ਬੱਚੇ ਨੂੰ ਬੈੱਡ ''ਚ ਬੰਦ ਕਰਨ ਵਾਲੀ ਕਲਯੁਗੀ ਮਾਂ ਦੀ ਇਕ ਹੋਰ ਕਰਤੂਤ ਆਈ ਸਾਹਮਣੇ!

Wednesday, Jan 29, 2020 - 01:15 PM (IST)

ਬੱਚੇ ਨੂੰ ਬੈੱਡ ''ਚ ਬੰਦ ਕਰਨ ਵਾਲੀ ਕਲਯੁਗੀ ਮਾਂ ਦੀ ਇਕ ਹੋਰ ਕਰਤੂਤ ਆਈ ਸਾਹਮਣੇ!

ਚੰਡੀਗੜ੍ਹ (ਸੁਸ਼ੀਲ) : ਆਪਣੇ ਢਾਈ ਸਾਲਾ ਬੇਟੇ ਪੁੱਤ ਦੇ ਮੂੰਹ 'ਚ ਕੱਪੜਾ ਤੁੰਨ ਕੇ ਉਸ ਨੂੰ ਬੈੱਡ 'ਚ ਬੰਦ ਕਰਕੇ ਕਤਲ ਕਰਨ ਵਾਲੀ ਕਲਯੁਗੀ ਮਾਂ ਦੀ ਇਕ ਹੋਰ ਕਰਤੂਤ ਸਾਹਮਣੇ ਆਈ ਹੈ ਕਿਉਂਕਿ ਉਕਤ ਔਰਤ ਦੇ ਪਤੀ ਨੇ ਆਪਣੀ 6 ਮਹੀਨਿਆਂ ਦੀ ਬੱਚੀ ਦੇ ਕਤਲ ਦਾ ਸ਼ੱਕ ਵੀ ਉਸ 'ਤੇ ਹੀ ਜਤਾਇਆ ਹੈ, ਜਿਸ ਤੋਂ ਬਾਅਦ ਪੁਲਸ ਬੱਚੀ ਦੀ ਮੌਤ ਦਾ ਪਤਾ ਲਾਉਣ ਲਈ ਸੈਕਟਰ-25 ਸਥਿਤ ਸ਼ਮਸ਼ਾਨਘਾਟ 'ਚ ਦਫਨਾਈ ਗਈ ਬੱਚੀ ਦੀ ਲਾਸ਼ ਨੂੰ ਬਾਹਰ ਕੱਢੇਗੀ।
ਪੁਲਸ ਡਾਕਟਰਾਂ ਦੇ ਬੋਰਡ ਵਲੋਂ ਉਸ ਦਾ ਪੋਸਟ ਮਾਰਟਮ ਕਰਵਾ ਕੇ ਮੌਤ ਦੇ ਕਾਰਨ ਦਾ ਪਤਾ ਲਾਵੇਗੀ। ਇਸ ਲਈ ਚੰਡੀਗੜ੍ਹ ਪੁਲਸ ਨੇ ਐੱਸ. ਡੀ. ਐੱਮ. ਸਾਊਥ ਨੂੰ ਇਕ ਅਰਜ਼ੀ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਪੀੜਤ ਵਿਅਕਤੀ ਦਸ਼ਰਥ ਦੀ ਬੇਟੀ ਕੋਮਲ ਦੀ ਦਸੰਬਰ ਮਹੀਨੇ 'ਚ ਸ਼ੱਕੀ ਹਾਲਤ 'ਚ ਮੌਤ ਹੋਈ ਸੀ। ਦਸ਼ਰਥ ਨੇ ਕੋਮਲ ਦੇ ਕਤਲ ਦਾ ਸ਼ੱਕ ਵੀ ਆਪਣੀ ਪਤਨੀ ਰੂਪਾ 'ਤੇ ਜਤਾਇਆ ਹੈ। ਪੁਲਸ ਬੁੱਧਵਾਰ ਨੂੰ ਮੈਜਿਸਟ੍ਰੇਟ ਦੀ ਨਿਗਰਾਨੀ 'ਚ ਕੋਮਲ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਕਰਾਵੇਗੀ।
ਮੁਲਜ਼ਮ ਭੇਜੀ 2 ਦਿਨਾਂ ਪੁਲਸ ਰਿਮਾਂਡ 'ਤੇ
