ਮੋਹਾਲੀ ਬਲਾਸਟ ਦਾ ਮੁਲਜ਼ਮ ਨਿਸ਼ਾਨ ਸਿੰਘ ਫਰੀਦਕੋਟ ਪੁਲਸ ਵੱਲੋਂ ਮੁਕੱਦਮਾ ਨੰਬਰ 81 ’ਚ ਨਾਮਜ਼ਦ
Thursday, May 12, 2022 - 02:20 AM (IST)

ਫਰੀਦਕੋਟ (ਰਾਜਨ) : ਮੋਹਾਲੀ ਬਲਾਸਟ ਦੇ ਮੁਲਜ਼ਮ ਨਿਸ਼ਾਨ ਸਿੰਘ ਵਾਸੀ ਪਿੰਡ ਕੁੱਲਾ ਜ਼ਿਲਾ ਤਰਨਤਾਰਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਫਰੀਦਕੋਟ ਪੁਲਸ ਵੱਲੋਂ ਉਸ ਨੂੰ ਸਥਾਨਕ ਥਾਣਾ ਸਦਰ ਵਿਖੇ ਅਧੀਨ ਧਾਰਾ 307/353/186 ਅਤੇ ਆਰਮਜ਼ ਐਕਟ ਤਹਿਤ ਮੁਕੱਦਮਾ ਨੰਬਰ 81, ਜੋ ਬੀਤੀ 7 ਮਈ ਨੂੰ ਦਰਜ ਕੀਤਾ ਗਿਆ ਸੀ, ’ਚ ਨਾਮਜ਼ਦ ਕਰਕੇ ਸਥਾਨਕ ਅਦਾਲਤ ’ਚ ਪੇਸ਼ ਕਰਕੇ ਉਸ ਦਾ 5 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਇਹ ਜਾਣਕਾਰੀ ਅੱਜ ਜ਼ਿਲ੍ਹੇ ਦੀ ਸੀਨੀਅਰ ਪੁਲਸ ਕਪਤਾਨ ਅਵਨੀਤ ਕੌਰ ਸਿੱਧੂ ਨੇ ਦਿੰਦਿਆਂ ਦੱਸਿਆ ਕਿ ਸਥਾਨਕ ਸੀ. ਆਈ. ਏ. ਸਟਾਫ਼ ਮੁਖੀ ਇੰਸਪੈਕਟਰ ਹਰਬੰਸ ਸਿੰਘ ਵੱਲੋਂ ਗੈਂਗਸਟਰ ਕੁਲਦੀਪ ਸਿੰਘ ਕੀਪਾ ਵਾਸੀ ਮਾਣੂੰਕੇ ਗਿੱਲ, ਸੇਵਕ ਸਿੰਘ ਵਾਸੀ ਲਹਿਰੀ, ਸੁਖਚੈਨ ਸਿੰਘ ਉਰਫ਼ ਭੁਜੀਆ ਵਾਸੀ ਜ਼ਿਲ੍ਹਾ ਮਾਨਸਾ ਅਤੇ ਸੁਖਮੰਦਰ ਸਿੰਘ ਨੂੰ ਅਸਲੇ ਸਮੇਤ ਪਿੰਡ ਭਾਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਕਰਨ ’ਤੇ ਉਕਤ 'ਚੋਂ ਗੈਂਗਸਟਰ ਕੁਲਦੀਪ ਸਿੰਘ ਉਰਫ਼ ਕੀਪਾ ਨੇ ਮੰਨਿਆ ਕਿ ਉਸ ਨੇ ਗੁਰਿੰਦਰ ਸਿੰਘ ਉਰਫ਼ ਬਾਬਾ ਵਾਸੀ ਪਹੇਵਾ ਹਾਲ ਪਿੰਡ ਮਨਾਵਤ ਮੱਧ ਪ੍ਰਦੇਸ਼ ਤੋਂ 22 ਪਿਸਤੌਲ ਸਮੱਗਲਿੰਗ ਕਰਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮਾੜੇ ਅਨਸਰਾਂ ਨੂੰ ਸਪਲਾਈ ਕੀਤੇ।
