''ਕੋਰੋਨਾ ਵਾਇਰਸ'' : ''ਮੋਹਾਲੀ'' ''ਚ ਕਰਫਿਊ ਦੌਰਾਨ ਨਹੀਂ ਮਿਲੇਗੀ ਢਿੱਲ, ਪ੍ਰਸ਼ਾਸਨ ਨੇ ਵਾਪਸ ਲਿਆ ਫੈਸਲਾ
Tuesday, Mar 24, 2020 - 03:52 PM (IST)
ਮੋਹਾਲੀ (ਨਿਆਮੀਆਂ, ਰਾਣਾ) : ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਪੰਜਾਬ 'ਚ ਲਾਏ ਗਏ ਕਰਫਿਊ ਦੌਰਾਨ ਮੋਹਾਲੀ ਸ਼ਹਿਰ 'ਚ ਲੋਕਾਂ ਨੂੰ ਥੋੜ੍ਹਾ ਸਮਾਂ ਢਿੱਲ ਦੇਣ ਦਾ ਫੈਸਲਾ ਪ੍ਰਸ਼ਾਸਨ ਵਲੋਂ ਵਾਪਸ ਲੈ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪਹਿਲਾਂ ਅੱਜ ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਲੋਕਾਂ ਨੂੰ ਜ਼ਰੂਰੀ ਸਮਾਨ ਖਰੀਦਣ ਦੀ ਢਿੱਲ ਦਿੱਤੀ ਗਈ ਸੀ ਪਰ ਹੁਣ ਢਿੱਲ ਦੇਣ ਦੇ ਸਮੇਂ ਦੇ ਸਬੰਧ 'ਚ ਜਾਰੀ ਕੀਤੇ ਗਏ ਪਿਛਲੇ ਹੁਕਮਾਂ ਨੂੰ ਅਗਲੇ ਹੁਕਮਾਂ ਤੱਕ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮੁਹੱਲਿਆਂ ਅੰਦਰ ਡੋਰ ਟੂ ਡੋਰ ਡਲਿਵਰੀ ਅਤੇ ਸਪਲਾਈ ਦੇਣ ਲਈ ਇਕ ਸਿਸਟਮ 'ਤੇ ਕੰਮ ਕਰ ਰਹੇ ਹਾਂ ਅਤੇ ਸਾਰਿਆਂ ਨੂੰ ਜਨਤਕ ਹਿੱਤ 'ਚ ਘਰ ਰਹਿਣ ਅਤੇ ਆਪਣੇ ਘਰਾਂ ਤੋਂ ਬਾਹਰ ਨਹੀਂ ਆਉਣ ਦੀ ਹਦਾਇਤ ਕੀਤੀ ਜਾਂਦੀ ਹੈ।
ਪੁਲਸ ਪੂਰੀ ਤਰ੍ਹਾਂ ਸਖਤ
ਕਰਫਿਊ ਲੱਗਣ ਤੋਂ ਬਾਅਦ ਸੂਬੇ ਦੀ ਪੁਲਸ ਪੂਰੀ ਤਰ੍ਹਾਂ ਸਖਤੀ ਵਰਤ ਰਹੀ ਹੈ। ਕਰਫਿਊ ਲੱਗਣ ਦੇ ਬਾਵਜੂਦ ਵੀ ਜਿਹੜੇ ਲੋਕ ਬਿਨਾਂ ਕਿਸੇ ਵਜ੍ਹਾ ਤੋਂ ਘਰੋਂ ਨਿਕਲ ਰਹੇ ਹਨ, ਉਨ੍ਹਾਂ ਨੂੰ ਪੁਲਸ ਸਖਤੀ ਨਾਲ ਰਸਤਿਆਂ 'ਚੋਂ ਆਪਣੇ ਘਰਾਂ 'ਚ ਵਾਪਸ ਭੇਜ ਰਹੀ ਹੈ।
ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' : ਮੋਹਾਲੀ 'ਚ ਕਰਫਿਊ ਦੌਰਾਨ ਵੀ ਖੁੱਲ੍ਹੀਆਂ ਦੁਕਾਨਾਂ, 4 ਦੁਕਾਨਦਾਰਾਂ ਖਿਲਾਫ ਕੇਸ ਦਰਜ
ਕਰਫਿਊ ਦੀ ਪਾਲਣਾ ਨਾ ਕਰਨ 'ਤੇ' 4 ਦੁਕਾਨਦਾਰਾਂ ਖਿਲਾਫ ਕੇਸ ਦਰਜ
ਪੂਰੀ ਦੁਨੀਆਂ 'ਚ ਹਾਹਾਕਾਰ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸੂਬੇ 'ਚ ਕਰਫਿਊ ਲਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਕਈ ਸ਼ਹਿਰਾਂ 'ਚ ਲੋਕਾਂ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਦਿਖਾਈ ਨਹੀਂ ਦੇ ਰਹੇ ਹਨ ਅਤੇ ਸੜਕਾਂ 'ਤੇ ਘੁੰਮਦੇ ਹੋਏ ਨਜ਼ਰ ਆ ਰਹੇ ਹਨ। ਮੋਹਾਲੀ ਦੇ ਫੇਜ਼-9 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਪੁਲਸ ਵਲੋਂ ਜ਼ਬਰਦਸਤੀ ਇਨ੍ਹਾਂ ਲੋਕਾਂ ਨੂੰ ਘਰਾਂ ਅੰਦਰ ਵਾੜਿਆ ਗਿਆ। ਇਸ ਦੇ ਨਾਲ ਹੀ ਕਈ ਦੁਕਾਨਦਾਰ ਅਜਿਹੇ ਵੀ ਸਨ, ਜਿਨ੍ਹਾਂ ਵਲੋਂ ਕਰਫਿਊ ਦੌਰਾਨ ਵੀ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ। ਇਨ੍ਹਾਂ ਦੁਕਾਨਾਂ ਨੂੰ ਵੀ ਪੁਲਸ ਨੇ ਜ਼ਬਰਦਸਤੀ ਬੰਦ ਕਰਵਾਇਆ। 4 ਦੁਕਾਨਦਾਰਾਂ ਖਿਲਾਫ ਮਟੌਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' : ਜਾਣੋ 'ਮੋਹਾਲੀ' 'ਚ ਕਰਫਿਊ ਦੌਰਾਨ ਕਿਹੜੇ ਸਮੇਂ ਮਿਲੇਗੀ 'ਢਿੱਲ'