ਸਵੇਰ ਦੀ ਸੈਰ ਸਰੀਰਕ ਤੇ ਮਾਨਸਿਕ ਵਿਕਾਸ ਲਈ ਅਹਿਮ : ਸਹਾਇਕ ਕਮਿਸ਼ਨਰ
Monday, Jun 25, 2018 - 08:39 AM (IST)
ਬਡਬਰ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਅੱਜ ਜ਼ਿਲਾ ਵਾਸੀਆਂ ਨੂੰ ਕੁਦਰਤੀ ਵਾਤਾਵਰਣ ਵਿਚ ਸੈਰ ਅਤੇ ਕਸਰਤ ਕਰਨ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਬਡਬਰ ਦੀ ਬੀਡ਼ ਵਿਖੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸੈਰ ਕੀਤੀ ਗਈ। ਇਸ ਦੌਰਾਨ ਇਸ ਕੁਦਰਤੀ ਹਰੇ-ਭਰੇ ਵਾਤਾਵਰਣ ਵਿਚ ਸੈਰ ਕਰਨ ਵਾਲਿਆਂ ਨੂੰ ਸਹਾਇਕ ਕਮਿਸ਼ਨਰ ਮਨਕੰਵਲ ਸਿੰਘ ਚਹਿਲ, ਸਹਾਇਕ ਕਮਿਸ਼ਨਰ ਡਾ. ਹਿਮਾਂਸ਼ੂ ਗੁਪਤਾ ਅਤੇ ਜ਼ਿਲਾ ਮਾਲ ਅਫ਼ਸਰ ਗਗਨਦੀਪ ਸਿੰਘ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਨੂੰ ਸਵੇਰ ਦੀ ਸੈਰ ਕਰਨ ਅਤੇ ਆਪਣੀ ਸਿਹਤ ਨੂੰ ਬਿਹਤਰ ਅਤੇ ਤੰਦਰੁਸਤ ਬਣਾਉਣ ਲਈ ਬਡਬਰ ਦੀ ਬੀਡ਼ ਵਿਚ ਇਸ ਕੁਦਰਤੀ ਸੈਰ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਵੇਰ ਦੀ ਸੈਰ ਸਰੀਰਕ ਤੇ ਮਾਨਸਿਕ ਵਿਕਾਸ ਲਈ ਮਹੱਤਵਪੂਰਨ ਹੈ। ਸਾਨੂੰ ਆਪਣੇ ਬੱਚਿਆਂ ਨੂੰ ਵੀ ਵਾਤਾਵਰਣ ਦੀ ਸਾਂਭ-ਸੰਭਾਲ ਲਈ ਸੁਚੇਤ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜੇ ਸਾਡਾ ਚੌਗਿਰਦਾ ਸਾਫ਼-ਸੁਥਰਾ ਹੈ ਤਾਂ ਸਾਡੀਆਂ ਆਉਣ ਵਾਲੀਆਂ ਪੀਡ਼੍ਹੀਆਂ ਦਾ ਭਵਿੱਖ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸੁਰੱਖਿਅਤ ਰੱਖਣ ’ਚ ਹਰੇਕ ਨਾਗਰਿਕ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ ਅਤੇ ਬੂਟੇ ਲਾਉਣ ਦੀ ਪ੍ਰਕਿਰਿਆ ਵੀ ਵਾਤਾਵਰਣ ਸੰਭਾਲ ਦਾ ਇਕ ਅਹਿਮ ਹਿੱਸਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਵਿਜਯ ਭਾਸਕਰ, ਵਣ ਰੇਂਜ ਅਫ਼ਸਰ ਅਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਵਰਗ ਹਾਜ਼ਰ ਸੀ।
