‘ਨਹਿਰਾਂ’ ਬਣੀਆਂ ਸੜਕਾਂ

Friday, Jun 29, 2018 - 01:40 AM (IST)

‘ਨਹਿਰਾਂ’ ਬਣੀਆਂ ਸੜਕਾਂ

ਨਵਾਂਸ਼ਹਿਰ, (ਤ੍ਰਿਪਾਠੀ)- ਮਾਨਸੂਨ ਦੇ ਪਹਿਲੇ ਮੀਂਹ ਨੇ ਨਗਰ ਕੌਂਸਲ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅੱਜ ਸਵੇਰੇ ਪਏ ਕਰੀਬ 2 ਘੰਟਿਆਂ ਤੋਂ ਵੱਧ ਮੀਂਹ ਨਾਲ ਲਗਭਗ ਪੂਰਾ ਸ਼ਹਿਰ ਹੀ ਪਾਣੀ ’ਚ ਘਿਰਿਆ ਨਜ਼ਰ ਆਇਆ। ਸ਼ਹਿਰ ਦੀਆਂ ਨੀਵੀਆਂ ਥਾਵਾਂ ਦੇ ਹਾਲਾਤ ਤਾਂ ਹੋਰ ਵੀ ਖ਼ਰਾਬ ਨਜ਼ਰ ਆਏ। ਕਈ ਥਾਵਾਂ ’ਤੇ ਮੀਂਹ ਦਾ ਪਾਣੀ ਦੁਕਾਨਾਂ ਅਤੇ ਘਰਾਂ ਦੇ ਅੰਦਰ ਵਡ਼ ਗਿਆ। ਹਾਲਾਂਕਿ ਮੂਸਲਾਧਾਰ ਮੀਂਹ ਨੇ ਜਿਥੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਉਥੇ ਹੀ ਅੱਤ ਦੀ ਗਰਮੀ ਦੀ ਮਾਰ ਤੋਂ ਬੇਹਾਲ ਲੋਕਾਂ ਨੂੰ ਵੀ ਭਾਰੀ ਰਾਹਤ ਮਹਿਸੂਸ ਹੋਈ।  
PunjabKesari
ਬੱਚਿਆਂ ਨੇ ਮਾਣਿਆ ਮੀਂਹ ਦਾ ਆਨੰਦ 
ਸ਼ਹਿਰ ਦੇ ਕਈ ਮੁਹੱਲਿਆਂ ’ਚ ਬੱਚੇ ਅੱਜ  ਮੀਂਹ ਦਾ ਆਨੰਦ ਮਾਣਦੇ ਦੇਖੇ ਗਏ। ਅੱਜ ਪਏ ਮੀਂਹ ਸਬੰਧੀ ਪੰਡਿਤ ਕੁਮਾਲ ਕੁਮਾਰ, ਸੁਰੇਸ਼ ਗੌਤਮ ਅਤੇ ਪ੍ਰਦੀਪ ਜੋਸ਼ੀ ਨੇ ਕਿਹਾ ਕਿ  ਮੀਂਹ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ। ਵਿਸ਼ੇਸ਼ ਤੌਰ ’ਤੇ ਨਵਾਂਸ਼ਹਿਰ ’ਚ ਵਿਗਡ਼ੀ ਹੋਈ ਬਿਜਲੀ ਦੀ ਵਿਵਸਥਾ ਜਿਸ  ਕਾਰਨ ਲੋਕਾਂ ਨੂੰ ਵਾਰ-ਵਾਰ ਬਿਜਲੀ ਜਾਣ ਕਾਰਨ ਗਰਮੀ ’ਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਤੋਂ ਨਿਜਾਤ ਮਿਲੇਗੀ।  
ਜ਼ਿਲੇ ’ਚ  ਪਿਆ ਅੌਸਤਨ 101 ਐੱਮ.ਐੱਮ. ਮੀਂਹ
