ਪੰਜਾਬ ਵਾਪਸ ਆਉਣ ਲਈ 6 ਲੱਖ ਤੋਂ ਵੱਧ ਨਿਵਾਸੀਆਂ ਨੇ ਕੀਤਾ ਅਪਲਾਈ
Tuesday, May 12, 2020 - 11:30 PM (IST)
ਲੁਧਿਆਣਾ, (ਪੰਕਜ)— ਇਕ ਪਾਸੇ ਜਿੱਥੇ ਪੰਜਾਬ ਵਿਚ ਰੋਜ਼ੀ-ਰੋਟੀ ਦੀ ਭਾਲ ਵਿਚ ਆਏ ਲੱਖਾਂ ਪ੍ਰਵਾਸੀਆਂ ਵਿਚ ਵਾਪਸ ਆਪਣੇ-ਆਪਣੇ ਗ੍ਰਹਿ ਰਾਜਾਂ ਨੂੰ ਜਾਣ ਦੀ ਹੋੜ ਲੱਗੀ ਹੋਈ ਹੈ ਅਤੇ ਸੂਬਾ ਸਰਕਾਰ ਇਨ੍ਹਾਂ ਨੂੰ ਸਹੀ ਸਲਾਮਤ ਵਾਪਸ ਭੇਜਣ ਲਈ ਹਰ ਸੰਭਵ ਯਤਨ ਕਰ ਰਹੀ ਹੈ, ਉਥੇ ਦੇਸ਼ ਦੇ ਦੂਜੇ ਰਾਜਾਂ ਵਿਚ ਫਸੇ ਪੰਜਾਬੀਆਂ ਦੀ ਹਾਲਤ ਵੀ ਅਜਿਹੀ ਹੀ ਹੈ, ਜੋ ਕਿਸੇ ਵੀ ਕੀਮਤ 'ਤੇ ਪੰਜਾਬ ਵਾਪਸ ਆਉਣ ਲਈ ਸਰਕਾਰ ਵੱਲ ਆਸ ਦੀ ਨਜ਼ਰ ਲਾਈ ਬੈਠੇ ਹਨ।
ਅਜਿਹੇ ਪੰਜਾਬੀਆਂ ਦੀ ਗਿਣਤੀ 6 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ, ਜੋ ਪੰਜਾਬ ਦੇ ਲਗਭਗ ਹਰ ਜ਼ਿਲੇ ਨਾਲ ਸਬੰਧਤ ਹਨ ਅਤੇ ਉਨ੍ਹਾਂ ਵੱਲੋਂ ਬਾਕਾਇਦਾ ਸਰਕਾਰ ਕੋਲ ਅਪਲਾਈ ਕੀਤਾ ਗਿਆ ਹੈ। ਦੱਸ ਦੇਈਏ ਕਿ ਜਿਸ ਤਰ੍ਹਾਂ ਦੂਜੇ ਰਾਜਾਂ ਤੋਂ ਲੱਖਾਂ ਲੋਕ ਰੋਜ਼ੀ-ਰੋਟੀ ਦੀਭਾਲ ਵਿਚ ਪੰਜਾਬ ਵਿਚ ਆ ਕੇ ਵਸੇ ਹੋਏ ਹਨ, ਉਸੇ ਤਰ੍ਹਾਂ ਪੰਜਾਬ ਤੋਂ ਦੇਸ਼ ਦੇ ਦੂਜੇ ਰਾਜਾਂ ਵਿਚ ਵਸੇ ਪੰਜਾਬੀਆਂ ਦੀ ਵੀ ਕੋਈ ਕਮੀ ਨਹੀਂ ਹੈ। ਅਜਿਹੇ ਸਮੇਂ ਵਿਚ ਜਦੋਂ ਦੇਸ਼ ਭਰ ਵਿਚ ਕੋਰੋਨਾ ਵਾਇਰਸ ਮਹਾਮਾਰੀ ਦਾ ਰੂਪ ਧਾਰ ਕੇ ਹਜ਼ਾਰਾਂ ਜ਼ਿੰਦਗੀਆਂ ਨਿਗਲ ਚੁੱਕਾ ਹੈ ਅਤੇ ਇਸ ਤੋਂ ਬਚਣ ਲਈ ਲੋਕ ਪਿਛਲੇ ਡੇਢ ਮਹੀਨੇ ਤੋਂ ਘਰਾਂ ਵਿਚ ਲਾਕਡਾਊਨ ਹੋਏ ਬੈਠੇ ਹਨ। ਇਸ ਦੌਰਾਨ ਜਿਵੇਂ ਹੀ ਰਾਜ ਸਰਕਾਰਾਂ ਨੇ ਆਪਣੇ ਰਾਜਾਂ ਵਿਚ ਰਹਿਣ ਵਾਲੇ ਅਤੇ ਆਪਣੇ ਗ੍ਰਹਿ ਰਾਜ ਵਾਪਸ ਜਾਣ ਦੇ ਇੱਛੁਕ ਪਰਿਵਾਰਾਂ ਲਈ ਵਾਪਸ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਤਾਂ ਦੇਸ਼ ਦੇ ਹੋਰਨਾਂ ਰਾਜਾਂ ਵਿਚ ਵਸੇ ਲੱਖਾਂ ਪੰਜਾਬੀਆਂ ਵਿਚ ਘਰ ਵਾਪਸੀ ਦੀ ਹੋੜ ਲੱਗ ਗਈ ਹੈ, ਜਿਸ ਦਾ ਅੰਦਾਜ਼ਾ ਪੰਜਾਬ ਸਰਕਾਰ ਦੇ ਕੋਲ ਅਪਲਾਈ ਕਰਨ ਵਾਲੇ ਅੰਕੜੇ ਹਨ, ਜਿਸ ਵਿਚ ਹਰ ਜ਼ਿਲੇ ਨਾਲ ਸਬੰਧਤ ਪੰਜਾਬੀਆਂ ਦੀ ਗਿਣਤੀ ਸ਼ਾਮਲ ਹੈ।
22 ਜ਼ਿਲਿਆਂ ਨਾਲ ਸਬੰਧਤ ਅਰਜ਼ੀਕਰਤਾ ਪੰਜਾਬੀਆਂ ਦੇ ਅੰਕੜੇ
ਪੰਜਾਬ ਸਰਕਾਰ ਦੇ ਕੋਲ 22 ਜ਼ਿਲਿਆਂ ਨਾਲ ਸਬੰਧਤ 6 ਲੱਖ ਤੋਂ ਜ਼ਿਆਦਾ ਪੰਜਾਬੀਆਂ ਵੱਲੋਂ 12 ਮਈ ਤੱਕ ਪੰਜਾਬ ਵਾਪਸੀ ਲਈ ਅਪਲਾਈ ਕੀਤਾ ਜਾ ਚੁੱਕਾ ਹੈ ਜਿਸ ਵਿਚ ਅੰਮ੍ਰਿਤਸਰ ਦੇ 5495, ਬਰਨਾਲਾ ਦੇ 1329, ਬਠਿੰਡਾ 2648, ਫਰੀਦਕੋਟ 1616, ਫਤਹਿਗੜ੍ਹ ਸਾਹਿਬ 117, ਫਿਰੋਜ਼ਪੁਰ 1694, ਗੁਰਦਾਸਪੁਰ 5140, ਹੁਸ਼ਿਆਰਪੁਰ 3116, ਜਲੰਧਰ 5067, ਕਪੂਰਥਲਾ 1461, ਲੁਧਿਆਣਾ 13,327, ਮਾਨਸਾ 1073, ਮੋਗਾ 1764, ਪਠਾਨਕੋਟ 3213, ਪਟਿਆਲਾ 4169, ਰੂਪ ਨਗਰ 1325, ਸ਼ਹੀਦ ਭਗਤ ਸਿੰਘ ਨਗਰ 1073, ਸੰਗਰੂਰ 2137, ਐੱਸ. ਏ. ਐੱਸ. ਨਗਰ 5387, ਸ੍ਰੀ ਮੁਕਤਸਰ ਸਾਹਿਬ 1615, ਤਰਨਤਾਰਨ 2224 ਅਤੇ ਸਭ ਤੋਂ ਜ਼ਿਆਦਾ ਫਾਜ਼ਿਲਕਾ ਨਾਲ ਸਬੰਧਤ ਸਾਢੇ ਪੰਜ ਲੱਖ ਦੇ ਕਰੀਬ ਪੰਜਾਬੀ ਸ਼ਾਮਲ ਹਨ।