ਮੋਹਾਲੀ ਤੇ ਅੰਮ੍ਰਿਤਸਰ ਦੇ ਹਵਾਈ ਅੱਡਿਆਂ ਤੋਂ ਉਡਾਨਾਂ ਨੂੰ ਸ਼ਰਤਾਂ ''ਤੇ ਮਨਜ਼ੂਰੀ

07/04/2020 9:39:38 PM

ਮੋਹਾਲੀ,(ਨਿਆਮੀਆਂ)-ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਲੈ ਕੇ ਮੋਹਾਲੀ ਅਤੇ ਅੰਮ੍ਰਿਤਸਰ ਵਿਖੇ ਆਉਣ ਵਾਲੀਆਂ ਉਡਾਨਾਂ ਸਬੰਧੀ ਅੰਤਿਮ ਨੀਤੀ ਦੀ ਰੂਪ ਰੇਖਾ ਸਾਹਮਣੇ ਰੱਖਦਿਆਂ ਸ਼ਹਿਰੀ ਹਵਾਬਾਜ਼ੀ ਪੰਜਾਬ ਦੇ ਡਾਇਰੈਕਟਰ ਗਿਰੀਸ਼ ਦਿਆਲਨ ਜੋ ਕਿ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੀ ਹਨ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਲੈ ਜਾਣ ਵਾਲੀਆਂ ਵੱਖ-ਵੱਖ ਏਅਰਲਾਈਂਸ/ਚਾਰਟਰਾਂ/ਹੋਰ ਅਪਰੇਟਰਾਂ ਵਲੋਂ ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਉਡਾਨ ਭਰਨ ਦੀ ਆਗਿਆ ਮੰਗੀ ਗਈ ਹੈ। ਇਸ ਦੇ ਮੱਦੇਨਜ਼ਰ ਅਨਲਾਕ 2.0 ਦੌਰਾਨ ਏਅਰਲਾਈਂਸ/ ਚਾਰਟਰਾਂ/ਵਾਪਸੀ ਉਡਾਣਾਂ ਨੂੰ ਕੁਝ ਸ਼ਰਤਾਂ ਸਹਿਤ ਆਗਮਨ ਦੀ ਆਗਿਆ ਦੇ ਦਿੱਤੀ ਗਈ ਹੈ।
ਆਸਾਨੀ ਨਾਲ ਆਵਾਜਾਈ ਦੀ ਸਹੂਲਤ ਲਈ ਏਅਰਲਾਈਨਾਂ ਇਹ ਸੁਨਿਸ਼ਚਿਤ ਕਰ ਸਕਦੀਆਂ ਹਨ ਕਿ ਹੋਰ ਰਾਜਾਂ ਅਰਥਾਤ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਦੇ ਯਾਤਰੀਆਂ ਨੂੰ ਲੈ ਕੇ ਜਾਣ ਵਾਲੀਆਂ ਉਡਾਣਾਂ ਮੋਹਾਲੀ ਵਿਖੇ ਉਤਰ ਸਕਦੀਆਂ ਹਨ, ਜਦੋਂਕਿ ਜੰਮੂ-ਕਸ਼ਮੀਰ ਅਤੇ ਐੱਚ. ਪੀ. ਦੇ ਯਾਤਰੀ ਅੰਮ੍ਰਿਤਸਰ ਪਹੁੰਚ ਸਕਦੇ ਹਨ। ਜ਼ਿਲਾ ਪ੍ਰਸ਼ਾਸਨ ਨਾਲ ਸਲਾਹ ਮਸ਼ਵਰਾ ਕਰਨ ਅਤੇ ਆਉਣ ਵਾਲੇ ਯਾਤਰੀਆਂ ਨੂੰ ਸੰਭਾਲਣ ਦੀ ਯੋਗਤਾ ਅਤੇ ਸਹੀ ਸੰਸਥਾਗਤ ਕੁਆਰੰਟੀਨ ਨੂੰ ਯਕੀਨੀ ਬਣਾਉਣ ਤੋਂ ਬਾਅਦ ਉਡਾਣਾਂ ਦੀ ਆਮਦ ਦਾ ਵੱਖੋ-ਵੱਖ ਸਮਾਂ ਤੈਅ ਹੋ ਸਕਦਾ ਹੈ ਕਿ ਕਿਸੇ ਵੀ ਹਵਾਈ ਅੱਡੇ 'ਤੇ ਦਿਨ ਵਿਚ ਸਿਰਫ 2 ਉਡਾਣਾਂ ਹੀ ਹੋਣਗੀਆਂ। ਅਸਾਧਾਰਣ ਹਾਲਤਾਂ ਵਿਚ ਵਧੇਰੇ ਉਡਾਣਾਂ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਬੰਧਤ ਰਾਜ ਸਰਕਾਰਾਂ ਆਪਣੇ ਨੋਡਲ ਅਫਸਰਾਂ ਨੂੰ ਨਾਮਜ਼ਦ ਕਰ ਸਕਦੀਆਂ ਹਨ ਜਿਨ੍ਹਾਂ ਤੋਂ ਐੱਨ. ਓ. ਸੀ./ਇਜਾਜ਼ਤ ਮੰਗੀ ਜਾਣੀ ਹੈ ਅਤੇ ਜੋ ਆਪਣੇ ਯਾਤਰੀਆਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਇਕੱਤਰ ਕਰਨ/ਲਿਜਾਣ ਦੇ ਪ੍ਰਬੰਧ ਕਰਨ ਲਈ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਨੋਡਲ ਅਫਸਰਾਂ ਦੇ ਨਾਮ ਅਤੇ ਸੰਪਰਕ ਵੇਰਵਿਆਂ ਦੀ ਜਾਣਕਾਰੀ ਈਮੇਲ ਰਾਹੀਂ ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਦੇ ਦਫਤਰ ਨੂੰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਗਿਆ ਦੀ ਮਿਤੀ ਤੋਂ ਘੱਟੋ ਘੱਟ 2 ਦਿਨ ਪਹਿਲਾਂ ਆਗਿਆ ਦਿੱਤੀ ਜਾ ਸਕਦੀ ਹੈ। ਇਸ ਨਾਲ ਹਵਾਈ ਅੱਡੇ ਤੋਂ ਇਨ੍ਹਾਂ ਯਾਤਰੀਆਂ ਦੀ ਆਵਾਜਾਈ ਲਈ ਹੋਰ ਜ਼ਿਲਿਆਂ/ਹੋਰ ਰਾਜਾਂ ਨਾਲ ਤਾਲਮੇਲ ਦੀ ਸਹੂਲਤ ਮਿਲੇਗੀ। ਪੰਜਾਬ ਤੋਂ ਆਉਣ ਵਾਲੇ ਸਾਰੇ ਯਾਤਰੀ ਕੋਵਾ ਐਪ ਨੂੰ ਡਾਊਨਲੋਡ ਕਰਨਗੇ ਅਤੇ ਐਪ 'ਤੇ ਆਪਣੇ ਮੰਜ਼ਿਲ ਜ਼ਿਲਿਆਂ ਵਿਚ ਆਪਣੀ ਸੰਸਥਾਗਤ ਕੁਆਰੰਟੀਨ ਲਈ ਹੋਟਲਾਂ ਵਿਚ ਪਹਿਲਾਂ ਤੋਂ ਬੁਕਿੰਗ ਕਰਵਾਉਣੀਆਂ ਯਕੀਨੀ ਬਣਾਉਣਗੇ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਆਉਣ ਵਾਲੇ ਸਾਰੇ ਕੌਮਾਂਤਰੀ ਯਾਤਰੀ 7 ਦਿਨ ਤਕ ਸੰਸਥਾਗਤ ਕੁਆਰੰਟੀਨ ਵਿਚ ਜਾਣਗੇ ਅਤੇ ਉਸ ਪਿੱਛੋਂ 7 ਦਿਨਾਂ ਲਈ ਆਪਣੇ ਘਰਾਂ ਵਿਚ ਕੁਆਰੰਟੀਨ ਹੋਣਗੇ।

 


Deepak Kumar

Content Editor

Related News