ਖੇਤੀਬਾਡ਼ੀ ਵਿਭਾਗ ਤੋਂ ਮਿਲੇ ਅੰਕਡ਼ਿਆਂ ਅਨੁਸਾਰ ਅੱਜ ਸਵੇਰੇ 12 ਵਜੇ ਤੱਕ ਨਵਾਂਸ਼ਹਿਰ ’ਚ ਕਰੀਬ 72 ਐੱਮ.ਐੱਮ.  ਮੀਂਹ ਦਰਜ ਕੀਤਾ ਗਿਆ ਜਦਕਿ ਬਲਾਚੌਰ ਖੇਤਰ ’ਚ 102 ਐੱਮ.ਐੱਮ. ਬਾਰਿਸ਼ ਹੋਈ। ਜ਼ਿਲਾ ਖੇਤੀਬਾਡ਼ੀ ਵਿਭਾਗ ਦੇ ਡਾ. ਰਾਜ ਕੁਮਾਰ ਨੇ ਦੱਸਿਆ ਕਿ ਜ਼ਿਲੇ ’ਚ ਅੌਸਤਨ ਕਰੀਬ 101 ਐੱਮ.ਐੱਮ.  ਮੀਂਹ ਪਿਆ।  ਉਨ੍ਹਾਂ ਕਿਹਾ ਕਿ ਝੋਨੇ ਦੀ ਬੀਜਾਈ ’ਚ  ਮੀਂਹ ਬਹੁਤ ਹੀ ਲਾਭਦਾਇਕ ਹੈ। ਮੌਸਮ ਵਿਭਾਗ ਦੇ ਅੰਕਡ਼ਿਆਂ ਅਨੁਸਾਰ ਅਗਲੇ 3 ਦਿਨ ਤੱਕ  ਮੀਂਹ ਪੈਣ ਦੀ ਸੰਭਾਵਨਾ ਹੈ।
PunjabKesari
ਚੌਅ ਬੰਦ; ਸਡ਼ਕਾਂ ਅਤੇ ਗਲੀਆਂ ’ਚ ਭਰਿਆ ਪਾਣੀ
 ਕਾਠਗਡ਼੍ਹ, (ਰਾਜੇਸ਼)- ਪਿੰਡ ਟੌਂਸਾ ਅਤੇ ਭੋਲੇਵਾਲ ਦੀ ਦਾਣਾ ਮੰਡੀ ਨਜ਼ਦੀਕ ਜੋ ਬਰਸਾਤੀ ਚੌਅ ਸ਼ਿਵਾਲਿਕ ਦੀਆਂ ਪਹਾਡ਼ੀਆਂ ਤੋਂ ਨਿਕਲਦਾ ਹੈ, ਉਸ ਨੂੰ ਬੰਦ ਕੀਤੇ ਜਾਣ ਨਾਲ ਪਾਣੀ ਲਿੰਕ ਸਡ਼ਕ ਅਤੇ ਗਲੀਆਂ ’ਚ ਫੈਲਣ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪਿਆ। 
 ਜਾਣਕਾਰੀ ਮੁਤਾਬਕ ਸ਼ਿਵਾਲਿਕ ਦੀਆਂ ਪਹਾਡ਼ੀਆਂ ਤੋਂ ਇਕ ਬਰਸਾਤੀ ਚੌਅ ਜੋ ਭੋਲੇਵਾਲ ਦੀ ਦਾਣਾ ਮੰਡੀ ਤੋਂ ਹੁੰਦਾ ਹੋਇਆ ਨੀਵੇਂ ਇਲਾਕੇ ਵੱਲ ਜਾਂਦਾ ਹੈ, ਨੂੰ ਲੋਕਾਂ ਵੱਲੋਂ ਕੂਡ਼ਾ ਸੁੱਟ ਕੇ ਛੋਟਾ ਕਰ ਦਿੱਤਾ ਗਿਆ ਹੈ ਅਤੇ ਕੁਝ ਖੇਤ ਮਾਲਕਾਂ ਨੇ ਉਸਨੂੰ ਖੇਤਾਂ ’ਚ ਮਿਲਾ ਲਿਆ ਹੈ। ਬੀਤੀ ਰਾਤ ਤੋਂ ਪਾ ਰਹੇ ਲਗਾਤਾਰ ਮੀਂਹ ਕਾਰਨ ਜਿੱਥੇ ਹਲਕੇ ਦੇ ਦੂਜੇ ਚੌਆਂ ’ਚ ਪਾਣੀ ਭਰ ਗਿਆ, ਉਥੇੇ ਹੀ ਉਕਤ ਚੌਅ ’ਚ ਵੀ ਪਾਣੀ ਆ ਗਿਆ। ਅੱਗੇ ਪਾਣੀ ਨੂੰ ਰਸਤਾ ਨਾ ਮਿਲਣ ਕਾਰਨ ਪਾਣੀ ਲਿੰਕ ਸਡ਼ਕ ਅਤੇ ਗਲੀਆਂ ’ਚ ਆ ਪਹੁੰਚਿਆ ਹੈ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਬੰਦ ਚੌਅ ਨੂੰ ਖੁਲਵਾਇਆ ਜਾਵੇ ਤਾਂ ਜੋ ਪਾਣੀ ਦਾ ਨਿਕਾਸ ਹੋ ਸਕੇ।  ®®ਇਸੇ ਤਰ੍ਹਾਂ ਹੋਈ ਪਿੰਡ ਸੁੱਧਾ ਮਾਜਰਾ ਵਿਖੇ ਵੀ ਛੱਪਡ਼ ਦੇ ਓਵਰਫਲੋ ਹੋਣ ਕਾਰਨ ਮੀਂਹ ਦਾ ਪਾਣੀ ਪਿੰਡ ਦੀਆਂ ਗਲੀਆਂ ’ਚ ਭਰ ਗਿਆ ਹੈ।


Related News