ਦੁਬਈ 'ਚ ਪੰਜਾਬ ਦੀ ਧੀ ਦੇ ਮਾਮਲੇ 'ਚ ਹੈਰਾਨੀਜਨਕ ਖੁਲਾਸਾ
Saturday, Mar 14, 2020 - 09:35 AM (IST)
ਮੋਗਾ (ਗੋਪੀ ਰਾਊਕੇ) : 6 ਮਹੀਨੇ ਪਹਿਲਾਂ ਦੁਬਈ ਗਈ ਲੜਕੀ ਨਾਲ ਸੰਪਰਕ ਟੁੱਟਣ ਮਗਰੋਂ ਪਰਿਵਾਰ ਬੇਹੱਦ ਪ੍ਰੇਸ਼ਾਨੀ ਦੇ ਆਲਮ 'ਚੋਂ ਲੰਘ ਰਿਹਾ ਹੈ। ਸਾਬਕਾ ਮੰਤਰੀ ਜਥੇ. ਤੋਤਾ ਸਿੰਘ ਦੇ ਘਰ ਲੜਕੀ ਕਿਰਨਦੀਪ ਕੌਰ ਦੇ ਪਿਤਾ ਸਤਨਾਮ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਦਾ ਹੈ ਅਤੇ ਘਰ ਦੀ ਆਰਥਕ ਹਾਲਤ ਠੀਕ ਨਾ ਹੋਣ ਕਰ ਕੇ ਉਸ ਨੇ ਅੰਮ੍ਰਿਤਸਰ ਦੇ ਇਕ ਏਜੰਟ ਰਾਹੀਂ ਆਪਣੀ ਲੜਕੀ ਨੂੰ ਦੁਬਈ ਭੇਜਿਆ ਸੀ ਪਰ ਕੁਝ ਸਮੇਂ ਬਾਅਦ ਹੀ ਪਰਿਵਾਰ ਉਦੋਂ ਪ੍ਰੇਸ਼ਾਨੀ ਦੇ ਆਲਮ 'ਚ ਡੁੱਬ ਗਿਆ, ਜਦੋਂ ਲੜਕੀ ਨਾਲ ਪਰਿਵਾਰ ਦਾ ਸੰਪਰਕ ਹੀ ਟੁੱਟ ਗਿਆ।
ਇਹ ਵੀ ਪੜ੍ਹੋ : ਦੁਬਈ 'ਚ ਫਸੀ ਪੰਜਾਬ ਦੀ ਇਕ ਹੋਰ ਧੀ
ਇਸ ਮਗਰੋਂ ਉਨ੍ਹਾਂ ਸਾਰਾ ਮਾਮਲਾ ਜਥੇ. ਤੋਤਾ ਸਿੰਘ ਦੇ ਧਿਆਨ 'ਚ ਲਿਆਂਦਾ, ਜਿਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਰਾਹੀਂ ਦੁਬਈ ਵਿਖੇ ਸੰਪਰਕ ਕਰ ਕੇ ਲੜਕੀ ਦਾ ਪਤਾ ਲਾਇਆ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਲੜਕੀ ਨੂੰ ਇਕ ਘਰ 'ਚ 'ਬੰਦੀ' ਬਣਾ ਕੇ ਰੱਖਿਆ ਗਿਆ ਹੈ। ਕੇਂਦਰੀ ਮੰਤਰੀ ਦੇ ਯਤਨਾਂ ਮਗਰੋਂ ਲੜਕੀ ਨੂੰ ਹੁਣ ਭਾਰਤੀ ਅੰਬੈਸੀ ਦੇ ਹਵਾਲੇ ਕੀਤਾ ਗਿਆ ਹੈ। ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਲੜਕੀ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਜਲਦੀ ਹੀ ਕਾਨੂੰਨੀ ਕਾਰਵਾਈ ਪੂਰੀ ਹੋਣ ਮਗਰੋਂ ਉਹ ਭਾਰਤ ਆਪਣੇ ਮਾਪਿਆਂ ਕੋਲ ਪੁੱਜੇਗੀ। ਪੀੜਤ ਪਰਿਵਾਰ ਨੇ ਸਾਬਕਾ ਮੰਤਰੀ ਜਥੇ. ਤੋਤਾ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ।