ਮੋਗਾ ''ਚ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਪੈਣ ਲੱਗਾ ''ਰੱਫੜ''
Sunday, Jul 05, 2020 - 03:24 PM (IST)

ਮੋਗਾ (ਗੋਪੀ ਰਾਉੂਕੇ) : ਇਕ ਪਾਸੇ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜੱਥੇਬੰਧਕ ਢਾਂਚੇ ਦਾ ਬਹੁਤ ਜਲਦ ਐਲਾਨ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਮੋਗਾ ’ਚ ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨਗੀ ਲੈ ਕੇ ਕਾਂਗਰਸੀਆਂ ’ਚ ‘ਰੱਫੜ’ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਕਿਉਂਕਿ ਟਕਸਾਲੀ ਕਾਂਗਰਸੀਆ ਦਾ ਮੰਨਣਾ ਹੈ ਕਿ ਜ਼ਿਲ੍ਹੇ ਦੀ ਕਮਾਂਡ ਕਿਸੇ ਟਕਸਾਲੀ ਕਾਂਗਰਸੀ ਨੂੰ ਹੀ ਸੌਂਪੀ ਜਾਵੇ ਨਾ ਕਿ ਕਿਸੇ ਹੋਰ ਵਿਅਕਤੀ ਨੂੰ ਪ੍ਰਧਾਨ ਬਣਾਇਆ ਜਾਵੇ।
ਇਹ ਵੀ ਪੜ੍ਹੋ : ਅੱਗ ਵਰ੍ਹਾਉਂਦੀ ਗਰਮੀ ਤੋਂ ਲੋਕਾਂ ਨੇ ਲਿਆ ਸੁੱਖ ਦਾ ਸਾਹ, ਤੇਜ਼ ਹਨ੍ਹੇਰੀ ਨਾਲ ਪਿਆ ਮੀਂਹ
ਇਸ ਸਬੰਧੀ ਕਾਂਗਰਸ ਹਾਈਕਮਾਂਡ ਨੂੰ ਪੱਤਰ ਲਿਖਣ ਮਗਰੋਂ ਇੱਥੇ ਗੱਲਬਾਤ ਕਰਦਿਆਂ ਜ਼ਿਲ੍ਹਾ ਕਾਂਗਰਸ ਮੋਗਾ ਦੇ ਮੀਤ ਪ੍ਰਧਾਨਾਂ ਤੇ ਟਰੱਕ ਯੂਨੀਅਨ ਬੱਧਣੀ ਕਲਾਂ ਦੇ ਨੁਮਾਇੰਦਿਆਂ ਜਸਵੰਤ ਸਿੰਘ ਪੱਪੀ ਰਾਊਕੇ ਕਲਾਂ ਅਤੇ ਸੁਰਜੀਤ ਸਿੰਘ ਮੀਤਾ ਰਣੀਆ ਨੇ ਕਿਹਾ ਕਿ 10 ਵਰ੍ਹੇ ਜਦੋਂ ਅਕਾਲੀ ਹਕੂਮਤ ਦੇ ਹੁੰਦਿਆਂ ਕਾਂਗਰਸ ਪਾਰਟੀ ਦਾ ਕੋਈ ਨਾਮ ਲੈਣ ਨੂੰ ਤਿਆਰ ਨਹੀਂ ਹੁੰਦਾ ਸੀ, ਉਦੋਂ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਔਖੇ ਵੇਲੇ ਕਾਂਗਰਸ ਦਾ ਮੋਗਾ ਜ਼ਿਲ੍ਹੇ ’ਚ ਝੰਡਾ ਚੁੱਕੀ ਰੱਖਿਆ ਪਰ ਸਰਕਾਰ ਬਦਲਣ ਮਗਰੋਂ ਪਾਰਟੀਆਂ ਨਾਲ ਸਮੇਂ-ਸਮੇਂ ’ਤੇ ਨਾ ਖੜ੍ਹਨ ਵਾਲੇ ਆਗੂਆਂ ਦੀ ਵੀ ਚਾਂਦੀ ਬਣਨੀ ਸ਼ੁਰੂ ਹੋ ਗਈ, ਜਿਸ ਨਾਲ ਜ਼ਿਲ੍ਹੇ ਦੇ ਟਕਸਾਲੀ ਆਗੂ ਅੰਦਰੋਂ-ਅੰਦਰੀਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਜ਼ਿਲ੍ਹੇ 'ਚ ਕਾਂਗਰਸ ਪਾਰਟੀ ਨੇ ਪ੍ਰਧਾਨ ਦੀ ਨਿਯੁਕਤੀ ਕਰਨੀ ਹੈ ਤਾਂ ਇਸ ਵੇਲੇ ਵੀ ਦਰਸ਼ਨ ਸਿੰਘ ਬਰਾੜ ਵਰਗੇ ਨਿਧੜਕ ਆਗੂ ਨੂੰ ਹੀ ਮੂਹਰੇ ਲਾਇਆ ਜਾਵੇ, ਕਿਉਂਕਿ 2022 ਦੀਆਂ ਚੋਣਾਂ 'ਚ ਜ਼ਿਲ੍ਹੇ 'ਚੋਂ ਕਾਂਗਰਸ ਦੀ ਜਿੱਤ ਬਰਾੜ ਵਰਗੇ ਧੜੱਲੇਦਾਰ ਲੀਡਰ ਹੀ ਕਰਵਾ ਸਕਦੇ ਹਨ। ਇਸ ਮੌਕੇ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਬੇਕਾਬੂ ਹੋਇਆ 'ਕੋਰੋਨਾ', ਪੀੜਤਾਂ ਦੀ ਗਿਣਤੀ 1000 ਤੋਂ ਪਾਰ