ਮੌਨਸੂਨ ਦੀ ਦਸਤਕ : ਤਾਪਮਾਨ 8 ਡਿਗਰੀ ਡਿੱਗਾ
Friday, Jun 29, 2018 - 06:41 AM (IST)

ਪਟਿਆਲਾ(ਬਲਜਿੰਦਰ)-ਲੰਮੀ ਇੰਤਜ਼ਾਰ ਤੋਂ ਬਾਅਦ ਆਖਰ ਉੱਤਰੀ ਭਾਰਤ ਸਮੇਤ ਜ਼ਿਲਾ ਪਟਿਆਲਾ ਵਿਚ ਵੀ ਮੌਨਸੂਨ ਨੇ ਅੱਜ ਦਸਤਕ ਦੇ ਦਿੱਤੀ ਹੈ। ਬੀਤੀ ਰਾਤ ਤੋਂ ਹੀ ਰੁਕ-ਰੁਕ ਕੇ ਲਗਾਤਾਰ ਬਾਰਿਸ਼ ਹੋ ਰਹੀ ਹੈ। ਇਸ ਨਾਲ ਜਿੱਥੇ ਸ਼ਹਿਰ ਦੀਅਾਂ ਨੀਵੀਅਾਂ ਥਾਵਾਂ ’ਤੇ ਪਹਿਲੇ ਹੀ ਦਿਨ ਬਾਰਿਸ਼ ਦਾ ਪਾਣੀ ਭਰ ਗਿਆ, ਉਥੇ ਕਿਸਾਨਾਂ ਦੇ ਚਿਹਰੇ ਖਿਡ਼ ਉਠੇ। ਸਰਕਾਰ ਵੱਲੋਂ ਲਾਈ ਗਈ ਪਾਬੰਦੀ ਤੋਂ ਬਾਅਦ ਮੌਨਸੂਨ ਦੇ ਸਮੇਂ ਸਿਰ ਪਹੁੰਚਣ ਨਾਲ ਕਿਸਾਨਾਂ ਨੂੰ ਝੋਨਾ ਲਾਉਣਾ ਸੌਖਾ ਹੋ ਗਿਆ। ਅੱਜ ਉਨ੍ਹਾਂ ਬਡ਼ੀ ਦੇਰ ਬਾਅਦ ਰਾਹਤ ਮਹਿਸੂਸ ਕੀਤੀ। ਇਧਰ ਜ਼ਿਲੇ ਭਰ ਵਿਚ ਰੁਕ-ਰੁਕ ਲਗਾਤਾਰ ਬਾਰਿਸ਼ ਹੁੰਦੀ ਰਹੀ। ਇਸ ਨਾਲ ਜਿੱਥੇ ਤਾਪਮਾਨ ਵਿਚ 8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਉਥੇ ਆਮ ਲੋਕਾਂ ਨੇ ਵੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਲਗਾਤਾਰ ਮੀਂਹ ਕਾਰਨ ਅਤੇ ਵਿਚ-ਵਿਚ ਨਿਕਲੀ ਧੁੱਪ ਨਾਲ ਹੁੰਮਸ ਵਧਣ ਕਾਰਨ ਕਈ ਵਾਰ ਗਰਮੀ ਦਾ ਅਹਿਸਾਸ ਵੀ ਹੋਇਆ। ਕੁੱਲ ਮਿਲਾ ਕੇ ਮੌਸਮ ਸੁਹਾਵਣਾ ਬਣਿਆ ਹੋਇਆ ਸੀ। ਮੌਨਸੂਨ ਦੀ ਦਸਤਕ ਦੇ ਨਾਲ ਇਸ ਵਾਰ ਕਿਸਾਨਾਂ ਦੇ ਚਿਹਰੇ ਖਿਡ਼ ਗਏ ਹਨ। ਝੋਨੇ ਦੀ ਲਵਾਈ ਕਾਫੀ ਆਸਾਨ ਹੋ ਗਈ ਹੈ। ਲਗਾਤਾਰ ਗਰਮੀ ਕਾਰਨ ਅਤੇ ਸਰਕਾਰ ਵੱਲੋਂ 20 ਜੂਨ ਤੱਕ ਲਾਈ ਪਾਬੰਦੀ ਕਾਰਨ ਇਸ ਵਾਰ ਝੋਨੇ ਦੀਆਂ ਕਈ ਕਿਸਮਾਂ ਦਾ ਸਮਾਂ ਨਿਕਲਦਾ ਜਾ ਰਿਹਾ ਸੀ। ਸਹੀਂ ਸਮੇਂ ’ਤੇ ਹੀ ਮੌਨਸੂਨ ਨੇ ਕਿਸਾਨਾਂ ਨੂੰ ਜਿੱਥੇ ਰਾਹਤ ਦਿੱਤੀ, ਉਥੇ ਝੋਨੇ ਦੀਆਂ ਕਈ ਕਿਸਮਾਂ ਦਾ ਮੌਕੇ ’ਤੇ ਲੱਗਣਾ ਸੰਭਵ ਹੋ ਗਿਆ। ਪਿੰਡ ਪੰਜੌਲਾ ਦੇ ਕਿਸਾਨ ਸਤਪਾਲ ਸਿੰਘ ਪੂਨੀਆ ਨੇ ਦੱਸਿਆ ਕਿ ਮੌਨਸੂਨ ਦੇ ਸਹੀ ਸਮੇਂ ’ਤੇ ਆਉਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਹਿਸੂਸ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਜਿੱਥੇ ਬਿਜਲੀ ਪੂਰੀ ਆਵੇਗੀ, ਉਥੇ ਝੋਨੇ ਦੀ ਲਵਾਈ ਲਈ ਪਾਣੀ ਦੀ ਖਪਤ ਵੀ ਘੱਟ ਹੋਵੇਗੀ।
ਨੱਕੋ-ਨੱਕ ਭਰੀ ਭਾਖਡ਼ਾ ਨਹਿਰ, 300 ਕਿਊਸਿਕ ਪਾਣੀ ਹੋਰ ਛੱਡਿਆ
ਨਰਵਾਣਾ ਬ੍ਰਾਂਚ ਬੰਦ ਹੋਣ ਕਾਰਨ ਅੱਜ 300 ਕਿਊਸਿਕ ਪਾਣੀ ਹੋਰ ਟੋਹਾਣਾ ਬ੍ਰਾਂਚ (ਭਾਖਡ਼ਾ ਨਹਿਰ ਨਾਭਾ ਰੋਡ) ਵਿਚ ਹੋਰ ਛੱਡਣ ਨਾਲ ਨਹਿਰ ਨੱਕੋ-ਨੱਕ ਭਰ ਕੇ ਚੱਲਣੀ ਸ਼ੁਰੂ ਹੋ ਗਈ। ਇਸ ਨੂੰ ਲੈ ਕੇ ਆਮ ਲੋਕਾਂ ਵਿਚ ਦਹਿਸ਼ਤ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਖਾਸ ਤੌਰ ’ਤੇ ਸੋਸ਼ਲ ਮੀਡੀਆ ’ਤੇ ਜਿਹਡ਼ੀਆਂ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚ ਨਹਿਰ ਦੀ ਸਥਿਤੀ ਬਿਲਕੁਲ ਟੁੱਟਣ ਵਰਗੀ ਦਿਖਾਈ ਹੋਈ ਹੈ। ਜਦੋਂ ‘ਜਗ ਬਾਣੀ’ ਦੀ ਟੀਮ ਵੱਲੋਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਨਾਭਾ ਰੋਡ ’ਤੇ ਨਹਿਰ ਬਿਲਕੁਲ ਭਰੀ ਹੋਈ ਸੀ। ਹਾਲਾਤ ਇਹ ਸਨ ਕਿ ਜੇਕਰ ਥੋੜ੍ਹਾ ਜਿਹਾ ਪਾਣੀ ਛੱਡਿਆ ਜਾਂ ਜ਼ਿਆਦਾ ਬਾਰਿਸ਼ ਹੋਣ ਕਾਰਨ ਪਾਣੀ ਹੋਰ ਛੱਡਣਾ ਪਿਆ ਤਾਂ ਸਥਿਤੀ ਕਾਫੀ ਖਰਾਬ ਹੋ ਸਕਦੀ ਹੈ। ਨਰਵਾਣਾ ਬ੍ਰਾਂਚ ਬੰਦ ਹੋਣ ਬਾਰੇ ਜ਼ਿਆਦਾ ਗਿਆਨ ਹੋਣ ਕਾਰਨ ਲੋਕਾਂ ਵੱਲੋਂ ਭਾਖਡ਼ਾ ਨਹਿਰ ਦੀ ਸਥਿਤੀ ਨੂੰ ਬਾਰਿਸ਼ ਨਾਲ ਜੋਡ਼ ਕੇ ਦੇਖਿਆ ਜਾ ਰਿਹਾ ਹੈ। ਇਸ ਨਾਲ ਆਮ ਲੋਕਾਂ ਵਿਚ ਹਡ਼੍ਹ ਦੀ ਸਥਿਤੀ ਨੂੰ ਲੈ ਕੇ ਵੱਡੀ ਚਰਚਾ ਬਣੀ ਹੋਈ ਹੈ।