ਮੋਹਾਲੀ ''ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 5 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ

Monday, Jun 08, 2020 - 10:14 PM (IST)

ਮੋਹਾਲੀ ''ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 5 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਮੋਹਾਲੀ, ਕੁਰਾਲੀ,(ਪ੍ਰਦੀਪ, ਬਠਲਾ): ਮੋਹਾਲੀ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਸਰਗਮਰੀਆਂ ਅਤੇ ਮੀਟਿੰਗਾਂ ਦਾ ਦੌਰ ਪਹਿਲਾਂ ਦੇ ਮੁਕਾਬਲੇ ਹੋਰ ਵੱਧ ਗਿਆ ਹੈ, ਉਥੇ ਅੱਜ ਮੋਹਾਲੀ ਵਿਚ 5 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ, ਜਿਸ ਨਾਲ ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 136 ਤਕ ਪੁੱਜ ਗਈ ਹੈ। ਡੀ. ਐੱਸ. ਪੀ. ਦਫਤਰ ਖਰੜ ਵਿਖੇ ਤਾਇਨਾਤ 20 ਸਾਲਾ ਕਾਂਸਟੇਬਲ ਮੁਲਾਜ਼ਮ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਕੋਰੋਨਾ ਵਾਇਰਸ ਨਾਲ ਪੀੜਤ ਇਸ ਮਰੀਜ਼ ਦੀ 42 ਸਾਲਾ ਮਾਤਾ, 39 ਸਾਲਾ ਅੰਕਲ ਦੋਵੇਂ ਵਾਸੀ ਕੁਰਾਲੀ ਜ਼ਿਲਾ ਮੋਹਾਲੀ ਅਤੇ 25 ਤੇ 28 ਸਾਲਾ ਉਮਰ ਦੇ ਦੋ ਉਸ ਦੇ ਦੋਸਤ ਵਾਸੀ ਨਿਹੋਲਕਾ (ਖਰੜ) ਜ਼ਿਲਾ ਮੋਹਾਲੀ ਦੇ ਸੈਂਪਲਾਂ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ, ਜਦਕਿ ਪੰਜਵਾਂ ਪਾਜ਼ੇਟਿਵ ਮਰੀਜ਼ ਮੋਹਾਲੀ ਦੇ ਸੈਕਟਰ-66 ਨਾਲ ਸਬੰਧਤ 34 ਸਾਲਾ ਵਿਅਕਤੀ ਹੈ। 
ਜ਼ਿਕਰਯੋਗ ਹੈ ਕਿ ਇਹ 34 ਸਾਲਾ ਵਿਅਕਤੀ ਮੁੰਬਈ ਤੋਂ ਆਪਣੇ ਦੋਸਤਾਂ ਨਾਲ ਵਾਪਸ ਪਰਤਿਆ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਪੰਜੇ ਪਾਜ਼ੇਟਿਵ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਵਿਖੇ ਸਿਫਟ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਸੈਕਟਰ-66 ਮੋਹਾਲੀ ਦੇ ਨਿਵਾਸੀ ਦੀ ਪਾਜ਼ੇਟਿਵ ਆਈ ਰਿਪੋਰਟ ਤੋਂ ਬਾਅਦ ਉਸ ਵਿਅਕਤੀ ਦੇ ਸੰਪਰਕ ਵਾਲੇ ਵਿਅਕਤੀ ਟਰੇਸ ਕੀਤੇ ਜਾ ਰਹੇ ਹਨ। ਜਿਹੜਾ ਕਿ ਸੈਕਟਰ-66 ਵਿਖੇ ਸਥਿਤ ਇਕ ਹਾਊਸਿੰਗ ਸੁਸਾਇਟੀ ਵਿਚ ਰਹਿੰਦਾ ਸੀ।

ਦੋ ਪਾਜ਼ੇਟਿਵ ਮਰੀਜ਼ ਹੋਏ ਤੰਦਰੁਸਤ ਮਿਲੀ ਹਸਪਤਾਲ ਤੋਂ ਛੁੱਟੀ
ਕੋਰੋਨਾ ਵਾਇਰਸ ਨਾਲ ਸਬੰਧਤ ਦੋ ਮਰੀਜ਼ਾਂ ਨੂੰ ਅੱਜ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਉਹ ਆਪਣੇ ਘਰ ਪਰਤ ਚੁੱਕੇ ਹਨ। ਇਨ੍ਹਾਂ ਵਿਚ ਇਕ ਔਰਤ ਨਿਵਾਸੀ ਸੈਕਟਰ-71 ਨਿਵਾਸੀ ਅਤੇ ਦੂਜਾ ਮਰੀਜ਼ ਸੈਕਟਰ-77 ਨਾਲ ਸਬੰਧਤ ਹੈ ਜੋ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਚੁੱਕਾ ਹੈ। ਇਥੇ ਇਹ ਗੱਲ ਵਰਣਨਯੋਗ ਹੈ ਕਿ ਮੋਹਾਲੀ ਜ਼ਿਲੇ ਵਿਚ ਹੁਣ ਤਕ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦੀ ਅੰਕੜਾ ਜਿਥੇ 136 ਤਕ ਪੁੱਜ ਚੁੱਕਾ ਹੈ ਉਥੇ ਨਾਲ ਹੀ ਇਨ੍ਹਾਂ 136 ਵਿਚੋਂ ਬਾਕੀ ਤੰਦਰੁਸਤ ਹੋ ਕੇ ਘਰ ਜਾ ਚੁੱਕੇ ਹਨ ਅਤੇ ਜ਼ਿਲੇ ਵਿਚ ਸਿਰਫ 23 ਕੇਸ ਐਕਟਿਵ ਰਹਿ ਗਏ ਹਨ।
 


author

Deepak Kumar

Content Editor

Related News