ਜਲੰਧਰ ਜ਼ਿਮਨੀ ਚੋਣ ਜਿੱਤਣ ਮਗਰੋਂ ਮੋਹਿੰਦਰ ਭਗਤ ਦਾ ਵੱਡਾ ਬਿਆਨ (ਵੀਡੀਓ)
Saturday, Jul 13, 2024 - 06:19 PM (IST)
ਜਲੰਧਰ (ਵੈੱਬ ਡੈਸਕ, ਸੋਨੂੰ)- ਜਲੰਧਰ ਵੈਸਟ ਹਲਕੇ ਦੀ ਹੋਈ ਜ਼ਿਮਨੀ ਚੋਣ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਪਾਲ ਭਗਤ ਨੇ 37,325 ਵੋਟਾਂ ਦੇ ਵੱਡੇ ਮਾਰਜਨ ਨਾਲ ਜਿੱਤ ਦਰਜ ਕਰਵਾਈ ਹੈ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਨੂੰ ਪਿੱਛੇ ਛੱਡਦੇ ਹੋਏ 55,246 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਹੈ। ਜਿੱਤ ਦੇ ਮਗਰੋਂ ਮੋਹਿੰਦਰ ਭਗਤ ਦੇ ਘਰ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਸਮਰਥਕਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਢੋਲ ਵਜਾ ਕੇ ਵੈਸਟ ਹਲਕੇ ਵਿਚ ਭੰਗੜੇ ਪਾ ਕੇ ਜਿੱਤ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ।
ਵੱਡੀ ਲੀਡ ਨਾਲ ਜਿੱਤਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੋਹਿੰਦਰ ਭਗਤ ਨੇ ਕਿਹਾ ਕਿ ਅੱਜ ਜੋ ਨਤੀਜੇ ਆਏ ਹਨ, ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਿਹਨਤ, ਉਨ੍ਹਾਂ ਦੇ ਪਰਿਵਾਰ ਅਤੇ ਸਾਰੇ ਹੀ ਵਾਲੰਟੀਅਰਾਂ ਦੀ ਦਿਨ-ਰਾਤ ਕੀਤੀ ਗਈ ਮਿਹਨਤ ਸਦਕਾ ਆਏ ਹਨ। ਜੋ ਅੱਜ ਨਤੀਜੇ ਆਏ ਹਨ, ਉਹ ਸਿਰਫ਼ ਮਾਨ ਸਾਬ੍ਹ ਵੱਲੋਂ ਕੀਤੇ ਗਏ ਚੰਗੇ ਕੰਮਾਂ ਨੂੰ ਲੈ ਕੇ ਆਏ ਹਨ। ਵੱਡੀ ਲੀਡ ਨਾਲ ਜਨਤਾ ਨੇ ਜੋ ਵੀ ਮੈਨੂੰ ਵੋਟ ਦਿੱਤੀ ਹੈ, ਉਹ ਮਾਨ ਸਾਬ੍ਹ ਦੇ ਕੀਤੇ ਗਏ ਚੰਗੇ ਕੰਮਾਂ ਨੂੰ ਲੈ ਕੇ ਦਿੱਤੀ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੋ ਵੀ ਜਨਤਾ ਦੀਆਂ ਮੁੱਢਲੀਆਂ ਲੋੜਾਂ ਹਨ, ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੈਸਟ ਹਲਕੇ ਵਿਚ ਨਸ਼ੇ ਦੀ ਜੋ ਬੀਮਾਰੀ ਹੈ, ਉਸ ਨੂੰ ਵੀ ਹੱਲ ਕੀਤਾ ਜਾਵੇਗਾ। ਜਿਹੜੇ ਲੋਕ ਨਸ਼ੇ ਦੇ ਕੰਮਾਂ ਵਿਚ ਪਏ ਹਨ, ਉਨ੍ਹਾਂ ਦਾ ਸਰਕਾਰ ਪੂਰਾ ਇੰਤਜ਼ਾਮ ਕਰਕੇ ਬੈਠੀ ਹੈ, ਉਨ੍ਹਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ: 'ਆਪ' ਦੇ ਮੋਹਿੰਦਰ ਭਗਤ 37,325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ, ਹਾਸਲ ਕੀਤੀਆਂ 55,246 ਵੋਟਾਂ
ਮੋਹਿੰਦਰ ਭਗਤ ਬੋਲੇ ਜਨਤਾ ਨੇ CM ਮਾਨ ਦੇ ਕੰਮਾਂ 'ਤੇ ਮੋਹਰ ਲਗਾਈ
ਜਿੱਤ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮਹਿੰਦਰ ਸਿੰਘ ਭਗਤ ਨੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਦੀ ਜਨਤਾ ਨੇ ਮੁੱਖ ਮੰਤਰੀ ਮਾਨ ਦੇ ਕੰਮਾਂ 'ਤੇ ਮੋਹਰ ਲਗਾਈ ਹੈ। ਇਹ ਵੋਟਾਂ ਉਨ੍ਹਾਂ ਨੂੰ ਹੀ ਪਈਆਂ ਹਨ । ਪਿਛਲੀ ਵਾਰ ਮਿਲੀ ਹਾਰ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੀ ਗੱਲ ਹੈ, ਜਨਤਾ ਆਪਣਾ ਫ਼ਤਵਾ ਦਿੰਦੀ ਹੈ। ਜਨਤਾ ਨੇ ਇਸ ਵਾਰ ਆਪਣਾ ਫ਼ੈਸਲਾ ਸੁਣਾਇਆ ਹੈ।
ਇਹ ਵੀ ਪੜ੍ਹੋ- ਪੈਟਰੋਲ ਪੰਪਾਂ ਤੇ ਬੈਂਕਾਂ ਲਈ ਜਾਰੀ ਹੋਏ ਸਖ਼ਤ ਹੁਕਮ
ਮਾਨ ਕੈਬਨਿਟ 'ਚ ਮੰਤਰੀ ਬਣਨ ਦੇ ਸਵਾਲ 'ਤੇ ਭਗਤ ਨੇ ਕਿਹਾ ਕਿ ਇਹ ਫ਼ੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਨਾ ਹੈ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ਹਲਕੇ ਦੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਵਿਧਾਇਕ ਬਣਾਓ ਮੈਂ ਮੰਤਰੀ ਬਣਾਵਾਂਗਾ, ਜਿਸ 'ਤੇ ਭਗਤ ਨੇ ਕਿਹਾ ਕਿ ਸੀ. ਐੱਮ. ਸਾਹਿਬ ਜੋ ਵਾਅਦਾ ਕਰਦੇ ਹਨ, ਉਹ ਉਸ ਨੂੰ ਜ਼ਰੂਰ ਪੂਰਾ ਕਰਦੇ ਹਨ। ਇਸ ਦੇ ਨਾਲ ਹੀ ਉਮੀਦਵਾਰ ਭਗਤ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰਾ ਕਰਨ 'ਤੇ ਉਨ੍ਹਾਂ ਦਾ ਮੁੱਖ ਫੋਕਸ ਰਹੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਬੋਰਵੈੱਲ 'ਚ ਡਿੱਗਿਆ ਡੇਢ ਸਾਲ ਦਾ ਬੱਚਾ