ਬੋਰਡ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਜਾਰੀ ਹੋਇਆ ਨਵਾਂ ਹੁਕਮ

Sunday, Mar 01, 2020 - 09:56 AM (IST)

ਬੋਰਡ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਜਾਰੀ ਹੋਇਆ ਨਵਾਂ ਹੁਕਮ

ਮੋਹਾਲੀ (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 3 ਮਾਰਚ ਤੋਂ ਆਰੰਭ ਹੋ ਰਹੀਆਂ 8ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। 8ਵੀਂ ਜਮਾਤ ਦੀ ਬੋਰਡ ਪ੍ਰੀਖਿਆ ਇਸ ਸਾਲ ਲਗਭਗ ਇਕ ਦਹਾਕੇ ਦੇ ਵਕਫ਼ੇ ਮਗਰੋਂ ਆਰੰਭ ਹੋਈ ਹੈ। ਇਸ ਕਾਰਜ ’ਚ ਸਕੱਤਰ ਸਕੂਲ ਸਿੱਖਿਆ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹੰਮਦ ਤਈਅਬ ਆਈ. ਏ. ਐੱਸ. ਵਲੋਂ ਬੋਰਡ ਦੀਆਂ ਸਬੰਧਤ ਸ਼ਾਖਾਵਾਂ ਨੂੰ ਲਗਾਤਾਰ ਤਾਲਮੇਲ ਬਣਾ ਕੇ ਰੱਖਣ ਤੋਂ ਇਲਾਵਾ ਕੰਟਰੋਲ ਰੂਮਾਂ ਦੀ ਸਥਾਪਨਾ ਕੀਤੀ ਗਈ, ਜੋ 24 ਘੰਟੇ ਕੰਮ ਕਰ ਰਹੇ ਹਨ।

ਅਕਾਦਮਿਕ ਸਾਲ 2019-20 ਦੀ ਸਾਲਾਨਾ ਪ੍ਰੀਖਿਆ ’ਚ ਮਿਡਲ ਸ਼੍ਰੇਣੀ ਲਈ 3 ਲੱਖ 18 ਹਜ਼ਾਰ ਤੋਂ ਵੱਧ ਵਿਦਿਆਰਥੀ ਪ੍ਰੀਖਿਆ ’ਚ ਬੈਠਣਗੇ, ਜਿਨ੍ਹਾਂ ਲਈ ਇਸ ਵੇਲੇ ਤੱਕ 2330 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ 3 ਲੱਖ ਤੋਂ ਵੱਧ ਵਿਦਿਆਰਥੀ 2700 ਤੋਂ ਵੱਧ ਪ੍ਰੀਖਿਆ ਕੇਂਦਰਾਂ ’ਚ ਆਪਣੀ ਕਾਰਗੁਜ਼ਾਰੀ ਦਿਖਾਉਣਗੇ। 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 9 ਵਜੇ ਤੋਂ ਅਤੇ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ ਦਾ ਸਮਾਂ ਬਾਅਦ ਦੁਪਹਿਰ 2 ਵਜੇ ਤੋਂ ਆਰੰਭ ਹੋਵੇਗਾ। ਬੋਰਡ ਦੇ ਸੂਤਰਾਂ ਅਨੁਸਾਰ ਪ੍ਰੀਖਿਆਵਾਂ ਨੂੰ ਨਕਲ ਰਹਿਤ ਬਣਾਉਣ ਲਈ ਮਿਸਾਲੀ ਪ੍ਰਬੰਧ ਕੀਤੇ ਗਏ, ਜਿਨ੍ਹਾਂ ਅਧੀਨ ਹਰ ਜ਼ਿਲੇ ਦੇ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਜ਼ਿਲੇ ਭਰ ’ਚ ਪ੍ਰੀਖਿਆਵਾਂ ਲਈ ਓਵਰਆਲ ਇੰਚਾਰਜ ਬਣਾਇਆ ਗਿਆ। ਇਹ ਅਧਿਕਾਰੀ ਪ੍ਰਸ਼ਨ ਪੱਤਰਾਂ ਦੀ ਸੁਰੱਖਿਆ, ਪ੍ਰੀਖਿਆ ਕੇਂਦਰਾਂ ਦੀਆਂ ਸਹੂਲਤਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ ਅਤੇ ਹੈੱਡਕੁਆਰਟਰ ਦੀਆਂ ਹਦਾਇਤਾਂ ਅਨੁਸਾਰ ਉੱਡਣ ਦਸਤਿਆਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸਭਾਲਣਗੇ।

ਹਰ ਜ਼ਿਲੇ ਦਾ ਪ੍ਰਸ਼ਾਸਨਿਕ ਅਤੇ ਪੁਲਸ ਪ੍ਰਬੰਧ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੂਰੀ ਤਰ੍ਹਾਂ ਮੁਸਤੈਦ ਕਰ ਦਿੱਤਾ ਗਿਆ ਅਤੇ ਪ੍ਰੀਖਿਆ ਕੇਂਦਰਾਂ ਦੇ ਖੇਤਰ ’ਚ ਪ੍ਰੀਖਿਆ ਦੇ ਸਮੇਂ ਤੋਂ 48 ਘੰਟੇ ਪਹਿਲਾਂ ਧਾਰਾ 144 ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪ੍ਰੀਖਿਆ ਦੇ ਪ੍ਰਬੰਧ, ਨਕਲ ਰੋਕਣ ਆਦਿ ਕਾਰਜਾਂ ਲਈ ਪ੍ਰੀਖਿਆ ਕੇਂਦਰਾਂ ਅਤੇ ਹੈੱਡ ਕੁਆਰਟਰਾਂ ਦਾ ਵੱਖਰਾ ਖੁਫੀਆ ਸੰਪਰਕ ਲਾਗੂ ਕਰ ਦਿੱਤਾ ਗਿਆ ਹੈ ਅਤੇ ਪ੍ਰੀਖਿਆ ਕੇਂਦਰਾਂ ’ਚ ਸੀ. ਸੀ. ਟੀ. ਵੀ. ਕੈਮਰੇ ਵੀ ਲੋੜ ਅਨੁਸਾਰ ਸਥਾਪਿਤ ਕਰ ਲਏ ਗਏ ਹਨ। ਸਾਰੇ ਪ੍ਰਬੰਧਾਂ ਦੀ ਸੰਜੀਦਗੀ ਕਾਇਮ ਰੱਖਣ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਰੋਕ ਲਾ ਦਿੱਤੀ ਗਈ ਹੈ। ਪ੍ਰੀਖਿਆ ਕੇਂਦਰਾਂ ਸਬੰਧੀ ਇਹ ਯਕੀਨੀ ਬਣਾਇਆ ਗਿਆ ਹੈ ਕਿ ਕੋਈ ਵੀ ਪ੍ਰੀਖਿਆ ਕੇਂਦਰ ਸੈਲਫ਼ ਸੈਂਟਰ ਨਾ ਬਣਾਇਆ ਜਾਵੇ। ਪ੍ਰੀਖਿਆ ਕੇਂਦਰਾਂ ’ਚ ਐਫੀਲਿਏਟਿਡ ਸਕੂਲਾਂ ਦਾ ਪੂਰਨ ਸਿੱਖਿਅਤ ਸਟਾਫ਼ ਨਿਗਰਾਨ ਅਮਲੇ ਵਜੋਂ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਕਿਤੇ ਵੀ ਨਿਗਰਾਨ ਅਮਲੇ ਦੀ ਜ਼ਿੰਮੇਵਾਰੀ ਅਜਿਹੇ ਪ੍ਰੀਖਿਆ ਕੇਂਦਰ ਵਿਚ ਨਾ ਲਾਈ ਜਾਵੇ, ਜਿਥੇ ਅਮਲੇ ਨਾਲ ਸਬੰਧਤ ਸੰਸਥਾ ਦੇ ਵਿਦਿਆਰਥੀ ਪ੍ਰੀਖਿਆ ਦੇ ਰਹੇ ਹੋਣ।

ਆਮ ਤੌਰ ’ਤੇ ਪ੍ਰੀਖਿਆ ਦਾ ਸਮਾਂ 3 ਘੰਟੇ ਮੁਕੱਰਰ ਹੈ, ਜਦੋਂ ਕਿ ਸਾਰੇ ਪ੍ਰੀਖਿਆਰਥੀਆਂ ਨੂੰ 15 ਮਿੰਟ ਦਾ ਵਾਧੂ ਸਮਾਂ ਪ੍ਰਸ਼ਨ ਪੱਤਰ ਪਡ਼੍ਹਨ ਲਈ ਦਿੱਤਾ ਜਾਣਾ ਹੈ। ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਹਰ ਇਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਅਤੇ ਲੋੜ ਅਨੁਸਾਰ ਪ੍ਰੀਖਿਆਰਥੀ ਨੂੰ ਲਿਖਾਰੀ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ। ਪ੍ਰੀਖਿਆ ਕੇਂਦਰਾਂ ਵਿਚ ਮੋਬਾਇਲ ਫੋਨ ਦੀ ਵਰਤੋਂ ਦੀ ਵੀ ਪੂਰਨ ਮਨਾਹੀ ਕੀਤੀ ਗਈ ਹੈ।


author

rajwinder kaur

Content Editor

Related News