ਮਾਮਲਾ ਮੋਗਾ ’ਚ ਹੋਏ ਕਤਲ ਦਾ: ਹੌਲਦਾਰ ਬਲਵੀਰ ਸਿੰਘ ’ਤੇ ਡਿੱਗੀ ਗਾਜ਼

Wednesday, Feb 19, 2020 - 10:11 AM (IST)

ਮਾਮਲਾ ਮੋਗਾ ’ਚ ਹੋਏ ਕਤਲ ਦਾ: ਹੌਲਦਾਰ ਬਲਵੀਰ ਸਿੰਘ ’ਤੇ ਡਿੱਗੀ ਗਾਜ਼

ਮੋਗਾ (ਆਜ਼ਾਦ) - ਪਿੰਡ ਸੈਦਪੁਰ ਜਲਾਲ ’ਚ ਸਰਕਾਰੀ ਏ. ਕੇ. 47 ਨਾਲ ਪਤਨੀ ਸਣੇ 4 ਲੋਕਾਂ ਦੀ ਹੱਤਿਆ ਕਰਨ ਵਾਲੇ ਹੌਲਦਾਰ ਕੁਲਵਿੰਦਰ ਸਿੰਘ ਨੂੰ ਸਵੇਰੇ ਰਾਈਫਲ ਦੇਣ ਵਾਲੇ ਇੰਚਾਰਜ ਕੁਆਰਟਰ ਗਾਰਡ ਹੌਲਦਾਰ ਬਲਵੀਰ ਸਿੰਘ ’ਤੇ ਪੁਲਸ ਦੀ ਗਾਜ਼ ਡਿੱਗੀ ਹੈ। ਜ਼ਿਲਾ ਪੁਲਸ ਮੁਖੀ ਹਰਮਨਵੀਰ ਸਿੰਘ ਗਿੱਲ ਦੇ ਆਦੇਸ਼ਾਂ ਉਪਰੰਡ ਡੀ. ਐੱਸ. ਪੀ. ਕੁਲਜਿੰਦਰ ਸਿੰਘ ਨੇ ਕੁਆਰਟਰ ਗਾਰਡ ਇੰਚਾਰਜ ਹੌਲਦਾਰ ਬਲਵੀਰ ਸਿੰਘ ਨੂੰ ਸਸਪੈਂਡ ਕਰਨ ਦੇ ਆਦੇਸ਼ਾਂ ਦੀ ਪੁਸ਼ਟੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਪੁਲਸ ਨੇ ਇਸ ਮਾਮਲੇ ’ਚ ਪਹਿਲਾਂ ਹੌਲਦਾਰ ਬਲਵੀਰ ਸਿੰਘ ’ਤੇ ਸਰਕਾਰੀ ਰਾਈਫਲ ਬਿਨਾਂ ਪੁੱਛਗਿੱਛ ਕੀਤੇ ਦੇਣ ਦੀ ਕੋਈ ਕਾਰਵਾਈ ਨਹੀਂ ਕੀਤੀ ਸੀ ਅਤੇ ਹੌਲਦਾਰ ਕੁਲਵਿੰਦਰ ਸਿੰਘ ਦੇ ਬਿਆਨਾਂ ’ਤੇ ਇਹ ਮਾਮਲਾ ਦਰਜ ਕੀਤਾ ਸੀ ਕਿ ਹੌਲਦਾਰ ਬਲਵੀਰ ਦੇ ਨਹਾਉਣ ਕਾਰਣ ਕੁਲਵਿੰਦਰ ਸਿੰਘ ਸਰਕਾਰੀ ਏ. ਕੇ. 47 ਬਿਨਾਂ ਕਾਰਣ ਦੱਸੇ ਚੋਰੀ ਕਰ ਕੇ ਲੈ ਗਿਆ। ਮਾਮਲਾ ਮੀਡੀਆ ’ਚ ਕਾਫੀ ਚਰਚਿਤ ਹੋਣ ਉਪਰੰਤ ਪੁਲਸ ਨੇ ਹੁਣ ਇਸ ਮਾਮਲੇ ’ਚ ਲਾਪ੍ਰਵਾਹੀ ਕਰਨ ਦੇ ਦੋਸ਼ਾਂ ਤਹਿਤ ਹੌਲਦਾਰ ਬਲਵੀਰ ਸਿੰਘ ਨੂੰ ਸਸਪੈਂਡ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਡੀ. ਐੱਸ. ਪੀ. ਕੁਲਜਿੰਦਰ ਸਿੰਘ ਨੇ ਕਿਹਾ ਕਿ ਜ਼ਿਲਾ ਪੁਲਸ ਮੁਖੀ ਦੀ ਅਗਵਾਈ ’ਚ ਪੁਲਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਇਸ ਮਾਮਲੇ ’ਚ ਜ਼ਖਮੀ ਹੋਣ ਵਾਲੀ ਬੱਚੀ ਜਸ਼ਨਦੀਪ ਕੌਰ ਦੀ ਹਾਲਤ ਠੀਕ ਹੈ ਅਤੇ ਉਸ ਨੂੰ ਬੀਤੇ ਦਿਨ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।


author

rajwinder kaur

Content Editor

Related News