ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

Friday, Mar 01, 2019 - 03:50 AM (IST)

ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਮੋਗਾ (ਗੋਪੀ ਰਾਊਕੇ)-ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਸ਼ਹਿਰ ’ਚ ਵਿਲੱਖਣ ਨਾਮ ਸਥਾਪਿਤ ਕਰ ਚੁੱਕੀ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ’ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਉਚੇਚੇ ਤੌਰ ’ਤੇ ਪੁੱਜੇ। ਸ਼ੁਰੂਆਤ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਅਤੇ ਵਾਇਸ ਪ੍ਰਿੰਸੀਪਲ ਮੈਡਮ ਗੁਰਸ਼ਰਨ ਕੌਰ ਵਲੋਂ ਸਾਂਝੇ ਤੌਰ ’ਤੇ ਕੀਤੀ। ਸੰਸਥਾ ਦੇ ਵਿਦਿਆਰਥੀਆਂ ਨੇ ਸਕੂਲ ਨਾਲ ਜੁਡ਼ੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਸਕੂਲ ਨੇ ਸਿਰਫ ਸਾਨੂੰ ਪਡ਼੍ਹਾਈ ਅਤੇ ਖੇਡਾਂ ਸਮੇਤ ਸੱਭਿਆਚਾਰਕ ਗਤੀਵਿਧੀਆ ’ਚ ਅੱਗੇ ਵੱਧਣ ਲਈ ਚੰਗਾ ਪਲੇਟਫਾਰਮ ਹੀ ਮੁਹੱਈਆ ਨਹੀਂ ਕਰਵਾਇਆ ਸਗੋਂ ਉਨ੍ਹਾਂ ਨੂੰ ਚੰਗੇ ਗੁਣਾ ਦਾ ਧਾਰਨੀ ਬਨਣ ਦੀ ਸਿੱਖਿਆ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਕੂਲ ਮੈਨੇਜਮੈਂਟ ਅਤੇ ਸਟਾਫ ਨੇ ਸੰਸਥਾ ਅੰਦਰ ਇੰਨਾ ਚੰਗਾ ਮਾਹੌਲ ਬਣਾਇਆ ਹੋਇਆ ਹੈ, ਜਿਸ ਨਾਲ ਲੰਮਾ ਸਮਾਂ ਪਤਾ ਨਹੀਂ ਕਦੋਂ ਨਿਕਲ ਗਿਆ। ਉਨ੍ਹਾਂ ਕਿਹਾ ਕਿ ਉਹ ਉੱਚ ਵਿਦਿਆ ਲਈ ਭਾਵੇਂ ਦੁਨੀਆਂ ’ਚ ਕਿੱਧਰੇ ਚਲੇ ਜਾਣ ਪਰ ਬੀ. ਬੀ. ਐੱਸ. ਸਕੂਲ ਚੇਤਿਆ ’ਚ ਵਸਿਆ ਰਹੇਗਾ। ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਆਏ ਹੋਏ ਸਟਾਫ ਉਤੇ ਗੀਤਾਂ ਰਾਹੀਂ ਕਮੈਂਟ ਲਾਏ ਅਤੇ ਗੁਲਾਬ ਦੇ ਫੁੱਲ ਅਤੇ ਕਾਰਡ ਦੇ ਕੇ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅਧਿਆਪਕਾਂ ਉਤੇ ਮਾਣ ਹੈ, ਜਿਨ੍ਹਾਂ ਨੇ ਸਾਡੇ ਵਰਗੇ ਬੱਚਿਆਂ ਨੂੰ ਮਿਹਨਤ, ਲਗਨ ਅਤੇ ਪਿਆਰ ਨਾਲ ਇੱਥੋਂ ਤੱਕ ਲਿਆਂਦਾ। ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੰਸਥਾ ’ਚ ਜਿਥੇ ਪਡ਼੍ਹਾਈ ਦਾ ਸਵਾਲ ਹੈ, ਉਥੇ ਹੀ ਹੋਰ ਸਾਰੀਆਂ ਅਗਾਂਹਵਧੂ ਗਤੀਵਿਧੀਆਂ ’ਚ ਪੂਰਾ ਸਹਿਯੋਗ ਦੇਣ ਅਤੇ ਹਰੇਕ ਲੋਡ਼ੀਂਦੀ ਸਹੂਲਤ ਮੁਹੱਈਆ ਕੀਤੀ ਹੈ। ਉਹ ਬੀ. ਬੀ. ਐੱਸ. ਦੀਆਂ ਬਹੁਤ ਹੀ ਨਿੱਘੀਆਂ ਤੇ ਮਿੱਠੀਆਂ ਯਾਦਾਂ ਲੈ ਕੇ ਜਾ ਰਹੇ ਹਨ। ਇਸ ਉਪਰੰਤ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਤੇ ਪ੍ਰਿੰਸੀਪਲ ਵਲੋਂ ਸਾਂਝੇ ਤੌਰ ’ਤੇ ਬਾਰਵੀਂ ਦੇ ਬੱਚਿਆਂ ਨੂੰ ਸੰਸਥਾ ਨਾਲ ਸਬੰਧਤ ਅਤੇ ਹੋਰ ਜਨਰਲ ਨਾਲਜ ਦੇ ਪ੍ਰਸ਼ਨ ਪੁੱਛੇ ਗਏ। ਉਨ੍ਹਾਂ ਨੂੰ ਪ੍ਰਸ਼ਨਾਂ ਦੇ ਪੁਆਇੰਟ ਦਿੱਤੇ ਗਏ, ਜਿਨ੍ਹਾਂ ਦੇ ਆਧਾਰ ਉਤੇ ਉਨ੍ਹਾਂ ਨੇ ਬੱਚਿਆਂ ’ਚੋਂ ਮਿਸ ਬੀ. ਬੀ. ਐੱਸ. ਅਤੇ ਮਿਸਟਰ ਬੀ. ਬੀ. ਐੱਸ. ਕੱਢੇ। ਇਨ੍ਹਾਂ ਸਾਰੇ ਪੁਆਇੰਟਾਂ ਅਤੇ ਸਾਰੇ ਸਾਲ ਦਾ ਸਕੂਲ ਰਿਕਾਰਡ, ਉਨ੍ਹਾਂ ਦਾ ਵਿਵਹਾਰ ਆਦਿ ਮਿਲਾ ਕੇ ਕੁਲਰਾਜਪ੍ਰੀਤ ਕੌਰ ਮਿਸ ਬੀ. ਬੀ. ਐੱਸ. ਅਤੇ ਸਹਿਬਾਜ ਸਿੰਘ ਮਿਸਟਰ ਬੀ. ਬੀ. ਐੱਸ. ਐਲਾਨੇ ਗਏ, ਉਨ੍ਹਾਂ ਨੂੰ ਪ੍ਰਬੰਧਕੀ ਕਮੇਟੀ ਵਲੋਂ ਮਿਸ ਬੀ. ਬੀ. ਐੱਸ. ਨੂੰ ਮੁਕਟ ਅਤੇ ਮਿਸਟਰ ਬੀ. ਬੀ. ਐੱਸ. ਦਾ ਬਰੋਚ ਲਾ ਕੇ ਸਨਮਾਨਤ ਕੀਤਾ ਗਿਆ। ਇਸ ਉਪਰੰਤ ਬੱਚਿਆਂ ਨੂੰ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵਲੋਂ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ ਅਤੇ ਭਵਿੱਖ ’ਚ ਹੋਰ ਅੱਗੇ ਵੱਧਣ ਲਈ ਅਤੇ ਚੰਗੇਰੇ ਭਵਿੱਖ ਲਈ ਕਾਮਨਾ ਕੀਤੀ।

Related News