ਇਹ ਵੀ ਪੜ੍ਹੋ : ਸਿੱਖ ਕੌਮ ਨੂੰ ਘੱਟ ਗਿਣਤੀਆਂ 'ਚੋਂ ਬਾਹਰ ਕੱਢਣ ਦਾ ਕੋਈ ਪ੍ਰਸਤਾਵ ਨਹੀਂ : NCM
ਉਨ੍ਹਾਂ ਦੱਸਿਆ ਕਿ 4-5 ਪਿਸਤੌਲ ਨਿਸ਼ਾਨ ਸਿੰਘ ਪੁੱਤਰ ਪਰਗਟ ਸਿੰਘ, ਜੋ ਮੋਹਾਲੀ ਬਲਾਸਟ ਦਾ ਦੋਸ਼ੀ ਹੈ, ਨੂੰ 28000 ਰੁਪਏ ਪ੍ਰਤੀ ਪਿਸਤੌਲ ਦੇ ਹਿਸਾਬ ਨਾਲ ਵੇਚੇ ਸਨ। ਸਥਾਨਕ ਸੀ. ਆਈ. ਏ. ਸਟਾਫ਼ ਵੱਲੋਂ ਕੀਪਾ ਵੱਲੋਂ ਕਬੂਲਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਨਿਸ਼ਾਨ ਸਿੰਘ ਨੂੰ ਨੇੜੇ ਸਰੀਨ ਹਸਪਤਾਲ ਬਟਾਲਾ ਰੋਡ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕਰਨ ਉਪਰੰਤ ਕੀਤੀ ਗਈ ਪੁੱਛਗਿੱਛ ਦੌਰਾਨ ਨਿਸ਼ਾਨ ਸਿੰਘ ਨੇ ਮੰਨਿਆ ਕਿ ਉਸ ਦਾ ਹੋਰ ਨਾਜਾਇਜ਼ ਅਸਲਾ ਮੋਹਾਲੀ, ਪਟਿਆਲਾ, ਨਿਹਾਲ ਸਿੰਘ ਵਾਲਾ ਆਦਿ ਸ਼ਹਿਰਾਂ ’ਚ ਉਸ ਦੇ ਸਹਿਯੋਗੀਆਂ ਕੋਲ ਪਿਆ ਹੈ। ਸੀਨੀਅਰ ਪੁਲਸ ਕਪਤਾਨ ਮੈਡਮ ਸਿੱਧੂ ਨੇ ਦੱਸਿਆ ਕਿ ਇਸ ਮੁਲਜ਼ਮ ਨੂੰ ਨਾਲ ਲੈ ਕੇ ਉਕਤ ਸਥਾਨਾਂ ’ਤੇ ਇਸ ਦੇ ਸਹਿਯੋਗੀਆਂ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਨਿਸ਼ਾਨ ਸਿੰਘ ’ਤੇ ਪਹਿਲਾਂ ਹੀ 13 ਮੁਕੱਦਮੇ ਭਿੱਖੀਵਿੰਡ, ਤਰਨਤਾਰਨ, ਪੱਟੀ, ਗੁਰਦਾਸਪੁਰ, ਮਕਬੂਲਪੁਰਾ, ਸਰਹਾਲੀ, ਫਰੀਦਕੋਟ ਅਤੇ ਮੋਗਾ ਦੇ ਥਾਣਿਆਂ ਵਿਖੇ ਦਰਜ ਹਨ।
ਇਹ ਵੀ ਪੜ੍ਹੋ : ਧਾਲੀਵਾਲ ਨੇ ਅੰਮ੍ਰਿਤਸਰ ਤੇ ਚੰਡੀਗੜ੍ਹ ਦੇ ਹਵਾਈ ਅੱਡਿਆਂ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਮੁਰਲੀਧਰਨ ਕੋਲ ਉਠਾਇਆ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