ਕਾਂਗਰਸ ਦੇ ਇਸ਼ਾਰੇ ’ਤੇ ਨਹੀਂ ਦਿੱਤੀ ਪ੍ਰਸ਼ਾਸਨ ਨੇ ਰੋਸ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ : ਪਿੰਟੂ, ਦਾਤੇਵਾਲ, ਗਗਡ਼ਾ
Monday, Mar 18, 2019 - 04:18 AM (IST)

ਮੋਗਾ (ਗਾਂਧੀ, ਗਰੋਵਰ, ਸੰਜੀਵ)-ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ’ਚ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅਕਾਲੀ-ਭਾਜਪਾ ਵਰਕਰਾਂ ਵਲੋਂ ਜੋ ਕਾਂਗਰਸ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਾ ਸੀ, ਉਹ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਉਸ ਰੋਸ ਪ੍ਰਦਰਸ਼ਨ ਲਈ ਪ੍ਰਸ਼ਾਸਨ ਨੇ ਮਨਜ਼ੂਰੀ ਨਾ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਬੁਖਲਾਹਟ ’ਚ ਹੈ ਅਤੇ ਜੋ ਉਨ੍ਹਾਂ ਨੇ ਸਰਕਾਰ ਸੱਤਾ ’ਚ ਆਉਣ ਲਈ ਪੰਜਾਬ ਦੀ ਭੋਲੀ-ਭਾਲੀ ਜਨਤਾ ਨਾਲ ਵਾਅਦੇ ਕੀਤੇ ਸਨ, ਉਸ ਤੋਂ ਭੱਜ ਰਹੇ ਹਨ। ਅਕਾਲੀ-ਭਾਜਪਾ ਵਰਕਰਾਂ ਵਲੋਂ ਇਹ ਦਿਨ ਵਿਸ਼ਵਾਸਘਾਤ ਦਿਵਸ ਦੇ ਤੌਰ ’ਤੇ ਮਨਾਇਆ ਗਿਆ ਹੈ, ਉਕਤ ਗੱਲਾਂ ਦਾ ਪ੍ਰਗਟਾਵਾ ਕਸਬਾ ਕੋਟ ਈਸੇ ਖਾਂ ਦੇ ਨਗਰ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ, ਸਾਬਕਾ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਦਾਤੇਵਾਲ ਅਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਗਗਡ਼ਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾ ’ਚ ਆਉਣ ਲਈ ਕਿਸਾਨ ਕਰਜ਼ਾ ਮੁਆਫੀ, ਸ਼ਗਨ ਸਕੀਮ 21000 ਤੋਂ ਵਧਾ ਕੇ 51000 ਕਰਨਾ, ਬੁਢਾਪਾ ਪੈਨਸ਼ਨ ’ਚ ਵਾਧਾ ਕਰਨਾ, ਬੇਰੁਜ਼ਗਾਰੀ ਭੱਤਾ, ਨੌਕਰੀਆਂ, ਸਮਾਰਟਫੋਨ ਆਦਿ ਜਿਹੇ ਕਈ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਪਰ 2 ਸਾਲ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਦੀਆਂ ਹਵਾਈ ਗੱਲਾਂ ਸਿਰਫ ਹਵਾ ’ਚ ਹੀ ਰਹਿ ਗਈਆਂ। ਹੁਣ ਲੋਕ ਸਭਾ ਚੋਣਾਂ ਆਉਣ ’ਤੇ ਕਾਂਗਰਸ ਵਲੋਂ ਫਿਰ ਤੋਂ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਉਹੀ ਸਬਜ਼ਬਾਗ ਦਿਖਾਏ ਜਾ ਰਹੇ ਹਨ ਪਰ ਹੁਣ ਲੋਕ ਇਨ੍ਹਾਂ ਦੀਆਂ ਗੱਲਾਂ ’ਚ ਆਉਣ ਵਾਲੇ ਨਹੀਂ। ਦੋ ਸਾਲਾਂ ’ਚ ਹੀ ਮੌਜੂਦਾ ਸਰਕਾਰ ਨੇ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ ਅਤੇ ਹੁਣ ਪੰਜਾਬ ਦੇ ਲੋਕ ਵੀ ਇਹ ਸਮਝ ਗਏ ਹਨ ਕਿ ਸਿਰਫ ਸੱਤਾ ’ਚ ਆਉਣ ਲਈ ਹੀ ਕਾਂਗਰਸ ਨੇ ਸਾਡਾ ਇਸਤੇਮਾਲ ਕੀਤਾ ਸੀ।ਇਸ ਲਈ ਲੋਕ ਹੁਣ ਲੋਕ ਸਭਾ ਚੋਣਾਂ ’ਚ ਕਾਂਗਰਸ ਸਰਕਾਰ ਵਿਰੁੱਧ ਲਾਮਬੰਦ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਸਬਕ ਜ਼ਰੂਰ ਸਿਖਾਉਣਗੇ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਸਾਨੂੰ ਰੋਸ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ, ਪਰ ਸਰਕਾਰ ਦਾ ਅਸਲੀ ਚਿਹਰਾ ਲੋਕਾਂ ’ਚ ਆ ਗਿਆ ਹੈ। ਪੰਜਾਬ ਦੀ ਜਨਤਾ ਨਾਲ ਕੀਤੀ ਵਾਅਦਾ ਖਿਲਾਫੀ ਦਾ ਹਰਜਾਨਾ ਇਨ੍ਹਾਂ ਚੋਣਾਂ ’ਚ ਹੀ ਸਰਕਾਰ ਨੂੰ ਭੁਗਤਣਾ ਪਵੇਗਾ। ਇਸ ਸਮੇਂ ਉਨ੍ਹਾਂ ਨਾਲ ਰਣਜੀਤ ਸਿੰਘ ਰਾਣਾ ਮਸੀਤਾਂ, ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਗੁਰਪ੍ਰੀਤ ਭੁੱਲਰ, ਜਸਵੀਰ ਰਾਜਪੂਤ, ਸੁਰਜੀਤ ਸਿੰਘ, ਯੂਥ ਆਗੂ ਅਮਨ ਗਾਬਾ ਆਦਿ ਹਾਜ਼ਰ ਸਨ।