਏ ਨਕਦ ਅਤੇ ਪਾਸਪੋਰਟ ਦੇ ਦਿੱਤਾ, ਜਿਸ ਨੇ ਡੇਢ ਮਹੀਨੇ ਬਾਅਦ 2 ਸਾਲ ਦਾ ਮਲੇਸ਼ੀਆ ਦਾ ਵੀਜ਼ਾ ਲਗਵਾ ਦਿੱਤਾ।
ਇਸ ਦੇ ਬਾਅਦ ਕਥਿਤ ਦੋਸ਼ੀਆਂ ਨੇ ਮਲੇਸ਼ੀਆ ਰਹਿੰਦੀ ਕਿਰਨਜੀਤ ਕੌਰ ਨਾਲ ਸਾਡੀ ਗੱਲ ਕਰਵਾਈ ਤੇ ਕਿਹਾ ਕਿ ਉਸ ਦੀ ਬੇਟੀ ਉਸ ਦੇ ਘਰ ਰਹਿ ਕੇ ਘਰੇਲੂ ਕੰਮ ਕਰੇਗੀ ਅਤੇ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਉਨ੍ਹਾਂ ਦੇ ਕਹਿਣ 'ਤੇ ਅਸੀਂ ਆਪਣੀ ਬੇਟੀ ਨੂੰ 9 ਅਪ੍ਰੈਲ, 2014 ਨੂੰ ਮਲੇਸ਼ੀਆ ਭੇਜ ਦਿੱਤਾ, ਜੋ ਕਿਰਨਜੀਤ ਕੌਰ ਦੇ ਘਰ ਚਲੀ ਗਈ ਅਤੇ ਉਹ ਉਥੇ ਘਰੇਲੂ ਕੰਮ ਕਰਨ ਲੱਗੀ। ਸ਼ਿਕਾਇਤਕਰਤਾ ਨੇ ਕਿਹਾ ਕਿ ਮੇਰੀ ਬੇਟੀ ਦੀ ਹਾਲਤ ਗੁਲਾਮਾਂ ਵਰਗੀ ਸੀ ਅਤੇ ਉਸ ਨੂੰ ਘਰ 'ਚ ਕੈਦ ਕਰ ਕੇ ਰੱਖਿਆ ਹੋਇਆ ਸੀ ਅਤੇ ਉਸ ਨੂੰ ਬਾਹਰ ਵੀ ਨਿਕਲਣ ਨਹੀਂ ਦਿੱਤਾ ਜਾਂਦਾ ਸੀ। ਉਸ ਨੇ ਮੇਰੀ ਬੇਟੀ ਨੂੰ ਗਲਤ ਕੰਮ ਲਈ ਵੀ ਮਜਬੂਰ ਕੀਤਾ ਅਤੇ ਉਸ ਦੀ ਕੁੱਟ-ਮਾਰ ਵੀ ਕੀਤੀ। ਕਿਰਨਜੀਤ ਕੌਰ ਸਾਡੀ ਬੇਟੀ ਨੂੰ ਫੋਨ 'ਤੇ ਗੱਲ ਵੀ ਨਹੀਂ ਕਰਨ ਦਿੰਦੀ ਸੀ।
ਇਸ ਸਬੰਧੀ ਮੈਂ ਖੁਦ ਆਪਣੀ ਬੇਟੀ ਨੂੰ ਉਕਤ ਔਰਤ ਦੀ ਚੁੰਗਲ 'ਚੋਂ ਛੁਡਵਾਉਣ ਲਈ ਮਲੇਸ਼ੀਆ ਪਹੁੰਚ ਕੇ ਪੁਲਸ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੇਰੀ ਬੇਟੀ ਨੂੰ ਮੇਰੇ ਹਵਾਲੇ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ, ਜਦ ਅਸੀਂ ਉਥੋਂ ਆਉਣ ਲੱਗੇ ਤਾਂ ਉਸ ਨੇ ਸਿਰਫ ਤਿੰਨ ਲੱਖ ਰੁਪਏ ਦਾ ਡਰਾਫਟ ਸਾਨੂੰ ਤਨਖਾਹ ਦੇ ਤੌਰ 'ਤੇ ਦਿੱਤਾ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੇਰੀ ਬੇਟੀ ਦੀ ਹੋਰ ਤਨਖਾਹ ਹੜੱਪ ਲਈ ਅਤੇ ਸਾਡੇ ਨਾਲ ਧੋਖਾਦੇਹੀ ਕੀਤੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲਾ ਪੁਲਸ ਮੁਖੀ ਮੋਗਾ ਨੇ ਇਸ ਦੀ ਜਾਂਚ ਡੀ. ਐੱਸ. ਪੀ. ਸਿਟੀ ਮੋਗਾ ਨੂੰ ਕਰਨ ਦਾ ਹੁਕਮ ਦਿੱਤਾ।