ਉੱਥੇ ਹੀ ਬੇਟੇ ਦੇ ਕਤਲ ਮਾਮਲੇ 'ਚ ਫੜ੍ਹੀ ਗਈ ਮੁਲਜ਼ਮ ਮਾਂ ਰੂਪਾ ਨੂੰ ਬੁੜੈਲ ਚੌਂਕੀ ਪੁਲਸ ਨੇ ਮੰਗਲਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਪੁਲਸ ਨੇ ਰਿਮਾਂਡ ਲੈਣ ਲਈ ਅਦਾਲਤ 'ਚ ਦਲੀਲ ਦਿੱਤੀ ਕਿ ਮੁਲਜ਼ਮ ਰੂਪਾ ਤੋਂ ਢਾਈ ਸਾਲਾ ਬੇਟੇ ਸੂਰਜ ਦੇ ਕਤਲ ਬਾਰੇ ਪੁੱਛਗਿੱਛ ਕਰਨੀ ਹੈ। ਇਸ ਤੋਂ ਇਲਾਵਾ ਦਸੰਬਰ, 2019 'ਚ ਵੀ ਬੱਚੀ ਕੋਮਲ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਸਬੰਧੀ ਵੀ ਰੂਪਾ ਤੋਂ ਸਵਾਲ-ਜਵਾਬ ਕਰਨੇ ਹਨ। ਦਸ਼ਰਥ ਨੇ ਕਿਹਾ ਕਿ ਰੂਪਾ ਨੇ ਉਸ ਨੂੰ ਦੱਸਿਆ ਸੀ ਕਿ ਦੁੱਧ ਪੀਣ ਤੋਂ ਬਾਅਦ ਬੱਚੀ ਉੱਠੀ ਨਹੀਂ ਸੀ। ਅਦਾਲਤ ਨੇ ਮਹਿਲਾ ਦੋਸ਼ੀ ਨੂੰ 2 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।
ਵਿਆਹ ਤੋਂ ਨਾਖੁਸ਼ ਸੀ ਰੂਪਾ
ਵਿਆਹ ਤੋਂ ਨਾਖੁਸ਼ ਬੁੜੈਲ ਵਾਸੀ ਰੂਪਾ ਢਾਈ ਸਾਲਾ ਮਾਸੂਮ ਬੇਟੇ ਸੂਰਜ ਦੇ ਮੂੰਹ 'ਚ ਕੱਪੜਾ ਤੁੰਨ ਕੇ ਉਸ ਨੂੰ ਬੈੱਡ ਦੇ ਬਾਕਸ 'ਚ ਬੰਦ ਕਰਕੇ ਘਰੋਂ ਫਰਾਰ ਹੋ ਗਈ ਸੀ। ਅਗਲੇ ਦਿਨ ਪਤੀ ਦਸ਼ਰਥ ਨੇ ਜਦੋਂ ਕੰਬਲ ਕੱਢਣ ਲਈ ਬੈੱਡ ਖੋਲ੍ਹਿਆ ਤਾਂ ਅੰਦਰ ਬੇਟਾ ਸੂਰਜ ਮਿਲਿਆ। ਦਸ਼ਰਥ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਬੱਚੇ ਨੂੰ ਸੈਕਟਰ-32 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਸੀ। ਸੈਕਟਰ-34 ਥਾਣਾ ਪੁਲਸ ਨੇ ਦਸ਼ਰਥ ਦੀ ਸ਼ਿਕਾਇਤ 'ਤੇ ਪਤਨੀ ਰੂਪਾ 'ਤੇ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਸੋਮਵਾਰ ਨੂੰ ਬੁੜੈਲ ਤੋਂ ਗ੍ਰਿਫਤਾਰ ਕੀਤਾ ਸੀ।


author

Babita

Content Editor

Related News